ਇਸਤਰੀ ਜਾਗ੍ਰਿਤੀ ਮੰਚ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਔਰਤਾਂ ਦੇ ਹੱਕਾਂ ਬਾਰੇ ਚਰਚਾ ਉਪਰੰਤ ਸ਼ਹਿਰ ਵਿਚ ਕੀਤਾ ਮੁਜਾਹਰਾ
ਨਵਾਂਸ਼ਹਿਰ 8 ਮਾਰਚ :- ਅੱਜ ਇਸਤਰੀ ਜਾਗ੍ਰਿਤੀ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ  ਦਿਵਸ ਮਨਾਇਆ ਗਿਆ। ਸਥਾਨਕ ਬੱਸ ਅੱਡੇ ਤੇ ਕੀਤੇ ਗਏ ਇਸ ਜਿਲਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਸੁਦੇਸ਼ ਕੁਮਾਰੀ, ਰਣਜੀਤ ਕੌਰ ਤਲਵੰਡੀ,  ਸੁਰਿੰਦਰ ਕੌਰ ਕੋਟ ਰਾਂਝਾ ਨੇ ਕੀਤੀ। ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੰਚ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਜਿਲਾ ਸਕੱਤਰ ਰੁਪਿੰਦਰ ਕੌਰ ਦੁਰਗਾ ਪੁਰ, ਸੁਰਜੀਤ ਕੌਰ ਉਟਾਲ, ਰਣਜੀਤ ਕੌਰ ਮਹਿਮੂਦ ਪੁਰ,  ਸਿਮਰਨਜੀਤ ਕੌਰ ਸਿੰਮੀ, ਸੰਤੋਸ਼ ਕੁਮਾਰੀ ਮਾਹਿਲ ਗਹਿਲਾਂ ਨੇ ਕਿਹਾ ਕਿ  ਔਰਤਾਂ ਨੂੰ ਆਪਣੀ ਹੋਂਦ ਪਛਾਨਣ, ਨਵੇਂ ਰਾਹਾਂ ਦੇ ਰਾਹੀਂ ਬਣਨ ਲਈ, ਔਰਤਾਂ ਉੱਤੇ ਹੋ ਰਹੇ ਚੌਤਰਫਾ ਹਮਲਿਆਂ ਦਾ ਟਾਕਰਾ ਕਰਨ ਲਈ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਜਰੂਰੀ ਹੈ।ਉਹਨਾਂ ਕਿਹਾ ਕਿ ਅੱਜ ਦਾ ਦਿਨ ਔਰਤ ਵਰਗ ਲਈ ਬੜਾ ਮਹੱਤਵਪੂਰਨ ਹੈ। ਔਰਤ ਵਰਗ ਨਾਲ ਅੱਜ ਵੀ ਸਮਾਜਿਕ, ਆਰਥਿਕ ਤੌਰ ਉੱਤੇ ਵਿਤਕਰੇ ਜਾਰੀ ਹਨ।ਲੜਕੀਆਂ ਦੀ ਪਾਲਣਾ, ਪੜ੍ਹਾਈ ਅਤੇ ਮਿਹਨਤ ਸ਼ਕਤੀ ਦੇ ਮੁੱਲ ਵਿਚ ਮਰਦਾਂ ਦੇ ਮੁਕਾਬਲੇ ਢੇਰ ਸਾਰੇ ਵਿਤਕਰੇ ਹਨ।ਹਿੰਸਾ, ਘਰੇਲੂ ਹਿੰਸਾ, ਬਲਾਤਕਾਰ, ਛੇੜਛਾੜ ਅਤੇ ਮਾਨਸਿਕ ਪੀੜਾ ਦੇ ਰੂਪ ਵਿਚ ਔਰਤ ਹਰ ਰੋਜ਼ ਜਬਰ ਸਹਿ ਰਹੀ ਹੈ। ਮਾਦਾ ਭਰੂਣ ਹੱਤਿਆ ਅਤੇ ਦਹੇਜ ਦਾ ਕੋਹੜ ਸਮਾਜ ਅੰਦਰ ਅਜੇ ਵੀ ਪਸਰਿਆ ਹੋਇਆ ਹੈ। ਔਰਤ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਲੋੜ ਹੈ।ਉਹਨਾਂ ਉਹਨਾਂ ਮੋਦੀ ਸਰਕਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਇਹ ਸਰਕਾਰ ਔਰਤ ਵਿਰੋਧੀ, ਧਾਰਮਿਕ ਘੱਟ ਗਿਣਤੀਆਂ ਵਿਰੋਧੀ, ਜਮਹੂਰੀ ਹੱਕਾਂ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਸਰਕਾਰ ਹੈ।