ਸਾਲ 2022-23 ਲਈ 2015 ਰੁਪਏ ਪ੍ਰਤੀ ਕੁਇੰਟਲ ਨਾਲ ਹੋਵੇਗੀ ਕਣਕ ਦੀ ਖਰੀਦ -ਡਿਪਟੀ ਕਮਿਸ਼ਨਰ ਕਣਕ ਦੀ ਖਰੀਦ ਦੇ ਅਗੇਤੇ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ

ਅੰਮ੍ਰਿਤਸਰ 11 ਮਾਰਚ 2022 : - ਇਸ ਵਾਰ ਅੰਮ੍ਰਿਤਸਰ ਜਿਲ੍ਹੇ ਵਿਚ 1.88 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਪੈਦਾਵਾਰ ਕੀਤੀ ਗਈ ਹੈ ਅਤੇ ਜਿਲ੍ਹੇ ਵਿਚ ਕੁੱਲ 7.25 ਲੱਖ ਮੀਟਰਿਕ ਟਨ ਕਣਕ ਪੈਦਾ ਹੋਣ ਦੀ ਉਮੀਦ ਹੈ। ਕਣਕ ਦੇ ਸੀਜ਼ਨ ਨੂੰ ਲੈ ਕੇ ਅਗੇਤੇ ਪ੍ਰਬੰਧਾਂ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦਸਿਆ ਕਿ ਇਸ ਸਾਲ 2022-23 ਦੌਰਾਨ 2015 ਰੁਪਏ ਪ੍ਰਤੀ ਕੁਇੰਟਲ ਨਾਲ ਕਣਕ ਦੀ ਖਰੀਦ ਹੋਵੇਗੀ।
ਸ: ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿਚ ਕੁੱਲ 71 ਥਾਵਾਂ ਤੇ ਕਣਕ ਦੀ ਖਰੀਦ ਦੇ ਕੇਂਦਰ ਬਣਾਏ ਗਏ ਹਨ।  ਜਿਨ੍ਹਾਂ ਵਿੱਚ 57 ਮੰਡੀਆਂ, 5 ਆਰਜੀ ਯਾਰਡ ਅਤੇ 9 ਮਿੱਲਾਂ ਵਿੱਚ ਖਰੀਦ ਕੇਂਦਰ ਬਣਾਏ ਗਏ ਹਨ। ਸ: ਖਹਿਰਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਰਦਾਨੇ ਦਾ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ ਤਾਂ ਜੋ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਖਰੀਦ ਲਈ ਪਹਿਲਾਂ ਹੀ ਸਟੋਰੇਜ ਦੀ ਸਮਰੱਥਾ ਨੂੰ ਚੈਕ ਕਰ ਲੈਣ ਅਤੇ ਲੋੜ ਪੈਣ ਤੇ ਹੋਰ ਵਧਾਇਆ ਜਾ ਸਕੇ।
ਇਸ ਮੌਕੇ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਸ: ਸੁਖਵਿੰਦਰ ਸਿੰਘ ਗਿੱਲ, ਜਿਲ੍ਹਾ ਮੰਡੀ ਅਫ਼ਸਰ ਸ: ਅਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।