ਪਟਿਆਲਾ, 10 ਨਵੰਬਰ:- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਅੱਜ ਇੱਥੇ
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸਹਿਯੋਗ ਨਾਲ
ਵਿਦਿਆਰਥੀਆਂ, ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਨਾਲ ਮਿਲਕੇ ਸੈਮੀਨਾਰ ਤੇ ਕਾਨੂੰਨੀ
ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਅਥਾਰਟੀ ਦੇ
ਸਕੱਤਰ-ਕਮ-ਸੀ.ਜੇ.ਐਮ. ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ ਪਟਿਆਲਾ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ, 2
ਅਕਤੂਬਰ ਤੋਂ ਅਰੰਭੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੇ ਹਿੱਸੇ ਵਜੋਂ ਅਤੇ
ਸਰਵ ਭਾਰਤੀ ਜਾਗਰੂਕਤਾ ਸਮੇਤ ਆਊਟਰੀਚ ਪ੍ਰੋਗਰਾਮ ਤੋਂ ਇਲਾਵਾ 8 ਤੋਂ 14 ਨਵੰਬਰ, ਤੱਕ
ਮਨਾਏ ਜਾ ਰਹੇ ਕਾਨੂੰਨੀ ਸੇਵਾਵਾਂ ਹਫ਼ਤੇ ਦੀ ਮੁਹਿੰਮ ਨੂੰ ਪਟਿਆਲਾ ਅੰਦਰ ਸਫ਼ਲ ਬਣਾਇਆ
ਹੈ। ਇਹ ਪ੍ਰੋਗਰਾਮ ਵੀ ਇਸੇ ਕੜੀ ਦਾ ਹੀ ਇੱਕ ਹਿੱਸਾ ਸੀ। ਉਨ੍ਹਾਂ ਅੱਗੇ ਦੱਸਿਆ ਕਿ
ਨੈਸ਼ਨਲ ਕਮਿਸ਼ਨ ਫਾਰ ਵੂਮੈਨ ਦੇ ਸਹਿਯੋਗ ਨਾਲ ਔਰਤਾਂ ਲਈ ਕਾਨੂੰਨੀ ਜਾਗਰੂਕਤਾ
ਪ੍ਰੋਗਰਾਮ ਉਲੀਕੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ
ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੈ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ
ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਆਊਟਰੀਚ
ਪ੍ਰੋਗਰਾਮ ਅਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਬਾਰੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ
ਹੀ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ, 1987 ਦੀ ਧਾਰਾ 12 ਅਧੀਨ ਮੁਫ਼ਤ ਕਾਨੂੰਨੀ
ਸੇਵਾਵਾਂ ਲਈ ਹੱਕਦਾਰ ਭਾਵ ਅਨੁਸੂਚਿਤ ਜਾਤੀ, ਜਨਜਾਤੀ ਦੇ ਮੈਂਬਰ, ਮਨੁੱਖੀ ਤਸਕਰੀ ਦੇ
ਸ਼ਿਕਾਰ, ਭਿਖਾਰੀ, ਔਰਤਾਂ ਤੇ ਬੱਚਿਆਂ ਸਮੇਤ ਸਮੂਹਿਕ ਆਫ਼ਤ ਦਾ ਸ਼ਿਕਾਰ, ਇੱਕ ਉਦਯੋਗਿਕ
ਕਾਮਾ ਤੇ ਹਿਰਾਸਤ ਵਿੱਚ ਵਿਅਕਤੀ ਅਤੇ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ ਤਿੰਨ ਲੱਖ
ਤੋਂ ਵੱਧ ਨਾ ਹੋਵੇ, ਇਨ÷ ਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਸ ਪ੍ਰੋਗਰਾਮ ਵਿੱਚ ਕਾਨੂੰਨੀ ਸੇਵਾਵਾਂ ਦੇ ਢੰਗ ਤੇ ਕਾਨੂੰਨੀ ਸੇਵਾਵਾਂ ਦਾ ਲਾਭ
ਕਿਵੇਂ ਲਿਆ ਜਾ ਸਕਦਾ ਹੈ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਉਹਨਾਂ ਨੂੰ
ਨਾਲਸਾ ਤੇ ਪੀੜਤ ਮੁਆਵਜ਼ਾ ਸਕੀਮਾਂ, (ਤੇਜ਼ਾਬੀ ਹਮਲੇ ਦੇ ਪੀੜਤਾਂ ਲਈ ਮੁਫ਼ਤ ਕਾਨੂੰਨੀ
ਸੇਵਾਵਾਂ) ਸਕੀਮ, ਟੋਲ ਫਰੀ ਨੰਬਰ 1968, ਸਥਾਈ ਲੋਕ ਅਦਾਲਤ, ਵਿਚੋਲਗੀ ਦੇ ਫਾਇਦੇ,
ਲੋਕ ਅਦਾਲਤਾਂ ਦੇ ਲਾਭ ਅਤੇ 11 ਦਸੰਬਰ ਨੂੰ ਹੋਣ ਵਾਲੀ ਆਗਾਮੀ ਨੈਸ਼ਨਲ ਲੋਕ ਅਦਾਲਤ
ਬਾਰੇ। ਜਾਣਕਾਰੀਦਿਤੀ ਗਈ। ਇਸ ਮੌਕੇ ਰਿਸੋਰਸ ਪਰਸਨ ਨਿਸ਼ਾ ਰਿਸ਼ੀ ਐਡਵੋਕੇਟ ਨੇ ਵੀ
ਸੰਬੋਧਨ ਕੀਤਾ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕਿਵੇਂ ਕੀਤੀ ਜਾ ਸਕਦੀ ਹੈ,
ਬਾਰੇ ਜਾਗਰੂਕ ਕੀਤਾ। ਆਸ਼ਾ ਕਿਰਨ ਲੈਕਚਰਾਰ ਨੇ ਲਿੰਗ ਸੰਵੇਦਨਸ਼ੀਲਤਾ ਵਿੱਚ ਸਿੱਖਿਆ ਦੀ
ਭੂਮਿਕਾ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ, ਮਹਿਲਾ ਥਾਣਾ ਮੁਖੀ ਰਾਜਵਿੰਦਰ ਕੌਰ,
ਸੀ.ਪੀ.ਓ., ਇੰਸਟੀਚਿਊਸ਼ਨਲ ਕੇਅਰ ਅਤੇ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਰੂਪਵੰਤ ਕੌਰ
ਨੇ ਵੀ ਸੰਬੋਧਨ ਕੀਤਾ। ਉੱਥੇ ਮੌਜੂਦ ਲੋਕਾਂ ਨੂੰ ਸਖੀ ਵਨ ਸਟਾਪ ਸੈਂਟਰ ਦੇ ਕੰਮਕਾਜ
ਬਾਰੇ ਅਤੇ ਉਪਰੋਕਤ ਕੇਂਦਰ ਤੱਕ ਪਹੁੰਚਣ ਦੇ ਤਰੀਕੇ ਬਾਰੇ ਜਾਗਰੂਕ ਕੀਤਾ। ਇਸ ਤੋਂ
ਇਲਾਵਾ ਸਕੂਲ ਦੇ ਵਿਦਿਆਰਥੀਆਂ ਨੇ ਸਾਡੇ ਸਮਾਜ 'ਚ ਔਰਤ ਦੀ ਸਥਿਤੀ ਨੂੰ ਦਰਸਾਉਂਦਾ
ਨਾਟਕ 'ਮੇਰਾ ਘਰ ਤੇਰਾ ਘਰ' ਵੀ ਪੇਸ਼ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਤੋਤਾ ਸਿੰਘ
ਚਹਿਲ, ਲੈਕਚਰਾਰ ਡਾ. ਪੁਸ਼ਵਿੰਦਰ ਕੌਰ ਤੇ ਗੁੁਰਮੀਤ ਸਿੰਘ ਸੀ.ਪੀ.ਓ. ਵੀ ਹਾਜ਼ਰ ਸਨ।ਇਸ
ਮੌਕੇ ਅਧਿਆਪਕਾਂ, ਵਿਦਿਆਰਥੀਆਂ ਤੇ ਆਂਗਣਵਾੜੀ ਵਰਕਰਾਂ ਨੂੰ ਔਰਤਾਂ ਲਈ ਕਾਨੂੰਨਾਂ
ਬਾਰੇ ਕਿਤਾਬਾਂ ਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਪੈਂਫਲਿਟ ਵੀ ਵੰਡੇ।