ਜ਼ਿਲ੍ਹੇ ਦੇ ਅਧਿਕਾਰੀਆਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ/ਵਸਨੀਕਾਂ ਦੇ ਪਰਿਵਾਰਾਂ ਨੂੰ ਮਿਲ ਕੇ ਹੌਂਸਲਾ ਦਿੱਤਾ


ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਜ਼ਿਲ੍ਹੇ ਦੇ 28 ਵਸਨੀਕ ਪੂਰੀ ਤਰ੍ਹਾਂ ਸੁਰੱਖਿਅਤ- ਡੀ ਸੀ ਵਿਸ਼ੇਸ਼ ਸਾਰੰਗਲ
ਨਵਾਂਸ਼ਹਿਰ, 2 ਮਾਰਚ :- ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 28 ਦੇ ਕਰੀਬ ਵਸਨੀਕਾਂ ਦੇ ਪਰਿਵਾਰਾਂ ਨੂੰ ਮਿਲ ਕੇ, ਉਨ੍ਹਾਂ ਦੇ ਸਬੰਧੀਆਂ ਦੀ ਜਲਦ ਤੇ ਸੁਰੱਖਿਅਤ ਵਾਪਸੀ ਬਾਰੇ ਭਰੋਸਾ ਦਿੰਦਿਆਂ, ਉੁਨ੍ਹਾਂ ਨੂੰ ਹੌਂਸਲਾ ਦਿੱਤਾ।
ਐਸ ਡੀ ਐਮ ਨਵਾਂਸ਼ਹਿਰ ਡਾ: ਬਲਜਿੰਦਰ ਸਿੰਘ ਢਿੱਲੋਂ ਨੇ ਯੂਕਰੇਨ ਵਿੱਚ ਫਸੇ ਮੈਡੀਕਲ ਦੇ ਵਿਦਿਆਰਥੀ ਸੁਮਿਤ ਪੁਰੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਸੁਮਿਤ ਹੁਣ ਹੰਗਰੀ ਬਾਰਡਰ 'ਤੇ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਐਸ ਡੀ ਐਮ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਰੂਸ-ਯੂਕਰੇਨ ਜੰਗ ਕਾਰਨ ਫਸੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਪ੍ਰਸ਼ਾਸਨ 24 ਘੰਟੇ ਕੰਮ ਕਰ ਰਿਹਾ ਹੈ। ਵਿਦਿਆਰਥੀ ਦੇ ਪਿਤਾ ਸੰਦੀਪ ਪੁਰੀ ਨੇ ਇਨ੍ਹਾਂ ਮੁਸ਼ਕਿਲ ਦੀਆਂ ਘੜੀਆਂ ਵਿੱਚ ਹੌਂਸਲਾਂ ਬੰਨ੍ਹਾਉਣ ਅਤੇ ਸਹਿਯੋਗ ਦੇਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੁਣ ਸੁਰੱਖਿਅਤ ਹੈ ਅਤੇ ਜਲਦੀ ਹੀ ਵਾਪਸ ਆ ਜਾਵੇਗਾ। ਸ੍ਰੀ ਢਿੱਲੋਂ ਸਥਾਨਕ ਵਾਹਿਗੁਰੂ ਨਗਰ ਦੇ ਧਰਮ ਪਾਲ ਦੇ ਘਰ ਵੀ ਗਏ, ਜਿਸ ਦੇ ਪਰਿਵਾਰ ਦੇ ਚਾਰ ਮੈਂਬਰ ਸਮੇਤ ਦੋ ਦਿਨ ਦੀ ਪੋਤੀ ਯੂਕਰੇਨ ਵਿੱਚ ਫਸੇ ਹੋਏ ਹਨ। ਐਸ ਡੀ ਐਮ ਨੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਧਰਮਪਾਲ ਨੇ ਐਸ ਡੀ ਐਮ ਢਿੱਲੋਂ ਨੂੰ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਜੰਗ ਦੇ ਖੇਤਰ ਤੋਂ ਬਾਹਰ ਆ ਗਿਆ ਹੈ ਅਤੇ ਹੁਣ ਪੋਲਿਸ਼ ਬਾਰਡਰ 'ਤੇ ਪਹੁੰਚ ਗਿਆ ਹੈ। ਇਸ ਮੌਕੇ ਐਸ ਡੀ ਐਮ ਢਿੱਲੋਂ ਨਾਲ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਵੀ ਮੌਜੂਦ ਸਨ।
ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ ਨੇ ਪਿੰਡ ਚੱਕ ਮਾਈ ਦਾਸ ਦੀ ਹਰਪ੍ਰੀਤ ਕੌਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਸਥਾਰ ਨਾਲ ਦੱਸਿਆ ਕਿ ਸਰਕਾਰ ਨੇ ਸਾਰੇ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪਹਿਲਾਂ ਹੀ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਐਸ.ਡੀ.ਐਮ ਬੰਗਾ ਨੇ ਦੱਸਿਆ ਕਿ ਹਰਪ੍ਰੀਤ ਕੌਰ ਹੁਣ ਪੋਲੈਂਡ ਬਾਰਡਰ 'ਤੇ ਹੈ ਅਤੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਦੇ ਵੇਰਵਿਆਂ ਸਮੇਤ ਜ਼ਿਲ੍ਹੇ ਦੇ ਹੋਰ ਫਸੇ ਹੋਏ ਨਾਗਰਿਕਾਂ ਦੀ ਸੂਚੀ ਵਿਦੇਸ਼ ਮੰਤਰਾਲੇ ਨੂੰ ਭੇਜੀ ਹੋਈ ਹੈ ਅਤੇ ਉਮੀਦ ਜ਼ਾਹਰ ਕੀਤੀ ਕਿ ਇਹ ਸਾਰੇ ਜਲਦੀ ਹੀ ਸੁਰੱਖਿਅਤ ਆਪਣੀ ਮਾਤ ਭੂਮੀ 'ਤੇ ਵਾਪਸ ਪਰਤ ਆਉਣਗੇ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਐਸ.ਡੀ.ਐਮਜ਼, ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੀ ਅਗਵਾਈ ਵਾਲੀਆਂ ਟੀਮਾਂ ਜ਼ਿਲ੍ਹੇ ਦੇ ਸਾਰੇ 28 ਫਸੇ ਵਸਨੀਕਾਂ ਦੇ ਪਰਿਵਾਰਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਰੱਖਿਅਤ ਵਾਪਸੀ ਦੇ ਯਤਨਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਯੂਕਰੇਨ ਗਏ ਇਨ੍ਹਾਂ ਵਸਨੀਕਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੰਤਵ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਇਕੱਮੁਠਤਾ ਪ੍ਰਗਟਾਉਣਾ ਵੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ 'ਚ ਉਹ ਸਬੰਧਤ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕਰ ਸਕਣ।
ਫ਼ੋਟੋ ਕੈਪਸ਼ਨ: ਐਸ ਡੀ ਐਮ ਬਲਜਿੰਦਰ ਸਿੰਘ ਢਿੱਲੋਂ ਤੇ ਤਹਿਸੀਲਦਾਰ ਕੁਲਵੰਤ ਸਿੰਘ ਰੂਸ-ਯੂਕਰੇਨ ਜੰਗ ਕਾਰਨ ਫ਼ਸੇ ਜ਼ਿਲ੍ਹੇ ਦੇ ਵਸਨੀਕਾਂ ਦੇ ਪਰਿਵਾਰਾਂ ਨੂੰ ਮਿਲ ਕੇ ਹੌਂਸਲਾ ਬੰਨ੍ਹਾਉਂਦੇ ਹੋਏ।