ਸਾਡਾ ਸੂਬਾ ਮੁੜ ਤੋਂ ਬਣੇਗਾ ਰੰਗਲਾ ਪੰਜਾਬ-ਡਾ. ਬਲਬੀਰ ਸਿੰਘ

ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦਾ 58ਵਾਂ ਸਾਲਾਨਾ ਖੇਡ ਸਮਾਰੋਹ
ਪਟਿਆਲਾ, 26 ਮਾਰਚ:- ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੇ 58ਵੇਂ ਸਾਲਾਨਾ ਖੇਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਸਮਾਰੋਹ ਦਾ ਆਗਾਜ਼ ਉਲਪਿੰਕ ਮਸ਼ਾਲ ਜਗ੍ਹਾ ਕੇ ਕੀਤਾ, ਉਨ੍ਹਾਂ ਦੇ ਨਾਲ ਕਰਨਲ (ਸੇਵਾ ਮੁਕਤ) ਜੈਵੇਂਦਰਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਵਿਧਾਇਕ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਖੇਡਾਂ, ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ 'ਚ ਸ਼ਾਮਲ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਨਾਲ ਜਿੱਥੇ ਸਰੀਰ ਅਰੋਗ ਰਹਿੰਦਾ ਹੈ ਤੇ ਨਾਲ-ਨਾਲ ਸਮਾਜ 'ਚ ਮਿਲਵਰਤਣ ਦੀ ਭਾਵਨਾ ਵੀ ਵਧਦੀ ਹੈ। ਡਾ. ਬਲਬੀਰ ਸਿੰਘ ਨੇ ਸਮਾਰੋਹ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਵਿਸ਼ੇਸ਼ ਮਹਿਮਾਨ ਕਰਨਲ ਜੈਵੇਂਦਰ ਸਿੰਘ (ਰਿਟਾ.) ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਤ ਕੀਤਾ। ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਦੌੜ, ਸ਼ਾਰਟ-ਪੁੱਟ, ਡਿਸਕਸ ਥਰੋ, ਹਾਈ ਜੰਪ, ਲੌਂਗ ਜੰਪ ਆਦਿ ਖੇਡਾ ਵਿੱਚ ਭਾਗ ਲਿਆ ਗਿਆ। ਇਸ ਦੌਰਾਨ ਲੜਕਿਆਂ 'ਚੋਂ ਹਰਜੋਤ ਸਿੰਘ ਤੇ ਲੜਕੀਆਂ 'ਚੋਂ ਸੁਮਨ ਬੈਸਟ ਐਥਲੀਟ ਰਹੇ।
ਇਸ ਮੌਕੇ ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਚਰਨਜੀਤ ਕੌਰ, ਬਿਕਰਮ ਕਾਲਜ ਆਫ਼ ਕਾਮਰਸ ਦੇ ਪ੍ਰਿੰਸੀਪਲ ਡਾ. ਕੁਸਮ ਲਤਾ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਮਲੇਰਕੋਟਲਾ ਦੇ ਪ੍ਰਿੰਸੀਪਲ ਡਾ. ਸਤੀਸ਼ ਕੁਮਾਰ, ਸਾਬਕਾ ਪ੍ਰਿੰਸੀਪਲ ਡਾ. ਨੀਲਮਜੀਤ ਕੌਰ, ਸਾਬਕਾ ਐਸੋਸੀਏਟ ਪ੍ਰੋਫੈਸਰ ਵੀਰਦੇਵ ਸਿੰਘ ਜੇਜੀ, ਡਾ. ਕੁਲਦੀਪ ਸਿੰਘ, ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਵੀ ਸ਼ਾਮਿਲ ਹੋਏ। ਖੇਡ ਸਮਾਰੋਹ ਦੇ ਇੰਚਾਰਜ ਡਾ. ਹਰਦੀਪ ਕੌਰ ਸੈਣੀ, ਡਾ. ਕੁਲਜੀਤ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।