ਸਰਕਾਰ ਦਾ ਅਲੋਚਕ ਹਰ ਵਿਅਕਤੀ ਅਤੇ ਜਥੇਬੰਦੀ ਇਸ ਸਰਕਾਰ ਲਈ ਦੇਸ਼ ਧ੍ਰੋਹੀ ਹੈ। ਧਰਮ ਦੇ ਨਾਂਅ ਉੱਤੇ ਲੋਕਾਂ ਨੂੰ ਵੰਡਣਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਇਸਦਾ ਨਿਤ ਨੇਮ ਬਣ ਗਿਆ ਹੈ।ਇਸ ਸਰਕਾਰ ਦੇ ਰਾਜ ਵਿਚ ਔਰਤਾਂ ਦੀ ਅਸੁਰੱਖਿਆ ਵਧੀ ਹੈ ਅਤੇ ਇਸ ਸਰਕਾਰ ਨੇ ਬਲਾਤਕਾਰੀਆਂ, ਦੰਗੇ ਕਰਾਉਣ ਵਾਲਿਆਂ, ਭ੍ਰਿਸ਼ਟਾਚਾਰੀਆਂ ਦੀ ਹਮੇਸ਼ਾ ਪਿੱਠ ਥਾਪੜੀ ਹੈ।ਵਿਦਿਅਕ ਸੰਸਥਾਵਾਂ ਵਿਚ ਡਰੈੱਸ ਕੋਡ ਦੇ ਨਾਂਅ ਹੇਠ ਧਾਰਮਿਕ ਘੱਟ ਗਿਣਤੀਆਂ ਦੀਆਂ ਲੜਕੀਆਂ ਦੇ ਹੱਕਾਂ ਉੱਤੇ ਹਮਲੇ ਜਾਰੀ ਹਨ। ਯੂਕਰੇਨ ਉੱਤੇ ਰੂਸ ਵਲੋਂ ਕੀਤੇ ਗਏ ਫੌਜੀ ਹਮਲੇ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਸਰਕਾਰ ਯੂਕਰੇਨ ਵਿਚੋਂ ਭਾਰਤੀ ਵਿਦਿਆਰਥੀਆਂ ਨੂੰ ਸਮੇਂ ਸਿਰ ਭਾਰਤ ਲਿਆਉਣ ਵਿਚ ਅਸਮਰੱਥ ਸਾਬਤ ਹੋਈ ਹੈ।ਉਹਨਾਂ ਔਰਤਾਂ ਦੀ ਇਤਿਹਾਸਕ ਭੂਮਿਕਾ ਦਾ ਜਿਕਰ ਕਰਦਿਆਂ ਕਿਹਾ ਕਿ ਸਮਾਜਿਕ, ਆਰਥਿਕ ਅਤੇ ਰਾਜਸੀ ਤਬਦੀਲੀਆਂ ਔਰਤਾਂ ਦੀ ਸ਼ਮੂਲੀਅਤ ਬਗੈਰ ਸੰਭਵ ਹੀ ਨਹੀਂ। ਇਸ ਮੌਕੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਲੜਕੀਆਂ ਲਈ ਮੁਫਤ ਵਿਦਿਆ ਦਾ ਪ੍ਰਬੰਧ ਕਰਨ, ਔਰਤਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ, ਯੂਕਰੇਨ ਵਿਚੋਂ ਰੂਸੀ ਫੌਜਾਂ ਬਾਹਰ ਕੱਢਣ,ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਕਰਾਉਣ ਦੇ ਮਤੇ ਪਾਸ ਕੀਤੇ ਗਏ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਕਿਰਨਜੀਤ ਕੌਰ, ਬਲਵਿੰਦਰ ਕੌਰ ਸਲੋਹ, ਤਰਨਪ੍ਰੀਤ ਕੌਰ, ਹਰਬੰਸ ਕੌਰ ਨਵਾਂਸ਼ਹਿਰ, ਜਸਵੀਨ ਨਵਾਂਸ਼ਹਿਰ,ਬਲਜਿੰਦਰ ਕੌਰ ਰਸੂਲਪੁਰ ਨੇ ਵੀ ਵਿਚਾਰ ਪੇਸ਼ ਕੀਤੇ।ਔਰਤਾਂ ਨੇ ਗੀਤ ਅਤੇ ਕਵਿਤਾਵਾਂ ਵੀ ਪੇਸ਼  ਕੀਤੀਆਂ।ਬਾਅਦ ਵਿਚ ਸ਼ਹਿਰ ਅੰਦਰ ਮੁਜਾਹਰਾ ਵੀ ਕੀਤਾ ਗਿਆ।
ਕੈਪਸ਼ਨ : ਨਵਾਂਸ਼ਹਿਰ ਵਿਚ ਮੁਜਾਹਰਾ ਕਰਦੀਆਂ ਔਰਤਾਂ।


Virus-free. www.avast.com