ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਵਿਚ ਮਹਿੰਗਾਈ ਵਿਰੁੱਧ ਜਿਲਾ ਪੱਧਰੀ ਮੁਜਾਹਰਾ 12 ਨਵੰਬਰ ਨੂੰ

ਨਵਾਂਸ਼ਹਿਰ 3 ਨਵੰਬਰ:- ਕਿਰਤੀ ਕਿਸਾਨ ਯੂਨੀਅਨ ਵਲੋਂ 12 ਨਵੰਬਰ ਨੂੰ 11 ਵਜੇ ਨਵਾਂਸ਼ਹਿਰ ਵਿਖੇ ਮਹਿੰਗਾਈ ਵਿਰੁੱਧ ਜਿਲਾ ਪੱਧਰੀ ਮੁਜਾਹਰਾ ਕੀਤਾ ਜਾਵੇਗਾ। ਇਹ ਫੈਸਲਾ ਅੱਜ ਰਿਲਾਇੰਸ ਦੇ ਸਥਾਨਕ ਮੌਲ ਅੱਗੇ ਲੱਗੇ ਪੱਕੇ ਧਰਨਾ ਸਥਾਨ ਤੇ ਯੂਨੀਅਨ ਦੀ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਜਿਲਾ ਕਮੇਟੀ ਦੀ ਵਧਵੀਂ ਮੀਟਿੰਗ ਵਿਚ ਕੀਤਾ ਗਿਆ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਅੰਤਾਂ ਦੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ, ਕਰਿਆਨਾ ਅਤੇ ਹੋਰ ਨਿੱਤ ਵਰਤੋਂ ਦੀਆਂ ਚੀਜਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਜਿਹਨਾਂ ਨੇ ਆਮ ਲੋਕਾਂ ਦਾ ਜੀਵਨ ਬਹੁਤ ਕਠਿਨ ਬਣਾ ਦਿੱਤਾ ਹੈ ਪਰ ਸਰਕਾਰਾਂ ਜਾਤੀਵਾਦ, ਫਿਰਕੂਵਾਦ ਰਾਹੀਂ ਲੋਕਾਂ ਦਾ ਧਿਆਨ ਭਟਕਾ ਕੇ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਵਿਚ ਲੱਗੀਆਂ ਹੋਈਆਂ ਹਨ।ਰਾਜਸੀ ਪਾਰਟੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਲੱਗੀਆਂ ਹੋਈਆਂ ਹਨ।ਤਿੰਨ ਖੇਤੀ ਕਾਨੂੰਨਾਂ ਵਿਰੁੱਧ ਘੋਲ ਅਤੇ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਲਈ ਚੱਲਦੇ ਕਿਸਾਨੀ ਘੋਲ ਨੂੰ ਲੀਹੋਂ ਲਾਹੁਣ ਲਈ ਘਟੀਆ ਹੱਥਕੰਡੇ ਵਰਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਕਿਸਾਨੀ ਘੋਲ ਨੂੰ ਹੋਰ ਤਿੱਖਾ ਅਤੇ ਵਿਆਪਕ ਬਣਾਉਣ ਲਈ ਕਿਸਾਨਾਂ ਦੀਆਂ ਮੀਟਿੰਗਾਂ ਤੈਅ ਕੀਤੀਆਂ ਗਈਆਂ ਹਨ। ਜਿਸ ਅਨੁਸਾਰ 7 ਨਵੰਬਰ ਨੂੰ11 ਵਜੇ ਖਟਕੜ ਕਲਾਂ ਵਿਖੇ ਇਲਾਕਾ ਬੰਗਾ ਦੀ ਮੀਟਿੰਗ, 8 ਨਵੰਬਰ ਨੂੰ 11 ਵਜੇ ਗੁਰਦੁਆਰਾ ਸ਼ਹੀਦਾਂ ਅਸਮਾਨ ਪੁਰ ਵਿਖੇ ਇਲਾਕਾ ਨਵਾਸ਼ਹਿਰ ਦੀ ਮੀਟਿੰਗ, 9 ਨਵੰਬਰ ਨੂੰ11ਵਜੇ ਸਾਹਲੋਂ ਵਿਖੇ ਇਲਾਕਾ ਔੜ ਦੀ ਮੀਟਿੰਗ, 10 ਨਵੰਬਰ ਨੂੰ 11 ਵਜੇ ਪਿੰਡ ਚੱਕ ਰਾਮੂੰ ਵਿਖੇ ਇਲਾਕਾ ਬਹਿਰਾਮ ਦੀ ਮੀਟਿੰਗ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ 6 ਨਵੰਬਰ ਤੋਂ ਰੋਜਾਨਾ ਸ਼ਾਮ 5 ਵਜੇ ਤੋਂ 6 ਵਜੇ ਤੱਕ ਅੰਬੇਡਕਰ ਚੌਂਕ ਨਵਾਸ਼ਹਿਰ ਵਿਖੇ ਮਹਿੰਗਾਈ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾਇਆ ਕਰੇਗਾ।ਮੀਟਿੰਗ ਵਿਚ ਦਿੱਲੀ ਦੇ ਮੋਰਚੇ ਵਿਚ ਹੋਰ ਸ਼ਮੂਲੀਅਤ ਵਧਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿਚ ਤਰਸੇਮ ਸਿੰਘ ਬੈਂਸ, ਬੂਟਾ ਸਿੰਘ ਮਹਿਮੂਦ ਪੁਰ, ਪਰਮਜੀਤ ਸ਼ਹਾਬਪੁਰ, ਅਵਤਾਰ ਕੱਟ, ਨਿਰਮਲ ਸਿੰਘ ਉੜਾਪੜ, ਬਲਵੀਰ ਸਿੰਘ ਉੜਾਪੜ,ਸੁਰਜੀਤ ਕੌਰ ਉਟਾਲ, ਮਨਜੀਤ ਕੌਰ ਅਲਾਚੌਰ, ਜਗਤਾਰ ਸਿੰਘ ਜਾਡਲਾ,ਅਵਤਾਰ ਸਿੰਘ ਉੜਾਪੜ, ਸੁਰਿੰਦਰ ਮੀਰਪੁਰੀ, ਮੋਹਨ ਸਿੰਘ ਲੰਗੜੋਆ, ਕਰਨੈਲ ਸਿੰਘ ਉੜਾਪੜ ਆਗੂ ਵੀ ਮੌਜੂਦ ਸਨ।
ਕੈਪਸ਼ਨ: ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ।