ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਵੜਣ ਲੱਗੇ 5 ਅਨਸਰ ਪਿਸਤੌਲ ਸਣੇ ਗ੍ਰਿਫ਼ਤਾਰ
ਨਵਾਂਸ਼ਹਿਰ: 19 ਮਾਰਚ:- ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਵਿਚ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੇੜੇ ਪੁਲਿਸ ਨਾਕੇ ਤੋੋਂ ਸਮਾਗਮ ਵਿਚ ਵੜਣ ਦੀ ਕੋਸ਼ਿਸ਼ ਕਰ ਰਹੇ ਸਕਾਰਪੀਓ ਸਵਾਰ 5 ਅਨਸਰਾਂ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਡਿਊਟੀ 'ਤੇ ਖਟਕੜ ਕਲਾਂ ਆਇਆ ਹੋਇਆ ਸੀ। ਨਾਕਾ ਡਿਊਟੀ ਦੌਰਾਨ ਸਕਾਰਪੀਓ ਗੱਡੀ ਨੰਬਰੀ ਐੱਚਆਰ-38ਐਲ-7185 ਦੇ ਚਾਲਕ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਈਦਗਾਹ ਥਾਣਾ ਮਜੀਠਾ ਅੰਮ੍ਰਿਤਸਰ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਜਾਣ ਬੁੱਝ ਕੇ ਗੱਡੀ ਉਸ ਦੇ ਵਿਚ ਮਾਰੀ। ਪੁਲਿਸ ਨੇ ਚਾਲਕ ਨਿਸ਼ਾਨ ਤੇ ਗੱਡੀ 'ਚ ਬੈਠੇ ਰਾਜਨ ਮਸੀਹ ਵਾਸੀ ਪਿੰਡ ਵਡਾਲਾ ਵਾਂਗਰ ਗੁਰਦਾਸਪੁਰ, ਅਜੈਪਾਲ ਸੋਨੂੰ ਵਾਸੀ ਪਿੰਡ ਵਣਿੱਗੀ ਚੋਹਲਾ ਸਾਹਿਬ ਤਰਨਤਾਰਨ, ਵਿਸ਼ਾਲ ਸਿੰਘ ਨਿੰਜਾ ਵਾਸੀ ਬਾਬਾ ਜੀਵਨ ਸਿੰਘ ਕਾਲੋਨੀ ਬੈਕਸਾਈਡ ਗੁਰੂ ਰਾਮ ਦਾਸ ਮਿਲ ਗਡਵਾਲੀ ਅੰਮ੍ਰਿਤਸਰ ਤੇ ਉਬੈਦ ਮਸੀਹ ਵਾਸੀ ਪਿੰਡ ਖੁਸ਼ੀਪੁਰ ਗੁਰਦਾਸਪੁਰ ਦੇ ਖਿਲਾਫ਼ ਧਾਰਾ 307, 332, 353,186, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਦਰਜ ਪਰਚੇ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।