ਅਗਲੇ ਦੋ ਦਿਨਾਂ ਵਿੱਚ ਸਾਰੇ ਸਫ਼ਾਈ ਕਾਰਜ ਮੁਕੰਮਲ ਕਰ ਲਏ ਜਾਣਗੇ- ਡੀ ਸੀ ਵਿਸ਼ੇਸ਼ ਸਾਰੰਗਲ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 17 ਮਾਰਚ:- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ
ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ ਵਿਖੇ ਕਲ੍ਹ ਹੋਏ ਸਹੁੰ ਚੁੱਕ
ਸਮਾਗਮ ਉਪਰੰਤ ਸ਼ੁਰੂ ਕੀਤੇ ਗਏ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ
ਅਜਾਇਬ ਘਰ ਅਤੇ ਯਾਦਗਾਰ ਨੂੰ 6 ਘੰਟੇ ਦੇ ਰਿਕਾਰਡ ਸਮੇਂ ਵਿੱਚ ਪਹਿਲਾਂ ਜਿਹੀ ਦਿੱਖ ਦੇ
ਦਿੱਤੀ ਗਈ ਹੈ ਜਦਕਿ ਪਿਛਲੇ ਪਾਸੇ ਸਮਾਗਮ ਵਾਲੀ ਥਾਂ 'ਤੇ ਟੈਂਟ ਦਾ ਢਾਂਚਾ ਉਤਾਰਿਆ ਜਾ
ਰਿਹਾ ਹੈ ਤੇ ਉੱਥੇ ਵੀ ਸਫ਼ਾਈ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਹ ਕਾਰਜ ਅਗਲੇ ਦੋ
ਦਿਨਾਂ ਵਿੱਚ ਸੰਪੂਰਨ ਕਰ ਲਏ ਜਾਣਗੇ।
ਅੱਜ ਏ ਡੀ ਸੀ ਅਮਿਤ ਮਹਾਜਨ, ਅਮਰਦੀਪ ਸਿੰਘ ਬੈਂਸ ਅਤੇ ਐਸ ਡੀ ਐਮ ਬੰਗਾ ਨਵਨੀਤ ਕੌਰ
ਬੱਲ ਨਾਲ ਸਮਾਗਮ ਵਾਲੀ ਥਾਂ ਦਾ ਦੌਰਾ ਕਰਨ ਪੁੱਜੇ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ
ਜ਼ਿਲ੍ਹੇ ਵਿੱਚ ਇਸ ਵੱਕਾਰੀ ਸਮਾਗਮ ਦੇ ਮੁਕੰਮਲ ਹੋਣ ਬਾਅਦ, ਪ੍ਰਸ਼ਾਸਨ ਦਾ ਮੁੱਖ ਟੀਚਾ
ਇਸ ਥਾਂ 'ਤੇ ਸਫ਼ਾਈ ਕਾਰਜਾਂ ਨੂੰ ਪਰਮ ਅਗੇਤ ਦੇ ਕੇ ਮੁਕੰਮਲ ਕਰਨਾ ਹੈ। ਉਨ੍ਹਾਂ ਕਿਹਾ
ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਅਤੇ ਯਾਦਗਾਰ ਰਾਸ਼ਟਰੀ ਧਰੋਹਰ ਹੋਣ ਕਾਰਨ
ਅਸੀਂ ਇਸ ਥਾਂ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਵਚਨਬੱਧ ਹਾਂ।
ਉਨ੍ਹਾਂ ਦੱਸਿਆ ਕਿ ਜੱਦੀ ਘਰ, ਪਾਰਕ ਏਰੀਆ, ਯਾਦਗਾਰ ਤੇ ਅਜਾਇਬਘਰ, ਹੈਲੀਪੈਡ ਅਤੇ
ਪਿੰਡ ਵਾਲਾ ਏਰੀਆ ਸਾਫ਼ ਕੀਤਾ ਜਾ ਚੱੁਕਾ ਹੈ ਜਦਕਿ ਪੰਡਾਲ ਵਾਲੀ ਥਾਂ 'ਤੇ ਟੈਂਟ ਉਤਾਰੇ
ਜਾ ਰਹੇ ਕਾਰਨ, ਇਸ ਦੀ ਸਫ਼ਾਈ ਦਾ ਕੰਮ ਵੀ ਨਾਲੋਂ-ਨਾਲ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਸਹੁੰ ਚੁੱਕ ਸਮਾਗਮ 'ਚ ਲੋਕਾਂ ਦੀ
ਵੱਡੀ ਗਿਣਤੀ ਆਮਦ ਨੂੰ ਅਨੁਮਾਨਦਿਆਂ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਗਏ ਸਨ।
ਉੁਨ੍ਹਾਂ ਸਮਾਗਮ ਦੀ ਨਿਰਵਿਘਨ ਸੰਪੂਰਨਤਾ ਲਈ ਸਮੁੱਚੇ ਅਮਲੇ ਵੱਲੋਂ ਦਿਖਾਈ ਨਿਸ਼ਠਾ ਅਤੇ
ਲੋਕਾਂ ਵੱਲੋਂ ਅਪਣਾਈ ਸਹਿਣਸ਼ੀਲਤਾ ਤੇ ਅਨੁਸ਼ਾਸਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨ ਵਿਸ਼ੇਸ਼ ਸਾਰੰਗਲ ਅਧਿਕਾਰੀਆਂ ਨਾਲ ਖਟਕੜ ਕਲਾਂ ਵਿਖੇ ਚੱਲ
ਰਹੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।