ਰਿਲਾਇੰਸ ਦੇ ਸਟੋਰ ਅੱਗੇ ਧਰਨੇ ਤੇ ਕਿਸਾਨੀ ਘੋਲ ਦੀ ਵਰ੍ਹੇਗੰਢ ਮਨਾਈ

ਨਵਾਸ਼ਹਿਰ 26 ਨਵੰਬਰ :- ਅੱਜ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਤੀ ਦੀਆਂ ਹੱਦਾਂ ਉੱਤੇ ਲੱਗੇ ਕਿਸਾਨੀ ਮੋਰਚੇ ਦੀ ਵਰ੍ਹੇਗੰਢ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਸ਼ਹਿਰ ਵਿਖੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਵਰ੍ਹੇਗੰਢ ਮਨਾਈ ਗਈ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਇਫਟੂ ਪੰਜਾਬ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਅਮਲ ਸ਼ੁਰੂ ਕਰਨਾ ਦੇਸ਼ ਦੀ ਕਿਸਾਨੀ ਅਤੇ ਸਹਿਯੋਗੀ ਜਥੇਬੰਦੀਆਂ ਦੇ ਸੰਘਰਸ਼ ਦੀ ਜਿੱਤ ਹੈ।ਇਸ ਦੇਸ਼ ਵਿਆਪੀ ਘੋਲ ਨੇ ਇਹ ਕਿਸਾਨੀ ਘੋਲ ਜਿੱਤਣ ਦੇ ਨਾਲ ਨਾਲ ਫਾਸ਼ੀਵਾਦੀ ਮੋਦੀ ਸਰਕਾਰ ਦਾ ਘੁਮੰਡ ਵੀ ਤੋੜਿਆ ਹੈ।ਉਹਨਾਂ ਕਿਹਾ ਕਿ ਇਹ ਜਿੱਤ ਐਨੀ ਸੌਖੀ ਪ੍ਰਾਪਤ ਨਹੀਂ ਹੋਈ ਇਸਦੇ ਲਈ 700 ਤੋਂ ਵੱਧ ਕਿਸਾਨਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ।ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਦਿਨ ਰਾਤ ਚੱਲਦੇ ਕਿਰਤੀ ਕਿਸਾਨ ਯੂਨੀਅਨ ਦੇ ਧਰਨੇ ਨੂੰ ਇਕ ਸਾਲ ਦੋ ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ ਇਥੋਂ ਇਸ ਜਿਲ੍ਹੇ ਨੂੰ ਸੰਘਰਸ਼ ਦੀ ਅਗਵਾਈ ਦਿੱਤੀ ਗਈ ਹੈ।ਇਸ ਮੋਰਚੇ ਵਿਚ ਕਿਸਾਨਾਂ ਦੇ ਨਾਲ ਮਜਦੂਰਾਂ, ਵਿਦਿਆਰਥੀਆਂ, ਨੌਜਵਾਨਾਂ, ਮੁਲਾਜ਼ਮਾਂ, ਪ੍ਰਵਾਸੀ ਮਜਦੂਰਾਂ, ਵਪਾਰੀਆਂ, ਔਰਤਾਂ ਦਾ ਵੀ ਵੱਡਾ ਯੋਗਦਾਨ ਹੈ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਬਲਜੀਤ ਸਿੰਘ ਧਰਮਕੋਟ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਹਰੀ ਰਾਮ ਰਸੂਲਪੁਰੀ ਨੇ ਵੀ ਵਿਚਾਰ ਪੇਸ਼ ਕੀਤੇ।
ਕੈਪਸ਼ਨ : ਮੋਦੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਕਰਦੇ ਹੋਏ ਜਥੇਬੰਦੀਆਂ ਦੇ ਕਾਰਕੁੰਨ।