ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਲਈ ਰਵਾਨਾ

ਨਵਾਸ਼ਹਿਰ 25 ਨਵੰਬਰ :- ਦਿੱਲੀ ਬਾਰਡਰ ਤੇ 26 ਨਵੰਬਰ ਨੂੰ ਕਿਸਾਨੀ ਘੋਲ ਦੀ ਵਰ੍ਹੇਗੰਢ ਮਨਾਉਣ ਲਈ ਅੱਜ ਸਥਾਨਕ ਰਿਲਾਇੰਸ ਸਟੋਰ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਦਿੱਲੀ ਨੂੰ ਰਵਾਨਾ ਹੋਇਆ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਦਾ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਅਮਲ ਸ਼ੁਰੂ ਕਰਨਾ ਕਿਸਾਨਾਂ ਦੀ ਜਿੱਤ ਹੈ।ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਐਮ ਐਸ ਪੀ ਦੀ ਗਰੰਟੀ ਸਬੰਧੀ ਕਾਨੂੰਨ, ਕਿਸਾਨਾਂ ਦੀ ਸ਼ਹੀਦੀ ਸਮਾਰਕ,ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ,ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਦੀ ਵੀ ਮੰਗ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਵਾਪਸੀ ਕਿਸਾਨਾਂ ਦੇ ਏਕੇ ਅਤੇ ਸੰਘਰਸ਼ ਦੀ ਜਿੱਤ ਹੈ ।ਉਹਨਾਂ ਕਿਹਾ ਕਿ ਕਿਸਾਨਾਂ ਦੇ ਇਸ ਘੋਲ ਨੂੰ ਅਸਫਲ ਬਣਾਉਣ ਲਈ ਮੋਦੀ ਸਰਕਾਰ ਨੇ ਹਰ ਤਰ੍ਹਾਂ ਦੇ ਘਟੀਆ ਹੱਥਕੰਡੇ ਅਪਣਾਏ।700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ।ਕਿਸਾਨਾਂ ਨੇ ਅੰਤਾਂ ਦੀ ਗਰਮੀ ਅਤੇ ਸਰਦੀ ਆਪਣੇ ਪਿੰਡਿਆਂ ਉੱਤੇ ਹੰਢਾਈ।ਕਿਸਾਨਾਂ ਦਾ ਸਬਰ ਅਤੇ ਅਨੁਸ਼ਾਸਨ ਰੰਗ ਲਿਆਇਆ।ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਪਹਿਲੇ ਦਿਨ ਤੋਂ ਹੀ ਆਖ ਰਹੀਆਂ ਸਨ ਕਿ ਕਿਸਾਨ ਘੋਲ ਜਿੱਤ ਕੇ ਹੀ ਘਰਾਂ ਨੂੰ ਪਰਤਣਗੇ ।ਜਿਹਨਾਂ ਨੇ ਆਪਣੇ ਬੋਲ ਪੁਗਾਏ।ਇਸ ਜਥੇ ਵਿਚ ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ, ਮੱਖਣ ਸਿੰਘ ਭਾਨਮਜਾਰਾ, ਮਨਜੀਤ ਕੌਰ ਅਲਾਚੌਰ,ਸੁਰਿੰਦਰ ਸਿੰਘ ਮਹਿਰਮਪੁਰ,ਬਿੱਕਰ ਸਿੰਘ ਸ਼ੇਖੂਪੁਰ,ਗੁਰਦਿਆਲ ਰੱਕੜ ,ਬਚਿੱਤਰ ਸਿੰਘ ਮਹਿਮੂਦ ਪੁਰ, ਬਲਜਿੰਦਰ ਸਿੰਘ ਤਰਕਸ਼ੀਲ ਅਤੇ ਹੋਰ ਆਗੂ ਸ਼ਾਮਲ ਸਨ।
ਕੈਪਸ਼ਨ : ਕਿਰਤੀ ਕਿਸਾਨ ਯੂਨੀਅਨ ਦਾ ਜਥਾ ਨਵਾਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ।