ਜ਼ਿਲਾ ਤੇ ਸੈਸ਼ਨ ਜੱਜ ਵੱਲੋਂ ਗਊਧਨ ਦੀ ਬਿਹਤਰ ਸਾਂਭ-ਸੰਭਾਲ ਅਤੇ ਸੁਰੱਖਿਆ ਦਾ ਸੱਦਾ

ਨਵਾਂਸ਼ਹਿਰ, 5 ਨਵੰਬਰ :- ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ
ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਗਊਧਨ ਦੀ
ਸਾਂਭ-ਸੰਭਾਲ ਅਤੇ ਸੁਰੱਖਿਆ ਕਰਨੀ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ। ਅੱਜ
ਗੋਵਰਧਨ ਪੂਜਾ ਮੌਕੇ ਉਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਗਊਧਨ ਨੂੰ ਆਵਾਰਾ ਪਸ਼ੂ ਨਾ
ਬਣਨ ਦਈਏ ਅਤੇ ਇਸ ਨੂੰ ਸੜਕਾਂ 'ਤੇ ਛੱਡ ਕੇ ਇਸ ਦੀ ਬੇਅਦਬੀ ਨਾ ਕੀਤੀ ਜਾਵੇ। ਕੁਦਰਤ
ਪ੍ਰੇਮੀ ਅਤੇ ਪਸ਼ੂ-ਪੰਛੀਆਂ ਪ੍ਰ੍ਰਤੀ ਬੇਹੱਦ ਪ੍ਰੇਮ ਭਾਵ ਅਤੇ ਹਮਦਰਦੀ ਰੱਖਣ ਲਈ ਜਾਣੇ
ਜਾਂਦੇ ਸ. ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਗਊਧਨ ਦੀ ਬਿਹਤਰ ਸੰਭਾਲ ਕੀਤੀ
ਜਾਵੇ ਤਾਂ ਇਹ ਸਾਡੇ ਸਾਰਿਆਂ ਲਈ ਸਨਮਾਨ ਵਾਲੀ ਗੱਲ ਹੋਵੇਗੀ। ਉਨਾਂ ਕਿਹਾ ਕਿ ਇਹ ਆਮ
ਦੇਖਿਆ ਜਾਂਦਾ ਹੈ ਕਿ ਕਈ ਲੋਕਾਂ ਵੱਲੋਂ ਗਊਧਨ ਨੂੰ ਸੜਕਾਂ 'ਤੇ ਆਵਾਰਾ ਛੱਡ ਦਿੱਤਾ
ਜਾਂਦਾ ਹੈ, ਜੋ ਕਿ ਹਾਦਸਿਆਂ ਦਾ ਵੱਡਾ ਕਾਰਨ ਬਣਦਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ
ਅਪੀਲ ਕੀਤੀ ਕਿ ਉਹ ਗਊਧਨ ਨੂੰ ਆਵਾਰਾ ਨਾ ਛੱਡਣ ਅਤੇ ਜਿਥੇ ਕਿਤੇ ਵੀ ਗਊਧਨ ਆਵਾਰਾ
ਦਿਸੇ ਤਾਂ ਉਸ ਨੂੰ ਨੇੜੇ ਦੀ ਗਊਸ਼ਾਲਾ ਵਿਚ ਪਹੁੰਚਾਇਆ, ਤਾਂ ਜੋ ਉਨਾਂ ਦਾ ਸਨਮਾਨ ਅਤੇ
ਸੁਰੱਖਿਆ ਯਕੀਨੀ ਬਣ ਸਕੇ। ਉਨਾਂ ਕਿਹਾ ਕਿ ਜ਼ਿਲੇ ਦੀਆਂ ਗਊਸ਼ਾਲਾਵਾਂ ਵੱਲੋਂ ਗਊਧਨ ਦੀ
ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨਾਂ ਗਊਸ਼ਾਲਾਵਾਂ
ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨਾਂ ਦੀ
ਹੋਰ ਵੀ ਬਿਹਤਰ ਸਾਂਭ-ਸੰਭਾਲ ਲਈ ਉਪਰਾਲੇ ਕਰਨ। ਜ਼ਿਕਰਯੋਗ ਹੈ ਕਿ ਜ਼ਿਲਾ ਤੇ ਸੈਸ਼ਨ ਜੱਜ
ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ
ਲੋੜਵੰਦਾਂ, ਬੇਸਹਾਰਾ, ਇਲਾਜ ਵਿਹੂਣੇ ਅਤੇ ਪੀੜਤ ਲੋਕਾਂ ਦੀ ਮਦਦ ਅਤੇ ਬਿਹਤਰੀ ਲਈ
ਅਹਿਮ ਉਪਰਾਲੇ ਕੀਤੇ ਗਏ ਹਨ।