ਨਵਾਂਸ਼ਹਿਰ, 13 ਨਵੰਬਰ : - ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ
ਵੱਲੋਂ ਅੱਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ-ਵੱਖ ਭਲਾਈ ਸਕੀਮਾਂ ਅਤੇ ਵਿਕਾਸ
ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ
ਵਿਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਵਿਧਾਇਕ
ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਮੌਜੂਦਗੀ ਵਿਚ ਵੱਖ-ਵੱਖ ਮੀਟਿੰਗਾਂ ਦੀ
ਪ੍ਰਧਾਨਗੀ ਕਰਦਿਆਂ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ
ਲੋਕ ਹਿੱਤ ਦੇ ਕੰਮਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅੰਦਰ ਤੇਜ਼ੀ ਨਾਲ
ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਚੱਲ ਰਿਹਾ ਕੋਈ ਵੀ ਵਿਕਾਸ ਕਾਰਜ
ਰੁਕਣਾ ਨਹੀਂ ਚਾਹੀਦਾ ਅਤੇ ਜੇਕਰ ਇਸ ਸਬੰਧੀ ਕਿਸੇ ਵੀ ਤਰਾਂ ਦੀ ਦਿੱਕਤ ਪੇਸ਼ ਆਉਂਦੀ
ਹੈ, ਤਾਂ ਫੌਰਨ ਉਨਾਂ ਦੇ ਧਿਆਨ ਵਿਚ ਲਿਆਂਦੀ ਜਾਵੇ। ਉਨਾਂ ਹਦਾਇਤ ਕੀਤੀ ਕਿ ਪੰਜਾਬ
ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਫਲੈਗਸ਼ਿਪ ਪ੍ਰੋਗਰਾਮਾਂ ਦਾ ਕੋਈ ਵੀ ਯੋਗ ਲਾਭਪਾਤਰੀ
ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਦੌਰਾਨ ਉਨਾਂ ਹਲਕਾ ਵਾਰ ਭਲਾਈ ਸਕੀਮਾਂ
ਅਤੇ ਵਿਕਾਸ ਕਾਰਜਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਸਬੰਧਤ ਵਿਭਾਗਾਂ ਦੇ
ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਿਧਾਇਕ ਅੰਗਦ ਸਿੰਘ ਅਤੇ
ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਆਪਣੇ ਹਲਕਿਆਂ ਵਿਚ ਵਿਕਾਸ ਕਾਰਜਾਂ ਸਬੰਧੀ
ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ, ਜਿਸ 'ਤੇ ਪ੍ਰਮੁੱਖ ਸਕੱਤਰ ਵਲੋਂ ਸਬੰਧਤ ਅਧਿਕਾਰੀਆਂ
ਨੂੰ ਇਨਾਂ ਸਮੱਸਿਆਵਾਂ ਦੇ ਫੌਰਨ ਨਿਪਟਾਰੇ ਦੀ ਹਦਾਇਤ ਕੀਤੀ ਗਈ।
ਇਸ ਦੌਰਾਨ ਉਨਾਂ ਝੋਨੇ ਦੀ ਖ਼ਰੀਦ, 5-5 ਮਰਲੇ ਦੇ ਪਲਾਟ, 2 ਕਿਲੋਵਾਟ ਤੱਕ ਦੇ ਬਿਜਲੀ
ਬਕਾਇਆਂ ਦੀ ਮੁਆਫ਼ੀ, ਸਮਾਰਟ ਵਿਲੇਜ਼ ਮੁਹਿੰਮ, ਸ਼ਹਿਰੀ ਵਿਕਾਸ, ਪੰਜਾਬ ਨਿਰਮਾਣ
ਪ੍ਰੋਗਰਾਮ, ਅਮਨ ਤੇ ਕਾਨੂੰਨ, ਕੰਢੀ ਖੇਤਰ ਦੇ ਵਿਕਾਸ ਫੰਡ, ਮਗਨਰੇਗਾ, ਆਸ਼ੀਰਵਾਦ
ਸਕੀਮ, ਪੈਨਸ਼ਨ ਸਕੀਮ, ਨੀਲੇ ਕਾਰਡ ਅਤੇ ਕਰਜਾ ਰਾਹਤ ਆਦਿ ਦੀ ਸਮੀਖਿਆ ਕੀਤੀ ਅਤੇ ਸਬੰਧਤ
ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਸਰਕਾਰ ਵੱਲੋਂ
ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ
ਜਾਵੇ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਨਾਂ ਦੇ ਲਾਭ ਤੋਂ ਵਾਂਝਾ ਨਾ ਰਹੇ। ਡਿਪਟੀ
ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਉਨਾਂ ਨੂੰ ਯਕੀਨ ਦਿਵਾਇਆ ਕਿ ਚੱਲ ਰਹੇ ਸਾਰੇ ਵਿਕਾਸ ਕਾਰਜ
ਤੈਅ ਸਮੇਂ ਅੰਦਰ ਮੁਕੰਮਲ ਕਰਨੇ ਅਤੇ ਹਰੇਕ ਲਾਭਪਾਤਰੀ ਤੱਕ ਭਲਾਈ ਸਕੀਮਾਂ ਅਤੇ
ਪ੍ਰੋਗਰਾਮਾਂ ਦਾ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਰਬੀਰ ਸਿੰਘ, ਵਧੀਕ ਡਿਪਟੀ
ਕਮਿਸ਼ਨਰ (ਜ) ਜਸਬੀਰ ਸਿਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ.
ਡੀ. ਐਮ ਬਲਾਚੌਰ ਦੀਪਕ ਰੁਹੇਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ
ਸਨ।
ਕੈਪਸ਼ਨ :- ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ
ਲਾਲ। ਨਾਲ ਹਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਵਿਧਾਇਕ ਅੰਗਦ ਸਿੰਘ, ਵਿਧਾਇਕ ਚੌਧਰੀ
ਦਰਸ਼ਨ ਲਾਲ ਮੰਗੂਪੁਰ ਤੇ ਹੋਰ।