ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਵੱਲੋਂ ਮਾਈਨਿੰਗ ਖੱਡਾਂ ਦੀ ਅਚਨਚੇਤ ਚੈਕਿੰਗ

ਇਕੱਲੀ-ਇਕੱਲੀ ਸਾਈਟ ਦਾ ਖ਼ੁਦ ਵੇਖਿਆ ਮੌਕਾ *ਕਿਹਾ, ਨਿਰਧਾਰਤ ਰੇਟ ਤੋਂ ਵੱਧ ਵਸੂਲੀ
'ਤੇ ਹੋਵੇਗੀ ਸਖ਼ਤ ਤੋਂ ਸਖ਼ਤ ਕਾਰਵਾਈ
ਨਵਾਂਸ਼ਹਿਰ, 1 ਨਵੰਬਰ :- ਪੰਜਾਬ ਸਰਕਾਰ ਵੱਲੋਂ ਵਿੱਢੇ 'ਮਿਸ਼ਨ ਕਲੀਨ' ਤਹਿਤ ਅੱਜ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਵੱਲੋਂ ਅੱਜ
ਜ਼ਿਲੇ ਦੀਆਂ ਸਮੂਹ ਮਾਈਨਿੰਗ ਖੱਡਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨਾਂ
ਅਧਿਕਾਰੀਆਂ ਸਮੇਤ ਸ਼ਮਸਪੁਰ, ਖੋਜਾ ਅਤੇ ਰੈਲ ਮਾਜਰਾ ਆਦਿ ਵਿਚਲੀਆਂ ਰੇਤ ਖੱਡਾਂ ਦਾ
ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਉਨਾਂ ਕਿਹਾ ਕਿ ਰੇਤ ਮਾਈਨਿੰਗ ਸਬੰਧੀ ਕਿਸੇ ਵੀ ਤਰਾਂ
ਦੀ ਵੱਧ ਵਸੂਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ
ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅੰਜਾਮ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ
ਵੱਲੋਂ ਸੂਬੇ ਭਰ ਵਿਚ ਰੇਤ ਦੀਆਂ ਕੀਮਤਾਂ 9 ਰੁਪਏ ਪ੍ਰਤੀ ਕਿਊਬਕ ਫੁੱਟ ਤੈਅ ਕੀਤੀਆਂ
ਗਈਆਂ ਹਨ, ਜਿਸ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਣੀ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ
ਕਿ ਰੇਤ ਦੀ ਆਵਾਜਾਈ ਵਿਚ ਸ਼ਾਮਲ ਲੋਕਾਂ ਨੂੰ ਵੱਧ ਵਸੂਲੀ ਨਹੀਂ ਕਰਨ ਦਿੱਤੀ ਜਾਵੇਗੀ।
ਉਨਾਂ ਅਧਿਕਾਰੀਆਂ ਨੂੰ ਇਸ ਸਬੰਧੀ ਲਗਾਤਾਰ ਚੈਕਿੰਗ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ
ਕਿ ਇਸ ਸਬੰਧੀ ਕਿਸੇ ਵੀ ਕਿਸਮ ਦੀ ਲਾਪਰਵਾਹੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਇਸ ਤਰਾਂ ਦੇ ਅਚਨਚੇਤ ਛਾਪੇ ਕਿਸੇ ਵੀ ਸਮੇਂ ਲਗਾਤਾਰ ਮਾਰੇ ਜਾਣਗੇ ਅਤੇ
ਇਸ ਸਬੰਧੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਉਨਾਂ ਮਾਈਨਿੰਗ ਵਿਭਾਗ ਦੇ
ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੂਹ ਖੱਡਾਂ 'ਤੇ ਰੇਟ ਦੇ ਨਿਰਧਾਰਤ ਰੇਟਾਂ ਦੇ
ਵੱਡੇ-ਵੱਡੇ ਬੋਰਡ ਲਗਾਏ ਜਾਣ, ਤਾਂ ਜੋ ਕਿਸੇ ਨੂੰ ਵੀ ਇਸ ਲਈ ਵੱਧ ਅਦਾਇਗੀ ਨਾ ਕਰਨੀ
ਪਵੇ।
ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਆਪ ਸਾਈਟ ਤੋਂ ਜਾ ਕੇ ਨਿਰਧਾਰਤ ਕੀਮਤ 'ਤੇ ਰੇਤ ਲੈ
ਸਕਦਾ ਹੈ। ਇਸ ਦੌਰਾਨ ਉਨਾਂ ਖੱਡਾਂ 'ਤੇ ਆਏ ਟਰਾਲੀਆਂ ਵਾਲਿਆਂ ਨਾਲ ਗੱਲਬਾਤ ਕੀਤੀ,
ਜਿਨਾਂ ਨੇ ਦੱਸਿਆ ਕਿ ਹੁਣ ਉਨਾਂ ਨੂੰ ਨਿਰਧਾਰਤ ਕੀਮਤ 'ਤੇ ਰੇਤ ਮਿਲਣੀ ਸ਼ੁਰੂ ਹੋ ਗਈ
ਹੈ। ਡਿਪਟੀ ਕਮਿਸ਼ਨਰ ਨੇ ਉਨਾਂ ਨੂੰ ਕਿਹਾ ਕਿ ਜੇਕਰ ਉਨਾਂ ਨੂੰ ਕਿਸੇ ਵੀ ਤਰਾਂ ਦੀ
ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਜ਼ਿਲਾ ਪੁਲਿਸ ਮੁਖੀ ਕੰਵਰਦੀਪ ਕੌਰ ਵੱਲੋਂ ਇਸ ਸਬੰਧੀ ਜ਼ਿਲੇ ਦੇ ਸਮੂਹ
ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨਾਂ ਨੂੰ ਮਾਈਨਿੰਗ ਸਬੰਧੀ ਹਦਾਇਤਾਂ
ਜਾਰੀ ਕੀਤੀਆਂ ਗਈਆਂ। ਇਸ ਮੌਕੇ ਐਸ. ਪੀ ਪਿਰਥੀਪਾਲ ਸਿੰਘ, ਤਹਿਸੀਲਦਾਰ ਬਲਜਿੰਦਰ
ਸਿੰਘ, ਡੀ. ਐਸ. ਪੀ ਨਵਾਂਸ਼ਹਿਰ ਸੁਰਿੰਦਰ ਚਾਂਦ, ਡੀ. ਐਸ. ਪੀ ਬਲਾਚੌਰ ਤਰਲੋਚਨ ਸਿੰਘ,
ਡੀ. ਐਸ. ਪੀ ਗੁਰਵਿੰਦਰ ਸਿੰਘ, ਮਾਈਨਿੰਗ ਅਫ਼ਸਰ ਰਵਿੰਦਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।