ਸਬ-ਡਵੀਜ਼ਨ ਬੰਗਾ ਵਿਚ 2 ਕਿਲੋਵਾਟ ਤੱਕ ਦੇ ਸਾਰੇ ਬਿਜਲੀ ਖਪਤਕਾਰਾਂ ਦੇ ਬਕਾਏ ਹੋਏ ਮੁਆਫ਼-ਡੀ. ਸੀ

*ਕੁੱਲ 5434 ਲਾਭਪਾਤਰੀਆਂ ਦੀ 99.27 ਲੱਖ ਰੁਪਏ ਦੀ ਬਕਾਇਆ ਰਾਸ਼ੀ ਹੋਈ ਮੁਆਫ਼
ਨਵਾਂਸ਼ਹਿਰ, 3 ਨਵੰਬਰ :-ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਪੰਜਾਬ ਸਰਕਾਰ
ਵੱਲੋਂ ਦਿੱਤੀ ਗਈ ਰਾਹਤ ਤਹਿਤ ਜ਼ਿਲੇ ਵਿਚ 2 ਕਿਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਦੇ
ਘਰੇਲੂ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਲਈ ਜੰਗੀ ਪੱਧਰ 'ਤੇ ਵਿੱਢੀ ਮੁਹਿੰਮ ਨੂੰ
ਸਬ-ਡਵੀਜ਼ਨ ਬੰਗਾ ਵਿਚ ਸਫ਼ਲਤਾ ਪੂਰਵਕ ਨੇਪਰੇ ਚਾੜ ਦਿੱਤਾ ਗਿਆ ਹੈ। ਇਹ ਜਾਣਕਾਰੀ
ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸਬ-ਡਵੀਜ਼ਨ ਬੰਗਾ ਦੇ ਸਾਰੇ
5434 ਲਾਭਪਾਤਰੀਆਂ ਦੀ 99.27 ਲੱਖ ਰੁਪਏ ਦੀ ਬਕਾਇਆ ਰਾਸ਼ੀ ਮੁਆਫ਼ ਕਰਨ ਦਾ ਕੰਮ ਮੁਕੰਮਲ
ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਸਮੂਹ ਯੋਗ ਲਾਭਪਾਤਰੀਆਂ ਦੇ ਫਾਰਮ ਭਰਵਾ ਕੇ
ਉਨਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ
ਦੇ ਇਸ ਫ਼ੈਸਲੇ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਜ਼ਿਲੇ ਵਿਚ ਚਲਾਈ ਵਿਸ਼ੇਸ਼ ਮੁਹਿੰਮ
ਦੋਰਾਨ ਰੋਜ਼ਾਨਾ ਕੈਂਪ ਲਗਾ ਕੇ ਲਾਭਪਾਤਰੀਆਂ ਦੇ ਫਾਰਮ ਭਰੇ ਗਏ। ਇਸ ਤੋਂ ਇਲਾਵਾ
ਲਾਭਪਾਤਰੀਆਂ ਵੱਲੋਂ ਬਿਜਲੀ ਦਫ਼ਤਰਾਂ ਵਿਖੇ ਵੀ ਪਹੰੁਚ ਕਰਕੇ ਇਸ ਸਕੀਮ ਦਾ ਲਾਭ ਹਾਸਲ
ਕੀਤਾ ਗਿਆ। ਉਨਾਂ ਕਿਹਾ ਕਿ ਜੇਕਰ ਕੋਈ ਯੋਗ ਲਾਭਪਾਤਰੀ ਇਸ ਸਕੀਮ ਤੋਂ ਵਾਂਝਾ ਰਹਿ ਗਿਆ
ਹੈ ਤਾਂ ਉਹ ਆਪਣੇ ਸਬੰਧਤ ਬਿਜਲੀ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ। ਉਨਾਂ ਦੱਸਿਆ ਕਿ
ਸਬ-ਡਵੀਜ਼ਨ ਨਵਾਂਸ਼ਹਿਰ ਅਤੇ ਬਲਾਚੌਰ ਵਿਖੇ ਵੀ ਇਹ ਮੁਹਿੰਮ ਮੁਕੰਮਲ ਹੋਣ ਕੰਢੇ ਹੈ ਅਤੇ
ਇਨਾਂ ਸਬ-ਡਵੀਜ਼ਨਾਂ ਵਿਚ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾ ਕੇ ਲਾਭਪਾਤਰੀਆਂ ਨੂੰ ਇਸ
ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ।