ਐਸ ਬੀ ਐਸ ਨਗਰ ਵਿੱਚ ਤਿੰਨ ਗਿਣਤੀ ਕੇਂਦਰਾਂ ਵਿੱਚ ਤਿੰਨ ਐਸ ਪੀ, ਨੌਂ ਡੀ ਐਸ ਪੀ, 33 ਇੰਸਪੈਕਟਰ, 681 ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ

ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 681 ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਮੁਸਤੈਦ ਰਹਿਣਗੇ- ਐਸ ਐਸ ਪੀ ਕੰਵਰਦੀਪ ਕੌਰ

ਐਸ ਬੀ ਐਸ ਨਗਰ ਵਿੱਚ ਤਿੰਨ ਗਿਣਤੀ ਕੇਂਦਰਾਂ ਵਿੱਚ ਤਿੰਨ ਐਸ ਪੀ, ਨੌਂ ਡੀ ਐਸ ਪੀ, 33 ਇੰਸਪੈਕਟਰ ਤਾਇਨਾਤ

ਨਵਾਂਸ਼ਹਿਰ, 9 ਮਾਰਚ : ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ 681 ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕੀਤੇ ਹਨ। ਅੱਜ ਗਿਣਤੀ ਕੇਂਦਰਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਕੰਵਰਦੀਪ ਕੌਰ ਨੇ ਦੱਸਿਆ ਕਿ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿਧਾਨ ਸਭਾ ਹਲਕਿਆਂ ਦੇ ਤਿੰਨਾਂ ਗਿਣਤੀ ਕੇਂਦਰਾਂ 'ਤੇ ਪਹਿਲਾਂ ਹੀ ਤਿੰਨ ਪੜਾਵੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।  ਸ਼੍ਰੀਮਤੀ ਕੌਰ ਨੇ ਕਿਹਾ ਕਿ ਤਿੰਨ ਪੁਲਿਸ ਸੁਪਰਡੈਂਟ (ਐਸ ਪੀ), ਨੌਂ ਡਿਪਟੀ ਪੁਲਿਸ ਸੁਪਰਡੈਂਟ ਅਤੇ 33 ਇੰਸਪੈਕਟਰ ਪੂਰੀ ਫੋਰਸ ਦੇ ਨਾਲ ਵੀਰਵਾਰ ਨੂੰ ਪੂਰੇ ਸੁਰੱਖਿਆ ਘੇਰੇ ਦੀ ਨਿਗਰਾਨੀ ਕਰਨਗੇ ਅਤੇ ਉਹ ਗਿਣਤੀ ਕੇਂਦਰਾਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਤਿੱਖੀ ਨਜ਼ਰ ਰੱਖਣਗੇ। ਐਸ ਐਸ ਪੀ ਨੇ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਆਉਣ ਵਾਲੇ ਉਮੀਦਵਾਰਾਂ, ਏਜੰਟਾਂ ਅਤੇ ਮੀਡੀਆ ਕਰਮੀਆਂ ਨੂੰ ਆਪਣੇ ਵਾਹਨ ਨਿਰਧਾਰਤ ਪਾਰਕਿੰਗ ਯਾਰਡਾਂ ਵਿੱਚ ਹੀ ਪਾਰਕ ਕਰਨੇ ਹੋਣਗੇ ਅਤੇ ਕਿਸੇ ਕਿਸਮ ਦੀ ਭੀੜ ਨਹੀਂ ਹੋਣ ਦਿੱਤੀ ਜਾਵੇਗੀ।  ਉਨ੍ਹਾਂ ਅੱਗੇ ਕਿਹਾ ਕਿ ਅਣ-ਅਧਿਕਾਰਤ ਵਾਹਨਾਂ ਅਤੇ ਵਿਅਕਤੀਆਂ ਨੂੰ ਇਨ੍ਹਾਂ ਭਾਰੀ ਸੁਰੱਖਿਆ ਵਾਲੇ ਕੇਂਦਰਾਂ ਤੋਂ ਦੂਰ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਮੀਦਵਾਰਾਂ, ਏਜੰਟਾਂ ਜਾਂ ਅਧਿਕਾਰੀਆਂ ਸਮੇਤ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਵਿੱਚ ਮੋਬਾਈਲ ਜਾਂ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸ਼੍ਰੀਮਤੀ ਕੌਰ ਨੇ ਕਿਹਾ ਕਿ ਜਿਹੜੇ ਲੋਕ ਜ਼ਿਲ੍ਹਾ ਚੋਣ ਅਫ਼ਸਰ/ਰਿਟਰਨਿੰਗ ਅਫ਼ਸਰ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਹੀ ਗਿਣਤੀ ਕੇਂਦਰ ਤੱਕ ਜਾਣ ਦੀ ਇਜਾਜ਼ਤ ਹੋਵੇਗੀ।  ਐਸ ਐਸ ਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰੇਕ ਗਿਣਤੀ ਕੇਂਦਰ ਦੇ ਅੰਦਰ ਅਤੇ ਬਾਹਰ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ। ਸ਼੍ਰੀਮਤੀ ਕੌਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਵੇਰੇ 8 ਵਜੇ ਪੋਸਟਲ ਬੈਲਟ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਈ.ਵੀ.ਐਮਜ਼ ਦੀ ਗਿਣਤੀ ਸ਼ੁਰੂ ਹੋਵੇਗੀ।  
ਫ਼ੋਟੋ ਕੈਪਸ਼ਨ: ਐਸ ਐਸ ਪੀ ਕੰਵਰਦੀਪ ਕੌਰ ਜ਼ਿਲ੍ਹੇ 'ਚ ਗਿਣਤੀ ਕੇਂਦਰਾਂ ਦੇ ਸੁਰੱਖਿਆ ਪ੍ਰਬੰਧਾਂ  ਦਾ ਜਾਇਜ਼ਾ ਲੈਂਦੇ ਹੋਏ।