ਅੰਮ੍ਰਿਤਸਰ 10 ਨਵੰਬਰ: :- ਹਾੜੀ ਸੀਜਨ ਦੌਰਾਨ ਫਸਲਾਂ ਦੀ ਬਿਜਾਈ ਲਈ ਲੋੜੀਂਦੀਆਂ
ਖਾਦਾਂ ਦੀ ਆਉਣ ਵਾਲੇ ਦਿਨਾਂ ਵਿੱਚ ਕੋਈ ਕਿੱਲਤ ਨਹੀ ਰਹੇਗੀ। ਇਸ ਗੱਲ ਦਾ ਜਿਕਰ
ਕਰਦਿਆਂ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ
ਹਾੜੀ ਦੀਆਂ ਮੁੱਖ ਫਸਲਾਂ ਜਿਵੇਂ ਕਿ ਕਣਕ, ਆਲੂ, ਮਟਰ ਅਤੇ ਹੋਰ ਫਸਲਾਂ ਅਧੀਨ ਕੁੱਲ
214000 ਹੈਕਟੇਅਰ ਰਕਬਾ ਹੈ। ਇਹਨਾਂ ਫਸਲਾਂ ਦੀ ਬਿਜਾਈ ਲਈ ਤਕਰੀਬਨ 33000 ਮੀਟਰਿਕ
ਟੰਨ ਡੀਏਪੀ ਅਤੇ 57711 ਮੀਟਰਿਕ ਟੰਨ ਯੂਰੀਆ ਖਾਦ ਦੀ ਖਪਤ ਹੋ ਜਾਂਦੀ ਹੈ। ਹੁਣ ਤੱਕ
ਜਿਲ੍ਹੇ ਅੰਦਰ ਤਕਰੀਬਨ 22000 ਮੀਟਰਿਕ ਟੰਨ ਫਾਸਫੇਟ ਖਾਦਾਂ ਆ ਚੁੱਕੀਆਂ ਹਨ ਅਤੇ ਆਉਣ
ਵਾਲੇ ਦਿਨਾਂ ਅੰਦਰ ਡੀਏਪੀ ਖਾਦ ਦੇ 4 ਰੇਕ ਹੋਰ ਆ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ
ਫਸਲਾਂ ਦੀ ਬਿਜਾਈ ਲਈ ਲੋੜੀਂਦੀ ਖਾਦ ਦੀ ਜਰੂਰਤ ਪੂਰੀ ਹੋ ਜਾਵੇਗੀ। ਡਾ: ਗਿੱਲ ਨੇ
ਦੱਸਿਆ ਕਿ ਖਾਦਾਂ ਦੀ ਨਿਰਵਿਘਨ ਸਪਲਾਈ, ਸੁਚੱਜੀ ਵੰਡ ਅਤੇ ਖਾਦਾਂ ਨਾਲ ਬੇਲੋੜੀਆਂ
ਇੰਨਪੁਟਸ ਦੀ ਟੈਗਿੰਗ ਨੂੰ ਰੋਕਣ ਲਈ ਜਿਲ੍ਹੇ ਅਤੇ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ
ਗਿਆ ਹੈ, ਜੋ ਲਗਾਤਾਰ ਖਾਦ ਵਿਕਰੇਤਾਵਾਂ ਅਤੇ ਕੋਆਪਰੇਟਿਵ ਸੋਸਾਇਟੀਆਂ ਦੀ ਚੈਕਿੰਗ ਕਰ
ਰਹੀਆਂ ਹਨ। ਜੇ ਕੋਈ ਵਿਕਰੇਤਾ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ
ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਹਿਕਮਾਂ
ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਖਾਦਾਂ ਦੀ ਸੰਤੁਲਿਤ
ਵਰਤੋਂ ਹੀ ਕਰਨ।