ਆਤਮਾ ਸਕੀਮ ਤਹਿਤ ਆਲੂ ਬੀਜ ਪ੍ਰਦਰਸ਼ਨੀ ਪਲਾਂਟ ਲਗਾਉਣ ਲਈ ਮਿੰਨੀ ਟਿਊਬਰ ਵੰਡੇ

ਨਵਾਂਸ਼ਹਿਰ, 12 ਨਵੰਬਰ :  ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਆਤਮਾ ਦੇ ਪ੍ਰਾਜੈਕਟ ਡਾਇਰੈਕਟਰ ਡਾ. ਕਮਲਦੀਪ ਸੰਘਾ ਵੱਲੋਂ ਸਥਾਨਕ ਬਾਗਬਾਨੀ ਦਫ਼ਤਰ ਵਿਖੇ ਜ਼ਿਲੇ ਦੇ 10 ਅਗਾਂਹਵਧੂ ਕਿਸਾਨਾਂ ਨੂੰ ਆਲੂ ਬੀਜ ਪ੍ਰਦਰਸ਼ਨੀ ਪਲਾਂਟ ਲਗਾਉਣ ਲਈ ਪੁਖਰਾਜ ਕਿਸਮ ਦੇ ਟਿਊਬਰ ਵੰਡੇ ਗਏ। ਇਸ ਮੌਕੇ ਹਾਜ਼ਰ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਕਾਹਮਾ ਨੇ ਦੱਸਿਆ ਕਿ ਆਲੂ ਉਗਾਉਣ ਵਾਲੇ ਜਿਮੀਂਦਾਰਾਂ ਦੀ ਬੀਜ ਦੀ ਕੁਆਲਟੀ ਸੁਧਾਰਨ ਲਈ ਇਹ ਪਲਾਂਟ ਦਿੱਤੇ ਗਏ ਤਾਂ ਜੋ ਉਹ ਆਪਣਾ ਆਲੂ ਬੀਜ ਰੋਗ ਰਹਿਤ ਤਿਆਰ ਕਰਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਣ ਅਤੇ ਜ਼ਿਲੇ ਦੇ ਬਾਕੀ ਜਿਮੀਂਦਾਰਾਂ ਨੂੰ ਬੀਜ ਉਪਲਬੱਧ ਕਰਵਾ ਸਕਣ। ਇਸ ਮੌਕੇ ਬਾਗਬਾਨੀ ਵਿਕਾਸ ਆਫ਼ਸਰ ਨਵਾਂਸ਼ਹਿਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿਚ ਆਤਮਾ ਸਕੀਮ ਅਧੀਨ ਐਕਸਪੋਜ਼ਰ ਵਿਜ਼ਟ, ਪ੍ਰਦਰਸ਼ਨੀ ਪਲਾਂਟ, ਸਬਜ਼ੀ ਬੀਜ ਮਿੰਨੀ ਕਿੱਟਾਂ ਅਤੇ ਖੁੰਬਾਂ ਦੇ ਪ੍ਰਦਰਸ਼ਨੀ ਪਲਾਂਟ ਲਗਵਾਏ ਜਾ ਰਹੇ ਹਨ ਅਤੇ ਬਾਗਬਾਨੀ ਵਿਭਾਗ ਵੱਲੋਂ ਵੱਖ-ਵੱਖ ਮੱਦਾਂ ਅਧੀਨ ਉਪਦਾਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜ਼ਿਲੇ ਦਾ ਕੋਈ ਵੀ ਜਿਮੀਂਦਾਰ ਜੇਕਰ ਫਲ਼ਾਂ, ਸਬਜ਼ੀਆਂ, ਸ਼ਹਿਦ ਦੀਆਂ ਮੱਖੀਆਂ, ਖੁੰਬਾਂ, ਬਾਗਬਾਨੀ ਮਸ਼ੀਨਰੀ, ਕੋਲਡ ਸਟੋਰ, ਰਾਇਪਨਿੰਗ ਚੈਂਬਰ ਆਦਿ 'ਤੇ ਉਪਦਾਨ ਲੈਣਾ ਚਾਹੁੰਦਾ ਹੈ ਤਾਂ ਉਹ ਜ਼ਿਲੇ ਦੇ ਮੁੱਖ ਬਾਗਬਾਨੀ ਦਫ਼ਤਰ ਜਾਂ ਬਲਾਕ ਪੱਧਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਕੁਲਵੀਰ ਸਿੰਘ ਹੰਸਰੋ, ਸੁਖਵਿੰਦਰ ਸਿੰਘ ਭਾਰਟਾ, ਤਰਲੋਚਨ ਸਿੰਘ ਬਜੀਦਪੁਰ, ਭਾਗ ਸਿੰਘ ਕਲਸੀ, ਬ੍ਰਹਮ ਕੁਮਾਰ ਤੇ ਹੋਰ ਹਾਜ਼ਰ ਸਨ।