ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹੈ "ਰਾਸ਼ਟਰੀ ਨਵਜਾਤ ਸ਼ਿਸ਼ੂ ਦੇਖਭਾਲ ਸਪਤਾਹ"
ਨਵਾਂਸ਼ਹਿਰ, 18 ਨਵੰਬਰ 2021:- ਸਿਵਲ ਸਰਜਨ ਡਾ ਇੰਦਰਮੋਹਨ ਗੁਪਤਾ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ 15 ਨਵੰਬਰ ਤੋਂ 21 ਨਵੰਬਰ ਤੱਕ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ ਰਾਸ਼ਟਰੀ ਨਵਜਾਤ ਸਿਸ਼ੂ ਦੇਖਭਾਲ ਸਪਤਾਹ ਮਨਾ ਰਿਹਾ ਹੈ। ਇਸ ਸਪਤਾਹ ਦੌਰਾਨ ਨਵਜੰਮੇ ਬੱਚਿਆਂ ਦੀਆਂ ਬਿਮਾਰੀਆਂ ਨੂੰ ਘਟਾਉਣ, ਪੌਸ਼ਣ ਵਿੱਚ ਸੁਧਾਰ ਲਿਆਉਣ ਅਤੇ ਵਾਜਬ ਵਾਧੇ ਲਈ ਨਵਜੰਮੇ ਬੱਚਿਆਂ ਦੀ ਦੇਖਭਾਲ ਦੇ ਮਹੱਤਵ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ। ਇਸ ਵਾਰ ਰਾਸ਼ਟਰੀ ਨਵਜਾਤ ਸ਼ਿਸ਼ੂ ਦੇਖਭਾਲ ਸਪਤਾਹ ਦਾ ਥੀਮ "ਸੁਰੱਖਿਆ, ਗੁਣਵੱਤਾ ਅਤੇ ਬਿਹਤਰ ਦੇਖਭਾਲ - ਹਰੇਕ ਨਵਜਾਤ ਦਾ ਜਨਮ ਸਿੱਧ ਅਧਿਕਾਰ" ਹੈ।
ਇਸ ਸਬੰਧੀ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿਵਲ ਸਰਜਨ ਡਾ ਇੰਦਰਮੋਹਨ ਗੁਪਤਾ ਨੇ ਰਾਸ਼ਟਰੀ ਨਵਜਾਤ ਸਿਸ਼ੂ ਦੇਖਭਾਲ ਸਪਤਾਹ ਦੇ ਸਬੰਧ ਵਿੱਚ ਆਪਣੇ ਸੰਦੇਸ਼ ਵਿੱਚ ਕਿਹਾ ਕਿ ਨਵਜੰਮੇ ਬੱਚਿਆਂ ਦੀ ਬਿਹਤਰ ਦੇਖਭਾਲ ਹੀ ਸਿਹਤਮੰਦ ਜੀਵਨ ਦਾ ਆਧਾਰ ਬਣਦੀ ਹੈ। ਨਵਜੰਮੇ ਬੱਚੇ ਦੇ ਜੀਵਨ ਦੇ ਪਹਿਲੇ ਚਾਰ ਹਫਤੇ ਬਹੁਤ ਨਾਜ਼ੁਕ ਹੁੰਦੇ ਹਨ ਅਤੇ ਜੇਕਰ ਇਸ ਸਮੇਂ ਦੌਰਾਨ ਬੱਚੇ ਦੀ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਬੱਚੇ ਦੇ ਵਿਕਾਸ ਅਤੇ ਵਾਧੇ ਵਿਚ ਦੇਰੀ ਸਮੇਤ ਜਾਨਲੇਵਾ ਸਾਬਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਵਜੰਮੇ ਬੱਚਿਆਂ ਦੀਆਂ ਮੌਤਾਂ ਵਿੱਚ ਅੰਦਾਜ਼ਨ 40 ਫੀਸਦੀ ਮੌਤਾਂ ਜਨਮ ਵਾਲੇ ਦਿਨ ਹੀ ਹੋ ਜਾਂਦੀਆਂ ਹਨ, ਜਦੋਂ ਕਿ ਲਗਭਗ ਤਿੰਨ-ਚੌਥਾਈ ਮੌਤਾਂ ਜਨਮ ਦੇ ਪਹਿਲੇ ਹਫਤੇ ਹੁੰਦੀਆਂ ਹਨ, ਇਸ ਲਈ ਨਵਜਾਤ ਬੱਚਿਆਂ ਦੀ ਸੁਰੱਖਿਅਤ ਅਤੇ ਮਿਆਰੀ ਦੇਖਭਾਲ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਬੱਚੇ ਨੂੰ ਜਨਮ ਤੋਂ ਇਕ ਘੰਟੇ ਦੇ ਅੰਦਰ-ਅੰਦਰ ਮਾਂ ਦਾ ਗਾੜ੍ਹਾ ਪੀਲਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ, ਕਿਉਂਕਿ ਇਹ ਬੱਚੇ ਦਾ ਪਹਿਲਾ ਟੀਕਾ ਹੁੰਦਾ ਹੈ ਅਤੇ ਇਸ ਨੂੰ ਛੇ ਮਹੀਨੇ ਤੱਕ ਜਾਰੀ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬੱਚੇ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ ਤਾਂ ਜੋ ਬੱਚੇ ਨੂੰ ਮਾਰੂ ਰੋਗਾਂ ਤੋਂ ਬਚਾਇਆ ਜਾ ਸਕੇ। ਬੱਚੇ ਨੂੰ ਛੇ ਮਹੀਨੇ ਦੀ ਉਮਰ ਤੋਂ ਬਾਅਦ ਓਪਰੀ ਖੁਰਾਕ ਤਰਲ ਅਤੇ ਠੋਸ ਰੂਪ ਵਿਚ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਦੇ ਅਤੇ ਓਪਰੀ ਖੁਰਾਕ ਦਿੰਦੇ ਸਮੇ ਸਾਫ-ਸੁਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਦਸਤ ਅਤੇ ਨਿਮੋਨੀਆ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਸਪਤਾਹ ਦੌਰਾਨ ਸਿਹਤ ਕਾਮੇ ਅਤੇ ਆਸ਼ਾ ਵਰਕਰਾਂ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੀ ਦੇਖਭਾਲ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਗੇ। ਜੇਕਰ ਬੱਚੇ ਨੂੰ ਕਿਸੇ ਵੀ ਸਮੇਂ ਕੋਈ ਮੁਸ਼ਕਿਲ ਆਉਦੀ ਹੈ ਤਾਂ ਤਰੁੰਤ ਨੇੜੇ ਦੇ ਸਿਹਤ ਕੇਦਰ ਵਿਚ ਜਾ ਕੇ ਬੱਚੇ ਦਾ ਚੈਕਅੱਪ ਕਰਵਾਇਆ ਜਾਵੇ ਤਾਂ ਕਿ ਸਮੇ ਸਿਰ ਡਾਕਟਰੀ ਸਹਾਇਤਾ ਮਿਲ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ, ਡਾ ਹਰਪਿੰਦਰ ਸਿੰਘ, ਡਾ ਹਰਮੇਸ਼ ਪਾਹਵਾ ਅਤੇ ਐੱਲ ਐੱਚ ਵੀ ਬਲਵਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।