ਕਿਸੇ ਵੀ ਦਫਤਰ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਹਰਭਜਨ ਸਿੰਘ

ਲੋਕਾਂ ਦੀਆਂ ਆਸਾਂ-ਉਮੀਦਾਂ ਪੂਰੀਆਂ ਕਰਨ ਲਈ ਕਰਮਚਾਰੀ ਸਰਕਾਰ ਦਾ ਸਾਥ ਦੇਣ
ਸ੍ਰੀ ਦਰਬਾਰ ਸਾਹਿਬ ਅਤੇ ਭਗਵਾਨ ਵਾਲਮੀਕ ਤੀਰਥ ਵਿਖੇ ਪਹੁੰਚ ਕੇ ਲਿਆ ਅਸ਼ੀਰਵਾਦ
ਅੰਮ੍ਰਿਤਸਰ, 24 ਮਾਰਚ:- ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਬਣਨ ਮਗਰੋਂ
ਪਹਿਲੀ ਵਾਰ ਆਪਣੇ ਜਿਲ੍ਹੇ ਵਿਚ ਪੁੱਜੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ
ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਸਰਕਾਰ ਕਿਸੇ ਵੀ
ਦਫਤਰ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਕੱਲ ਸਰਦਾਰ ਭਗਤ ਸਿੰਘ
ਹੁਰਾਂ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਪੰਜਾਬ ਨੇ ਇਸ ਕੋਹੜ ਨੂੰ ਖਤਮ ਕਰਨ ਦੀ
ਰਸਮੀ ਸ਼ੁਰੂਆਤ ਵੱਟਸਐਪ ਨੰਬਰ ਸ਼ੁਰੂ ਕਰਕੇ ਕਰ ਦਿੱਤੀ ਹੈ, ਜਿਸ ਨੂੰ ਅੰਜ਼ਾਮ ਤੱਕ
ਪਹੁੰਚਾਉਣਾ ਤੁਹਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ
ਉਹ ਕਿਸੇ ਵੀ ਤਰਾਂ ਦੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਫੋਨ ਨੰਬਰ 9501200200 ਉਤੇ ਦੇਣ,
ਤਾਂ ਜੋ ਰਾਜ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾ ਸਕੇ।

ਸ. ਹਰਭਜਨ ਸਿੰਘ ਨੇ ਕਿਹਾ ਕਿ ਮੈਂ ਖ਼ੁਦ ਸਰਕਾਰੀ ਵਿਭਾਗ ਵਿਚ ਸੇਵਾ ਕਰਦਾ ਰਿਹਾ
ਹਾਂ, ਜਿਸ ਕਾਰਨ ਮੈਨੂੰ ਤੁਹਾਡੀਆਂ ਲੋੋੜਾਂ, ਸਮੱਸਿਆਵਾਂ ਦਾ ਵੀ ਬਾਖੂਬੀ ਪਤਾ ਹੈ, ਇਸ
ਲਈ ਮੇਰੇ ਵੱਲੋਂ ਤੁਹਾਡੇ ਉਤੇ ਕੋਈ ਦਬਾਅ ਨਹੀਂ ਰਹੇਗਾ ਅਤੇ ਤਹਾਨੂੰ ਕਾਨੂੰਨ ਅਨੁਸਾਰ
ਕੰਮ ਕਰਨ ਦੀ ਅਜ਼ਾਦੀ ਰਹੇਗੀ। ਉਨਾਂ ਕਿਹਾ ਕਿ ਜਿਸ ਤਰਾਂ ਲੋਕਾਂ ਨੇ ਆਮ ਆਦਮੀ ਪਾਰਟੀ
ਦੇ ਹੱਕ ਵਿਚ ਵੱਡਾ ਫਤਵਾ ਦਿੱਤਾ ਹੈ, ਉਸ ਨਾਲ ਲੋਕਾਂ ਦੀਆਂ ਆਸਾਂ ਵੀ ਬਹੁਤ ਵੱਧ ਗਈਆਂ
ਹਨ, ਜੋ ਕਿ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਬਿਨਾਂ ਪੂਰੀਆਂ ਨਹੀਂ ਹੋ
ਸਕਦੀਆਂ। ਉਨਾਂ ਕਿਹਾ ਕਿ ਇਸ ਗੱਲ ਦਾ ਧਿਆਨ ਰੱਖੋ ਕਿ ਸਰਕਾਰੀ ਦਫਤਰਾਂ ਵਿਚ ਲੋਕਾਂ ਦੀ
ਖੱਜਲ-ਖੁਆਰੀ ਨਾ ਹੋਵੇ, ਲੋਕਾਂ ਦੇ ਬੈਠਣ ਤੇ ਪੀਣ ਲਈ ਪਾਣੀ ਆਦਿ ਦੇ ਪ੍ਰਬੰਧ ਹੋਣ। ਇਸ
ਤੋਂ ਇਲਾਵਾ ਦਫਤਰ ਵਿਚ ਕੋਈ ਵੀ ਕੰਮ ਲੰਮਾ ਸਮਾਂ ਲਟਕਣ ਨਾ ਬਲਕਿ ਉਨਾਂ ਦਾ ਨਾਲੋ-ਨਾਲ
ਹੱਲ ਕਰਦੇ ਰਹੋ। ਉਨਾਂ ਖੁਰਾਕ ਸਪਲਾਈ ਵਿਭਾਗ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਰਿਆਇਤੀ
ਮੁੱਲ ਤੇ ਵੰਡੀ ਜਾ ਰਹੀ ਕਣਕ ਨੂੰ ਕਿਸੇ ਪੰਚ-ਸਰਪੰਚ ਦੇ ਘਰ ਕਰਨ ਦੀ ਥਾਂ ਸਰਕਾਰੀ
ਦਫਤਰ ਜਾਂ ਹੋਰ ਕਿਸੇ ਸਾਂਝੇ ਥਾਂ ਤੋਂ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਕਣਕ ਦੀ
ਮਿਕਦਾਰ ਹਰ ਪਰਿਵਾਰ ਨੂੰ ਉਸਦੇ ਕੋਟੇ ਅਨੁਸਾਰ ਮਿਲਣੀ ਚਾਹੀਦੀ ਹੈ, ਨਾ ਕਿ ਡੀਪੂ
ਹੋਲਡਰ ਦੀ ਮਰਜ਼ੀ ਨਾਲ।

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਸ.
ਹਰਭਜਨ ਸਿੰਘ ਨੂੰ ਭਰੋਸਾ ਦਿਵਾਇਆ ਕਿ ਸਾਡੇ ਜਿਲ੍ਹੇ ਦੇ ਸਾਰੇ ਕਰਮਚਾਰੀ ਸਰਕਾਰ ਦੇ
ਆਸ਼ੇ ਅਨੁਸਾਰ ਹਰ ਟੀਚੇ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਗੇ। ਉਨਾਂ ਕਿਹਾ ਕਿ ਅਸੀਂ
ਜਿੱਥੇ ਚੰਗੇ ਕਰਮਚਾਰੀਆਂ ਦਾ ਸਨਮਾਨ ਕਰਾਂਗੇ, ਉਥੇ ਭ੍ਰਿਸ਼ਟ ਕਰਮਚਾਰੀਆਂ ਨੂੰ ਸਜ਼ਾ ਵੀ
ਦਿਵਾਈ ਜਾਵੇਗੀ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋੋੋਂ ਕੈਬਨਿਟ ਮੰਤਰੀ ਸ. ਹਰਭਜਨ ਨੂੰ
ਜੀ ਆਇਆਂ ਕਿਹਾ ਗਿਆ। ਪੁਲਿਸ ਦੇ ਜਵਾਨਾਂ ਨੇ ਸਲਾਮੀ ਦੇ ਕੇ ਉਨਾਂ ਨੂੰ ਪਹਿਲੀ ਵਾਰ
ਬਤੌਰ ਕੈਬਨਿਟ ਮੰਤਰੀ ਜਿਲ੍ਹੇ ਵਿਚ ਆਉਣ ਉਤੇ ਸਲਾਮੀ ਦਿੱਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ
ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਜਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੋਰੀ, ਵਧੀਕ
ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ
ਸੰਜੀਵ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਆਰ ਟੀ ਏ ਸ. ਅਰਸ਼ਦੀਪ ਸਿੰਘ, ਸ: ਹਰਵੰਤ
ਸਿੰਘ ਉਮਰਾਂਨੰਗਲ, ਐਸ ਡੀ ਐਮ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮਗਰੋਂ
ਸ. ਹਰਭਜਨ ਸਿੰਘ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅਤੇ ਭਗਵਾਨ ਵਾਲਮੀਕ ਤੀਰਥ
ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ।