​ ਜ਼ਿਲ੍ਹਾ ਪੁਲਿਸ ਵੱਲੋਂ ਮਹਿਲਾ ਸਟਾਫ਼ ਲਈ ਸਿਹਤ ਜਾਂਚ ਕੈਂਪ ਲਗਾਇਆ ਗਿਆ

ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਨਾਲ ਨਜਿੱਠਣ ਲਈ ਪੁਰਸ਼ ਸਟਾਫ ਦੀ ਵਿਸ਼ੇਸ਼ ਵਰਕਸ਼ਾਪ ਲਾਈ ਗਈ
 ਨਵਾਂਸ਼ਹਿਰ, 7 ਮਾਰਚ :- ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਉਲੀਕੇ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ  ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਜ਼ਿਲ੍ਹੇ ਵਿੱਚ ਆਪਣੇ ਮਹਿਲਾ ਸਟਾਫ਼ ਲਈ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ।  ਕੈਂਪ ਦਾ ਉਦਘਾਟਨ ਕਰਦੇ ਹੋਏ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਕੰਵਰਦੀਪ ਕੌਰ ਨੇ ਦੱਸਿਆ ਕਿ ਤਿੰਨ ਮਾਹਿਰ ਡਾਕਟਰਾਂ ਦੀ ਟੀਮ ਨੇ ਮਹਿਲਾ ਸਟਾਫ ਦੀ ਸਿਹਤ ਜਾਂਚ ਕੀਤੀ।  ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਾਰੇ ਨਾਰਮਲ ਬਲੱਡ, ਬੀ.ਪੀ ਟੈਸਟ ਤੋਂ ਇਲਾਵਾ ਗਾਇਨੀ ਸਮੱਸਿਆਵਾਂ ਬਾਰੇ ਸਲਾਹ ਮਸ਼ਵਰਾ, ਹਰ ਤਰ੍ਹਾਂ ਦੇ ਕੈਂਸਰ ਖਾਸ ਕਰਕੇ ਛਾਤੀ ਦੇ ਕੈਂਸਰ ਦੇ ਟੈਸਟ ਵੀ ਕੀਤੇ ਗਏ।  ਐਸ.ਐਸ.ਪੀ ਨੇ ਕਿਹਾ ਕਿ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਜ਼ਿੰਦਗੀ ਰੁਝੇਵਿਆਂ ਭਰੀ ਅਤੇ ਸਮਾਜ ਦੀ ਭਲਾਈ ਲਈ ਅਣਥੱਕ ਮਿਹਨਤ ਵਾਲੀ ਹੋਣ ਕਾਰਨ, ਉਹ ਆਮ ਤੌਰ 'ਤੇ ਦੂਜਿਆਂ ਦੀ ਦੇਖਭਾਲ ਕਰਦੇ ਹੋਏ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਜਾਂਦੇ ਹਨ।  ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਤਣਾਅ ਦਾ ਮੁਕਾਬਲਾ ਕਰਨਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ ਅਤੇ ਤੰਦਰੁਸਤ ਰਹਿਣ ਲਈ ਰੋਜ਼ਾਨਾ ਕਸਰਤ, ਯੋਗਾ ਜ਼ਰੂਰ ਕਰਨਾ ਚਾਹੀਦਾ ਹੈ।  ਐਸਐਸਪੀ ਨੇ ਦੱਸਿਆ ਕਿ ਜਿਨਸੀ ਸ਼ੋਸ਼ਣ ਦੇ ਪੀੜਤਾਂ ਨਾਲ ਨਜਿੱਠਣ ਲਈ ਅਪਣਾਈ ਜਾਣ ਵਾਲੀ ਕਾਨੂੰਨੀ ਵਿਧੀ ਬਾਰੇ ਜਾਗਰੂਕਤਾ ਲਈ ਇੱਕ ਲਘੂ ਫਿਲਮ ਵੀ ਇਸ ਮੌਕੇ ਦਿਖਾਈ ਗਈ।  ਬਾਅਦ ਵਿੱਚ, ਪੁਰਸ਼ ਸਟਾਫ ਲਈ ਇੱਕ ਸੰਵੇਦਨਸ਼ੀਲਤਾ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਉਹਨਾਂ ਦੇ ਮਹਿਲਾ ਹਮਰੁਤਬਾ ਪ੍ਰਤੀ ਉਹਨਾਂ ਦੇ ਵਿਵਹਾਰ ਅਤੇ ਰਵੱਈਏ ਅਤੇ ਔਰਤਾਂ ਦੀਆਂ ਸ਼ਿਕਾਇਤਾਂ ਬਾਰੇ ਜਾਗਰੂਕ ਕੀਤਾ ਗਿਆ।  ਸ਼੍ਰੀਮਤੀ ਕੌਰ ਨੇ ਦੱਸਿਆ ਕਿ ਉਨ੍ਹਾਂ ਲਈ ਚਾਹ ਪਾਰਟੀ ਵੀ ਕੀਤੀ ਗਈ ਤੇ ਮੁਸ਼ਕਿਲਾਂ ਵੀ ਪੁੱਛੀਆਂ ਗਈਆਂ।
  ਇਸ ਮੌਕੇ ਐਸ ਪੀ (ਐੱਚ) ਮਨਵਿੰਦਰ ਬੀਰ ਸਿੰਘ, ਐਸ ਪੀ (ਪੀ ਬੀ ਆਈ) ਇਕਬਾਲ ਸਿੰਘ, ਏ ਐਸ ਪੀ ਜਸਰੂਪ ਕੌਰ ਬਾਠ, ਡੀ ਐਸ ਪੀ ਜੰਗ ਬਹਾਦਰ ਤੇ ਲਖਬੀਰ ਸਿੰਘ ਵੀ ਮੌਜੂਦ ਸਨ।