ਪਟਿਆਲਾ, 8 ਨਵੰਬਰ:- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ ਕਰਨਲ (ਸੇਵਾਮੁਕਤ)
ਐਮ.ਐਸ ਰੰਧਾਵਾ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫੌਜ ਅਤੇ
ਨੀਮ ਫੌਜੀ ਬਲਾਂ ਵਿੱਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆਂ ਲਈ ਪ੍ਰੀ-ਰਿਕਰੂਟਮੈਂਟ
ਟਰੇਨਿੰਗ ਕੋਰਸ 15 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਮੰਤਵ ਸੈਨਾ ਵਿੱਚ
ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਬਾਕੀ ਸ਼੍ਰੇਣੀਆਂ ਦੇ ਬੱਚਿਆਂ ਨੂੰ
ਫੌਜ, ਨੀਮ ਫੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ। ਉਹਨਾਂ
ਦੱਸਿਆ ਕਿ ਇਹ ਕੋਰਸ 45 ਦਿਨ ਦਾ ਹੋਵੇਗਾ। ਜਿਸ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੌਰ
'ਤੇ ਭਰਤੀ ਲਈ ਲੋੜੀਂਦੇ ਮਿਆਰ ਲਈ ਤਿਆਰ ਕੀਤਾ ਜਾਵੇਗਾ ਅਤੇ ਲਿਖਤੀ ਇਮਤਿਹਾਨ ਦੀ
ਤਿਆਰੀ ਵੀ ਕਰਵਾਈ ਜਾਵੇਗੀ।
ਲੈਫ ਕਰਨਲ ਐਮ.ਐਸ ਰੰਧਾਵਾ ਨੇ ਦੱਸਿਆ ਫ਼ੌਜ ਵਿੱਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ
ਉਮਰ 17-1/2 ਤੋਂ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77 ਤੋਂ 82 ਸੈਂਟੀਮੀਟਰ ਅਤੇ
ਉਮੀਦਵਾਰ ਦਾ ਵਜ਼ਨ ਘੱਟੋ ਘੱਟ 50 ਕਿੱਲੋ ਹੋਣਾ ਚਾਹੀਦਾ ਹੈ ਅਤੇ ਉਮੀਦਵਾਰ ਦਸਵੀਂ ਕਲਾਸ
ਵਿੱਚ ਕੁੱਲ 45 ਫੀਸਦੀ ਅੰਕ ਅਤੇ ਹਰੇਕ ਵਿਸ਼ੇ ਵਿੱਚ 33 ਫ਼ੀਸਦੀ ਨੰਬਰਾਂ ਨਾਲ ਪਾਸ ਹੋਣ
ਜ਼ਰੂਰੀ ਹੈ। ਕਲਰਕ/ਐਸ.ਕੇ.ਟੀ ਦੀ ਭਰਤੀ ਲਈ ਉਮੀਦਵਾਰਾਂ ਦੀ ਉਮਰ 17-1/2 ਤੋਂ 23 ਸਾਲ
ਦੇ ਵਿਚਕਾਰ ਅਤੇ ਕੱਦ ਘੱਟੋ ਘੱਟ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਤੇ
ਗਣਿਤ/ਅਕਾਉਂਟਿੰਗ/ਬੁੱਕ ਕੀਪਿੰਗ ਵਿਸ਼ਿਆਂ ਵਿਚ 50 ਫੀਸਦੀ ਨੰਬਰਾਂ ਨਾਲ ਪਾਸ ਹੋਣਾ
ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਪੜ੍ਹਾਈ ਦੇ ਸਰਟੀਫਿਕੇਟ, ਪਾਸਪੋਰਟ ਸਾਈਜ਼
ਫ਼ੋਟੋ, ਡਿਸਚਾਰਜ ਬੁੱਕ (ਕੇਵਲ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ) ਅਤੇ ਐਸ.ਸੀ ਜਾਤੀ ਦੇ
ਉਮੀਦਵਾਰ ਆਪਣਾ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ
ਦਫ਼ਤਰ, ਪਟਿਆਲਾ, ਨੇੜੇ ਰੇਲਵੇ ਸਟੇਸ਼ਨ, ਵਿਖੇ ਆਪਣੇ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ
ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਉਮੀਦਵਾਰ ਹੀ ਇਸ ਟ੍ਰੇਨਿੰਗ ਵਿਚ ਸ਼ਾਮਲ ਹੋ
ਸਕਦੇ ਹਨ। ਪ੍ਰੀ-ਰਿਕਰੂਟਮੈਂਟ ਸੈਂਟਰ ਸਿਖਲਾਈ ਲਈ ਇਕ ਆਲ ਵੈਦਰ ਟਰੈਕ ਅਤੇ ਟ੍ਰੇਨਿੰਗ
ਦੇ ਜ਼ਰੂਰੀ ਸਾਜੇ ਸਮਾਨ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰ.0175-2361188,
7888343525 ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।