ਭਾਸ਼ਾ ਵਿਭਾਗ ਨੇ ਵਿਸ਼ਵ ਕਵਿਤਾ ਦਿਵਸ ਮਨਾਇਆ

ਪੰਜਾਬੀ ਕਾਵਿ 'ਤੇ ਹੋਈ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਨ
ਪਟਿਆਲਾ 21 ਮਾਰਚ: -   ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਅੱਜ ਵਿਸ਼ਵ ਕਵਿਤਾ ਦਿਵਸ ਮੌਕੇ ਕਾਵਿ ਸਿਰਜਣਾ ਬਾਰੇ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਗਿਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਦੇਖ-ਰੇਖ 'ਚ ਹੋਏ ਇਸ ਸਮਾਗਮ ਦੌਰਾਨ ਨਾਮਵਰ ਸ਼ਾਇਰ ਧਰਮ ਕੰਮੇਆਣਾ ਨੇ ਕਾਵਿ ਸਿਰਜਣਾ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਮੌਕੇ ਧਰਮ ਕੰਮੇਆਣਾ ਤੋਂ ਇਲਾਵਾ ਸ਼ਾਇਰ ਡਾ. ਸੰਤੋਖ ਸੁੱਖੀ, ਸੱਤਪਾਲ ਚਹਿਲ, ਜਗਮੀਤ ਚਹਿਲ, ਗੁਰਮੇਲ ਸਿੰਘ ਵਿਰਕ ਤੇ ਸਰੂਪ ਚੌਧਰੀ ਮਾਜਰਾ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ।
  ਸ੍ਰੀ ਧਰਮ ਕੰਮੇਆਣਾ ਨੇ ਕਿਹਾ ਕਿ ਵਿਸ਼ਵ ਕਵਿਤਾ 'ਚ ਪੰਜਾਬੀ ਕਾਵਿ ਦਾ ਵਿਸ਼ੇਸ਼ ਸਥਾਨ ਹੈ। ਸਾਡੇ ਕੋਲ ਧਾਰਮਿਕ, ਸਮਾਜਿਕ, ਕਿੱਸਾ ਕਾਵਿ, ਬੀਰ ਕਾਵਿ, ਰੋਮਾਂਟਿਕ ਅਤੇ ਹਰ ਵੰਨਗੀ ਦੀ ਕਵਿਤਾ ਮੌਜੂਦ ਹੈ। ਅੰਗਰੇਜ਼ੀ ਸ਼ਾਇਰ ਚੌਸਰ 14ਵੀਂ ਸਦੀ 'ਚ ਹੋਇਆ ਹੈ ਪਰ ਸਾਡੇ ਕੋਲ ਬਾਬਾ ਫਰੀਦ ਜੀ ਵਰਗਾ ਮਹਾਨ ਕਵੀ ਹੈ ਜੋ ਉਸ ਤੋਂ ਵੀ ਪਹਿਲਾ ਬਾਰਵੀਂ ਸਦੀ 'ਚ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬੀ ਕਵਿਤਾ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਹਰ ਵੰਨਗੀ ਦੀ ਉੱਚ ਪਾਏ ਦਾ ਕਾਵਿ ਮਿਲਦਾ ਹੈ। ਸ੍ਰੀ ਕੰਮੇਆਣਾ ਨੇ ਕਿਹਾ ਕਿ ਪੰਜਾਬੀ 'ਚ ਬਹੁਤ ਸਾਰੇ ਨਵੇਂ ਕਵੀ ਉੱਭਰ ਕੇ ਸਾਹਮਣੇ ਆ ਰਹੇ ਹਨ, ਜੋ ਸਾਡੀ ਕਵਿਤਾ ਲਈ ਸ਼ੁਭ ਸੰਕੇਤ ਹੈ।
  ਇਸ ਮੌਕੇ ਡਾ. ਵੀਰਪਾਲ ਕੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮਾਣ ਹੈ ਕਿ ਉਸ ਕੋਲ ਦੁਨੀਆ ਦੀ ਸਭ ਤੋਂ ਮਹਾਨ ਕਾਵਿ ਰਚਨਾ ਦੇ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਜੂਦ ਹਨ, ਜਿਸ ਤੋਂ ਪੂਰੀ ਮਾਨਵਤਾ ਨੂੰ ਹਰ ਖੇਤਰ 'ਚ ਸੇਧ ਮਿਲਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਸੰਪੂਰਨ ਰਚਨਾ ਪੰਜਾਬੀ ਕਾਵਿ ਦਾ ਪੂਰੀ ਦੁਨੀਆ 'ਚ ਸਿਰ ਉੱਚਾ ਕਰ ਰਹੀ ਹੈ। ਇਸ ਮੌਕੇ ਸਰੂਪ ਚੌਧਰੀ ਮਾਜਰਾ ਨੇ ਆਪਣੀ ਕਵਿਤਾ 'ਵਕਤ' ਰਾਹੀਂ ਸਮੇਂ ਦੀ ਅਹਿਮੀਅਤ ਦਰਸਾਈ। ਗੁਰਮੇਲ ਸਿੰਘ ਵਿਰਕ ਨੇ 'ਪੜ੍ਹੀਏ ਲਿਖੀਏ ਭਾਵੇਂ ਹੋਰ ਭਾਸ਼ਾਵਾਂ ਪਰ ਮਾਂ ਬੋਲੀ ਨਾ ਦਿਲੋਂ ਭੁਲਾਈਏ..' ਰਾਹੀ ਮਾਂ ਬੋਲੀ ਨੂੰ ਸਤਿਕਾਰ ਦਿੱਤਾ। ਜਗਮੀਤ ਸਿੰਘ ਚਹਿਲ ਨੇ 'ਮਿੱਟੀਏ ਨੀ ਮਿੱਟੀਏ ਤੈਨੂੰ ਗਲ ਨਾਲ ਲਾਉਣਾ..' ਤੇ 'ਸੱਚਮੁੱਚ ਤਾਰੇ ਟੁੱਟਦੇ ਨੇ..' ਕਵਿਤਾ ਰਾਹੀਂ ਮਾਹੌਲ ਨੂੰ ਗੰਭੀਰਤਾ ਪ੍ਰਦਾਨ ਕੀਤੀ। ਸੱਤਪਾਲ ਚਹਿਲ 'ਜ਼ਿੰਦਗੀ ਹਾਂ ਮੈਨੂੰ ਖੁਦ ਨੂੰ ਭੁਲਾ ਕੇ ਮਿਲਿਆ ਕਰ..' ਗਜ਼ਲ ਰਾਹੀਂ ਤੇ ਡਾ. ਸੰਤੋਖ ਸੁੱਖੀ ਨੇ 'ਪਿੰਡਿਆਂ ਨੂੰ ਚਿੰਬੜਿਆ ਹੋਇਆ ਪ੍ਰਵਾਸ' ਕਵਿਤਾ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
  ਮੰਚ ਸੰਚਾਲਕ ਤੇਜਿੰਦਰ ਗਿੱਲ ਨੇ ਗੁਰਦਿਆਲ ਰੌਸ਼ਨ ਦੀ ਕਵਿਤਾ 'ਲਫਜ਼ ਤੇਰੇ ਜੇ ਨਹੀਂ ਹਨ ਸ਼ੂਕਦੇ ਫਿਰ ਤੂੰ ਐਸੀ ਸ਼ਾਇਰੀ ਨੂੰ ਫੂਕ ਦੇ' ਪੇਸ਼ ਕੀਤੀ। ਅਖੀਰ 'ਚ ਧਰਮ ਕੰਮੇਆਣਾ ਨੇ 'ਗਹਿਣੇ ਪਾਕੇ ਬ੍ਰਿਖ ਖਲੋਤੇ ਲੱਗਦੇ ਨੇ..' ਰਚਨਾ ਰਾਹੀਂ ਕਵੀ ਦਰਬਾਰ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਇਸ ਮੌਕੇ ਡਿਪਟੀ ਡਾਇਰੈਕਟਰ ਪ੍ਰਿਤਪਾਲ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਕਮਲਜੀਤ ਕੌਰ, ਹਰਭਜਨ ਕੌਰ, ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਪਰਵੀਨ ਕੁਮਾਰ, ਆਲੋਕ ਚਾਵਲਾ, ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਹਰਪ੍ਰੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।