ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਲਈ ਮੋਬਾਇਲ ਵੈਨ ਰਵਾਨਾ

ਜੁਡੀਸ਼ੀਅਲ ਅਫ਼ਸਰਾਂ ਨਾਲ 12 ਮਾਰਚ ਦੀ ਕੌਮੀ ਲੋਕ ਅਦਾਲਤ ਦੀ ਤਿਆਰੀ ਸਬੰਧੀ ਮੀਟਿੰਗ
ਨਵਾਂਸ਼ਹਿਰ, 9 ਮਾਰਚ :- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਆਮ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕਰਨ ਲਈ ਮੋਬਾਇਲ ਵੈਨ ਭੇਜੀ ਗਈ, ਜਿਸ ਨੂੰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ, ਕੰਵਲਜੀਤ ਸਿੰਘ ਬਾਜਵਾ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।  ਸ. ਬਾਜਵਾ ਨੇ ਦੱਸਿਆ ਕਿ  ਜ਼ਿਲ੍ਹੇ ਵਿੱਚ ਇਹ ਮੋਬਾਇਲ ਵੈਨ ਰਾਹੀਂ ਪੈਰਾ ਲੀਗਲ ਵਲੰਟੀਅਰ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ  ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ, ਨਾਲਸਾ ਸਕੀਮਾਂ ਅਤੇ ਟੋਲ ਫ੍ਰੀ ਨੰਬਰ 1968 ਬਾਰੇ ਜਾਗਰੂਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੋਬਾਇਲ ਵੈਨ  ਦਾ ਵੱਖ-ਵੱਖ ਪਿੰਡਾਂ ਵਿੱਚ ਜਾਣ ਦਾ ਮੁੱਖ ਮੰਤਵ, ਆਮ ਲੋਕਾਂ ਨੂੰ  ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕਰਨਾ ਹੈ ਅਤੇ 12 ਮਾਰਚ  ਨੂੰ ਲੱਗ ਰਹੀ ਲੋਕ ਅਦਾਲਤ ਦੇ ਬਾਰੇ ਵੀ ਦੱਸਿਆ ਜਾਵੇਗਾ। ਇਸ ਮੌਕੇ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਹਰਪ੍ਰੀਤ ਕੌਰ ਵੀ ਮੌਜੂਦ ਸਨ। ਇਸ ਤੋਂ ਬਾਅਦ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ. ਕੰਵਲਜੀਤ ਸਿੰਘ ਬਾਜਵਾ ਵੱਲੋਂ  ਸਾਰੇ ਨਿਆਇਕ ਅਫਸਰਾਂ ਨਾਲ ਕੌਮੀ ਲੋਕ ਅਦਾਲਤ ਦੇ ਪ੍ਰਬੰਧਾਂ ਸਬੰਧੀ ਵੀ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਸਮੂਹ ਜੁਡੀਸ਼ੀਅਲ ਅਫ਼ਸਰਾਂ ਨੂੰ ਆਪੋ-ਆਪਣੀ ਅਦਲਤ ਵਿੱਚ ਚੱਲ ਰਹੇ ਉਨ੍ਹਾਂ ਮਾਮਲਿਆਂ, ਜਿਨ੍ਹਾਂ ਦਾ ਲੋਕ ਅਦਾਲਤ ਰਾਹੀਂ ਨਿਪਟਾਰਾ ਹੋ ਸਕਦਾ ਹੈ, ਲਈ ਵੱਧ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਵਕੀਲਾਂ ਰਾਹੀਂ ਪ੍ਰੇਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਅਦਾਲਤੀ ਤੇ ਪ੍ਰੀ-ਲਿਟੀਗੇਟਿਵ ਪੜਾਅ 'ਤੇ ਆਏ ਰਾਜੀਨਾਮਾ ਹੋਣ ਯੋਗ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਕੌਮੀ ਲੋਕ ਅਦਾਲਤ ਬਹੁਤ ਹੀ ਲਾਹੇਵੰਦ ਮੰਚ ਹੈ। ਇਸ ਕੌਮੀ ਲੋਕ ਅਦਾਲਤ ਵਿੱਚ ਬੀਮਾ ਕੰਪਨੀ ਦੇ ਨਾਲ ਸਬੰਧਤ ਕੇਸ, ਬੈਂਕ ਲੋਨ ਨਾਲ ਸਬੰਧਤ ਕੇਸ, ਟ੍ਰੈਫਿਕ ਦੇ ਚਲਾਨ, ਪਾਣੀ ਦੇ ਬਿੱਲ ਦੇ ਕੇਸ, ਕਿ੍ਰਮੀਨਲ ਕਪਾਊਂਡੇਬਲ ਕੇਸ, ਮੋਟਰ ਐਕਸੀਡੈਟ ਕਲੇਮ ਟਿ੍ਰਬਿੳੂਨਲ ਨਾਲ ਸਬੰਧਿਤ ਕੇਸ, ਵਿਵਾਹਿਤ ਝਗੜੇ, ਲੇਬਰ ਝਗੜੇ, ਬਿਜਲੀ ਦੇ ਬਿੱਲਾਂ ਦੇ ਕੇਸ, ਬੀ.ਐਸ.ਐਨ.ਐਲ ਕੇਸਾਂ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਅਧੀਨ ਕੇਸ, ਤਨਖਾਹ , ਭੱਤੇ ਅਤੇ ਰਿਟਾਇਰਮੈਂਟ ਨਾਲ ਸਬੰਧਿਤ ਮਾਮਲੇ, ਮਾਲ ਵਿਭਾਗ ਨਾਲ ਸਬੰਧਿਤ ਕੇਸ (ਜ਼ਿਲ੍ਹਾ ਅਤੇ ਹਾਈਕੋਰਟ ਪੱਧਰ 'ਤੇ ਲੰਬਿਤ), ਰਕਮ ਵਸੂਲੀ ਦੇ ਮਾਮਲੇ ਅਤੇ ਹੋਰ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ।