ਸੀ ਪੀ ਆਈ ਮਾਲੇ ਵਲੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਇਨਕਲਾਬੀ ਬਦਲ ਉਸਾਰਨ ਦਾ ਸੱਦਾ

ਇਨਕਲਾਬੀ ਨਾਟਕਾਂ ਦੀ ਕੀਤੀ ਪੇਸ਼ਕਾਰੀ
ਨਵਾਂਸ਼ਹਿਰ 23 ਮiਰਚ : - ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊਡੈਮੋਕ੍ਰੇਸੀ ਵਲੋਂ ਖਟਕੜ ਕਲਾਂ ਵਿਖੇ ਸਿਆਸੀ ਕਾਨਫਰੰਸ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਸ਼ਹੀਦ ਭਗਤ ਸਿੰਘ ਦੇ ਬੁਤ ਤੇ ਫੁੱਲ ਪੱਤੀਆਂ ਭੇਟ ਕਰਨ ਉਪਰੰਤ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਲੋਕਾਂ ਨੂੰ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ।ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ,ਜਿਲਾ ਆਗੂਆਂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ  ਨੇ ਕਿਹਾ ਕਿ ਦੇਸ਼ ਦੇ ਨੇਤਾਵਾਂ ਦੇ ਚਿਹਰੇ ਬਦਲਣ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਇਸਦੇ ਲਈ ਬਰਾਬਰਤਾ ਵਾਲਾ ਨਵਾਂ ਸਿਆਸੀ -ਆਰਥਿਕ ਢਾਂਚਾ ਉਸਾਰਨ ਲਈ ਇਨਕਲਾਬ ਕਰਨਾ ਪਵੇਗਾ ।ਸ਼ਹੀਦ ਭਗਤ ਸਿੰਘ ਦੀ ਸੋਚ ਅਨੁਸਾਰ ਭਾਰਤ ਵਿਚੋਂ ਸਾਮਰਾਜੀਆਂ ਦੀ ਦਖਲਅੰਦਾਜ਼ੀ ਪੂਰੀ ਤਰ੍ਹਾਂ ਖਤਮ ਕਰਨੀ ਹੋਵੇਗੀ।ਭਗਤ ਸਿੰਘ ਨੇ ਇਨਕਲਾਬ ਜਿੰਦਾਬਾਦ ਦੇ ਨਾਲ ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਲਾਇਆ ਸੀ।ਆਗੂਆਂ ਨੇ ਕਿਹਾ ਕਿ ਹਾਕਮਾਂ ਵਲੋਂ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ ਆਰ ਅੰਬੇਡਕਰ ਨੂੰ ਹਾਈ ਜੈਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਦਕਿ ਸਰਕਾਰਾਂ ਦੀਆਂ ਨੀਤੀਆਂ ਵਿਚ ਇਹਨਾਂ ਦੀ ਸੋਚ ਕਿਧਰੇ ਵੀ ਨਜਰ ਨਹੀਂ ਆਉਂਦੀ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਫਾਸ਼ਵਾਦੀ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਸਰਕਾਰ ਹੈ ਜੋ ਇਕ ਤੋਂ ਬਾਅਦ ਇਕ ਸਰਕਾਰੀ ਅਦਾਰੇ ਵੇਚ ਰਹੀ ਹੈ। ਇਹ ਸਰਕਾਰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਵਿਰੋਧੀ ਸਰਕਾਰ ਹੈ।ਮੋਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਰੋਲਣ ਦਾ ਕੰਮ ਕਰ ਰਹੀ ਹੈ। ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਿਚ ਤਾਜਾ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਗੱਲਾਂ ਦਾ ਕੜਾਹ ਬਣਾ ਰਹੀ ਹੈ।ਆਪ  ਪੰਜਾਬ ਵਲੋਂ ਰਾਜ ਸਭਾ ਵਿਚ ਭੇਜੇ ਗਏ ਮੈਂਬਰਾਂ ਤੋਂ ਕਾਫੀ ਕੁਝ ਸਪੱਸ਼ਟ ਹੋ ਗਿਆ ਹੈ।ਇਕ ਨਿੱਜੀ ਯੂਨੀਵਰਸਿਟੀ ਦੇ ਮਾਲਕ ਅਤੇ ਇਕ ਕੈਂਸਰ ਹਸਪਤਾਲ ਦੇ ਮਾਲਕ ਅਤੇ ਸਨਅਤਕਾਰ ਨੂੰ ਰਾਜ ਸਭਾ ਵਿਚ ਭੇਜਿਆ ਗਿਆ ਹੈ ਇਹ ਦੋਵੇਂ ਨੁਮਾਇੰਦੇ ਸਿੱਖਿਆ ਅਤੇ ਸਿਹਤ ਦੇ ਵਿਰੋਧੀ ਹਨ।ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਆਜਾਦੀ ਦੀ ਇਕ ਹੋਰ ਲੜਾਈ ਲੜਨੀ ਪਵੇਗੀ। ਇਸ ਕਾਨਫਰੰਸ   ਨੂੰ ਗੁਰਬਖਸ਼ ਕੌਰ ਸੰਘਾ, ਹਰੀ ਰਾਮ ਰਸੂਲਪੁਰੀ ਅਤੇ ਸ਼ਹੀਦ ਭਗਤ ਸਿੰਘ ਦੇ ਦੋਸਤ ਅਮਰਚੰਦ ਦੇ ਬੇਟੇ ਰਜਿੰਦਰ ਲਖਣਪਾਲ ਜਾਡਲਾ ਨੇ ਵੀ ਸੰਬੋਧਨ ਕੀਤਾ।  ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਵਲੋਂ ਆਜਾਦੀ, ਦੁੱਲਾ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।
ਕੈਪਸ਼ਨ: ਸੀ ਪੀ ਆਈ ਐਮ ਐਲ ਵਲੋਂ ਖਟਕੜ ਕਲਾਂ ਵਿਖੇ ਕੀਤੀ ਸਿਆਸੀ ਕਾਨਫਰੰਸ ਦੀਆਂ ਤਸਵੀਰਾਂ।