ਵਿਧਾਇਕ ਅੰਗਦ ਸਿੰਘ ਨੇ 1.48 ਕਰੋੜ ਰੁਪਏ ਦਾ ਐਲ ਈ ਡੀ ਸਟਰੀਟ ਲਾਈਟਿੰਗ ਪ੍ਰੋਜੈਕਟ ਸ਼ੁਰੂ ਕੀਤਾ
ਨਵਾਂਸ਼ਹਿਰ, 29 ਨਵੰਬਰ:- ਐਮ ਐਲ ਏ ਨਵਾਂਸ਼ਹਿਰ ਸ. ਅੰਗਦ ਸਿੰਘ ਨੇ ਸੋਮਵਾਰ ਸ਼ਾਮ ਨੂੰ ਸ਼ਹਿਰ ਵਿੱਚ 1.48 ਕਰੋੜ ਰੁਪਏ ਦੀ ਲਾਗਤ ਵਾਲੇ ਐਲ ਈ ਡੀ ਸਟਰੀਟ ਲਾਈਟ ਪ੍ਰੋਜੈਕਟ ਸੀ ਸ਼ੁਰੂਆਤ ਕਰਵਾਈ। ਇਸ ਪ੍ਰਾਜੈਕਟ ਤਹਿਤ ਸ਼ਹਿਰ ਚੋਂ ਲੰਘਦੇ ਸਾਰੇ ਪ੍ਰਮੁੱਖ ਮਾਰਗਾਂ ਦੀਆਂ ਲਾਈਟਾਂ ਐਲ ਈ ਡੀ ਨਾਲ ਤਬਦੀਲ ਹੋਣਗੀਆਂ।
ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ ਦੀ ਮੌਜੂਦਗੀ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਨਵੀਆਂ ਸਮਾਰਟ ਐਲਈਡੀ ਸਟਰੀਟ ਲਾਈਟਾਂ ਘੱਟ ਊਰਜਾ ਖਪਤ ਕਰਦਿਆਂ ਹਨ ਅਤੇ ਕੌਂਸਲ ਦੇ ਬਿਜਲੀ ਖਰਚੇ ਨੂੰ ਬਚਾਉਣ ਵਿੱਚ ਸਹਾਈ ਹੋਣਗੀਆਂ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਚੰਡੀਗੜ੍ਹ ਰੋਡ, ਬੰਗਾ ਰੋਡ, ਗੜ੍ਹਸ਼ੰਕਰ ਰੋਡ ਅਤੇ ਰਾਹੋਂ ਰੋਡ ਸਮੇਤ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਾਰੀਆਂ ਸਟਰੀਟ ਲਾਈਟਾਂ ਨੂੰ ਊਰਜਾ-ਕੁਸ਼ਲ ਐਲਈਡੀ ਆਧਾਰਿਤ ਸਟਰੀਟ ਲਾਈਟ ਸਿਸਟਮ ਨਾਲ ਬਦਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੁੱਲ ਪ੍ਰੋਜੈਕਟ 'ਤੇ ਲਗਭਗ 1.48 ਕਰੋੜ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਨੇ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਪੂਰੇ ਸ਼ਹਿਰ ਚ ਐਲ ਈ ਡੀ ਲਾਈਟਾਂ ਹੋ ਜਾਣਗੀਆਂ ਜਿਸ ਨਾਲ ਨਗਰ ਕੌਂਸਲ ਦੇ ਬਿਜਲੀ ਬਿੱਲ ਦੀ ਬੱਚਤ ਵੀ ਹੋਵੇਗੀ।
ਵਿਧਾਇਕ ਨੇ ਅਧਿਕਾਰੀਆਂ ਨੂੰ ਅਗਲੇ ਮਹੀਨੇ ਦੇ ਅੰਦਰ-ਅੰਦਰ ਲਾਈਟਾਂ ਲਾਉਣ ਦੀ ਪ੍ਰਕਿਰਿਆ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਤੇ ਨਵਾਂਸ਼ਹਿਰ ਸਮੇਤ ਇਸ ਜ਼ਿਲ੍ਹੇ ਦੀ ਖੁਸ਼ਹਾਲੀ, ਤਰੱਕੀ ਅਤੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰੱਖੀ ਜਾਵੇਗੀ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਤੋਂ ਇਲਾਵਾ ਕੌਂਸਲਰ ਕੁਲਵੰਤ ਕੌਰ, ਜਸਵੀਰ ਕੌਰ ਬਡਵਾਲ, ਚੇਤ ਰਾਮ ਰਤਨ, ਬਲਵਿੰਦਰ ਭੁੰਬਲਾ, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਪ੍ਰਦੀਪ ਚਾਂਦਲਾ, ਗੁਰਦੇਵ ਕੌਰ, ਜਤਿੰਦਰ ਬਾਲੀ, ਕਪਿਲ ਕਿਰਪਾਲ ਤੇ ਕਰਨ ਦੀਵਾਨ ਵੀ ਮੌਜੂਦ ਸਨ।