-ਰਾਜਪੁਰਾ, ਕੁਰਾਲੀ, ਧਨੌਲਾ, ਖਨੌਰੀ ਤੇ ਮੂਣਕ ਸ਼ਹਿਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਨੂੰ
ਮਿਲਿਆ ਮਾਣ-ਜ਼ਸਨਪ੍ਰੀਤ ਕੌਰ ਗਿੱਲ
-2021 ਦੇ ਸਵੱਛ ਸਰਵੇਖਣ ਤੇ ਕੂੜਾ ਮੁਕਤ ਸਟਾਰ ਰੇਟਿੰਗ ਤਹਿਤ ਸਹੀ ਨਤੀਜੇ ਤੇ
ਦਰਜਾਬੰਦੀ ਦਾ ਐਲਾਨ 20 ਨਵੰਬਰ ਨੂੰ
ਪਟਿਆਲਾ, 17 ਨਵੰਬਰ:- ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼ਹਿਰੀ ਲੋਕਲ
ਬਾਡੀਜ਼ ਪਟਿਆਲਾ ਖੇਤਰ ਦੇ ਦਫ਼ਤਰ ਲਈ ਇਹ ਬੜ੍ਹੇ ਮਾਣ ਵਾਲੀ ਗੱਲ ਹੈ, ਕਿ ਇਸ ਅਧੀਨ
ਆਉਂਦੀਆਂ ਪੰਜ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਭਾਰਤ
ਦੇ ਰਾਸ਼ਟਰਪਤੀ ਦੀ ਪ੍ਰਧਾਨਗੀ ਹੇਠ 20 ਨਵੰਬਰ 2021 ਨੂੰ ਹੋਣ ਵਾਲੇ ਸਵੱਛ ਭਾਰਤ ਮਿਸ਼ਨ
ਤਹਿਤ ਇਨਾਮ ਵੰਡ ਸਮਾਰੋਹ ਵਿੱਚ ਭਾਗ ਲੈਣ ਲਈ ਸੱਦਾ ਪੱਤਰ ਮਿਲਿਆ ਹੈ। ਇਹ ਜਾਣਕਾਰੀ
ਪੀ.ਡੀ.ਏ. ਪਟਿਆਲਾ ਦੇ ਅਸਟੇਟ ਅਫ਼ਸਰ ਜਸ਼ਨਪ੍ਰੀਤ ਕੌਰ ਗਿੱਲ ਨੇ ਦਿੱਤੀ, ਜੋ ਕਿ ਪਹਿਲਾਂ
ਪਟਿਆਲਾ ਵਿਖੇ ਡਿਪਟੀ ਡਾਇਰੈਕਟਰ ਸ਼ਹਿਰੀ ਲੋਕਲ ਬਾਡੀਜ਼ ਵਜੋਂ ਤਾਇਨਾਤ ਸਨ।
ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਸ਼ਹਿਰੀ ਲੋਕਲ ਬਾਡੀਜ਼ ਪਟਿਆਲਾ
ਖੇਤਰ, ਜਿਸ ਨੂੰ ਕਿ ਹੁਣ ਪੰਜਾਬ ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)
ਦੇ ਦਫ਼ਤਰ 'ਚ ਤਬਦੀਲ ਕਰ ਦਿੱਤਾ ਗਿਆ ਹੈ, ਅਧੀਨ ਪਹਿਲਾਂ ਆਉਂਦੀਆਂ 5 ਸ਼ਹਿਰੀ
ਸੰਸਥਾਵਾਂ, ਰਾਜਪੁਰਾ, ਕੁਰਾਲੀ, ਧਨੌਲਾ, ਖਨੌਰੀ ਅਤੇ ਮੂਣਕ ਪਟਿਆਲਾ ਖੇਤਰ ਦੀ
ਨੁਮਾਇੰਦਗੀ ਕਰਨਗੀਆਂ ਜਦਕਿ ਪੂਰੇ ਰਾਜ 'ਚੋਂ 11 ਸ਼ਹਿਰ ਇਸ ਸਮਾਗਮ 'ਚ ਹਿਸਾ ਲੈਣਗੇ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸਵੱਛਤਾ ਦੀ ਸਮੁੱਚੀ ਸਥਿਤੀ ਨੂੰ
ਬਿਹਤਰ ਬਣਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ, ਹਰ ਸਾਲ ਰਾਸ਼ਟਰੀ ਪੱਧਰ 'ਤੇ ਸਵੱਛ ਸਰਵੇਖਣ
ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਸੇਵਾ ਪੱਧਰ ਦੇ ਮਾਪਦੰਡਾਂ ਵਿੱਚ ਪ੍ਰਾਪਤੀ, ਸੁਧਰੀ
ਸਫਾਈ ਦੀ ਦਸ਼ਾ ਅਤੇ ਬਿਹਤਰ ਜਨਤਕ ਫੀਡਬੈਕ ਦੇ ਆਧਾਰ 'ਤੇ ਸ਼ਹਿਰਾਂ ਨੂੰ ਰਾਸ਼ਟਰੀ, ਖੇਤਰੀ
ਅਤੇ ਰਾਜ ਪੱਧਰ 'ਤੇ ਦਰਜਾ ਦਿੱਤਾ ਜਾਣਾ ਹੈ। 2021 ਦੇ ਸਵੱਛ ਸਰਵੇਖਣ ਅਤੇ ਕੂੜਾ ਮੁਕਤ
ਸਟਾਰ ਰੇਟਿੰਗ ਦੇ ਤਹਿਤ ਸਹੀ ਨਤੀਜੇ ਅਤੇ ਦਰਜਾਬੰਦੀ ਦਾ ਐਲਾਨ 20 ਨਵੰਬਰ 2021 ਨੂੰ
ਭਾਰਤ ਦੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ
ਜਸ਼ਨਪ੍ਰੀਤ ਕੌਰ ਗਿੱਲ ਨੇ ਅੱਗੇ ਦੱਸਿਆ ਕਿ ਸੂਬੇ ਦੇ 6 ਖੇਤਰਾਂ 'ਚ ਪੈਂਦੀਆਂ ਸਾਰੀਆਂ
ਨਗਰ ਨਿਗਮਾਂ ਤੇ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ ਹਰ ਸਾਲ ਸਵੱਛ ਸਰਵੇਖਣ ਵਿੱਚ ਹਿੱਸਾ
ਲੈਂਦੀਆਂ ਹਨ। ਇਸ ਤਰ੍ਹਾਂ ਇਹ ਸਿਰਫ਼ ਸ਼ਹਿਰ ਤੋਂ ਸ਼ਹਿਰ ਵਿੱਚ ਮੁਕਾਬਲਾ ਹੀ ਨਹੀਂ ਬਲਕਿ
ਇਹ ਇੱਕ ਅੰਤਰਰਾਜੀ ਮੁਕਾਬਲਾ ਹੈ। ਇਸ ਮੁਕਾਬਲੇ 'ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ
ਰਾਜ ਦੇ ਗਿਆਰਾਂ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਇਨਾਮ ਵੰਡ ਸਮਾਰੋਹ ਵਿੱਚ ਭਾਗ ਲੈਣ
ਲਈ ਖੁਸ਼ਕਿਸਮਤ ਰਹੀਆਂ ਹਨ, ਜਿਨ੍ਹਾਂ 'ਚੋਂ ਪੰਜ ਸ਼ਹਿਰ (ਰਾਜਪੁਰਾ, ਕੁਰਾਲੀ, ਧਨੌਲਾ,
ਖਨੌਰੀ ਅਤੇ ਮੂਨਕ) ਪਟਿਆਲਾ ਖੇਤਰ ਦੀ ਨੁਮਾਇੰਦਗੀ ਕਰਦੇ ਹਨ।
ਸੀਨੀਅਰ ਪੀ.ਸੀ.ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ, ਜੋ ਕਿ ਸਵੱਛ ਸਰਵੇਖਣ-2021
ਦੌਰਾਨ ਪਟਿਆਲਾ ਖੇਤਰ ਦੀ ਡਿਪਟੀ ਡਾਇਰੈਕਟਰ ਸਨ, ਨੇ ਇਨਾਮ ਵੰਡ ਸਮਾਰੋਹ ਵਿੱਚ ਭਾਗ
ਲੈਣ ਵਾਲੇ ਅਤੇ ਪਟਿਆਲਾ ਖੇਤਰ ਸਮੇਤ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਇਸ ਖੇਤਰ ਦੇ ਪੰਜ
ਸ਼ਹਿਰਾਂ ਦੇ ਵਧੀਆ ਨਤੀਜਿਆਂ 'ਤੇ ਤਸੱਲੀ ਪ੍ਰਗਟਾਉਂਦਿਆਂ ਇਨ੍ਹਾਂ ਸ਼ਹਿਰਾਂ ਦੇ
ਅਧਿਕਾਰੀਆਂ ਤੇ ਵਸਨੀਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਜਸ਼ਨਪ੍ਰੀਤ ਕੌਰ ਗਿੱਲ ਨੇ ਇਨ੍ਹਾਂ ਮਿਉਂਸਪਲ ਕਮੇਟੀਆਂ ਦੇ ਕਾਰਜ ਸਾਧਕ ਅਫ਼ਸਰਾਂ ਦੀ
ਸ਼ਲਾਘਾ ਕਰਦਿਆਂ ਖੇਤਰੀ ਪੱਧਰ 'ਤੇ ਇਸ ਵੱਡੀ ਸਫ਼ਲਤਾ ਦਾ ਸਾਰਾ ਸਿਹਰਾ, ਕਾਰਜ ਸਾਧਕ
ਅਫ਼ਸਰ ਤੇ ਪਟਿਆਲਾ ਦੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ ਨੋਡਲ ਅਫ਼ਸਰ ਅਸ਼ਵਨੀ ਕੁਮਾਰ ਨੂੰ
ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਕੁਮਾਰ ਨੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ
ਵਿੱਚ ਖੇਤਰ ਦੇ ਸਾਰੇ ਯੂਐਲਬੀਜ਼ ਦਾ ਸਮਰਪਿਤ ਅਧਿਕਾਰੀ ਵਜੋਂ ਮਾਰਗਦਰਸ਼ਨ ਕੀਤਾ ਹੈ ਅਤੇ
ਰਾਜਪੁਰਾ, ਕੁਰਾਲੀ, ਧਨੌਲਾ, ਖਨੌਰੀ ਅਤੇ ਮੂਨਕ ਨੂੰ ਇਹ ਉਪਲਬਧੀ ਪ੍ਰਾਪਤ ਕਰਨ ਲਈ
ਅਗਵਾਈ ਕੀਤੀ।