ਨਵਾਂਸ਼ਹਿਰ, 9 ਨਵੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ/ਬਾਰਵੀਂ ਸ਼੍ਰੇਣੀ ਦੀ ਰੀ-ਅਪੀਅਰ, ਵਾਧੂ ਵਿਸ਼ਾ, ਡੀ. ਆਈ. ਸੀ (ਸਮੇਤ ਓਪਨ ਸਕੂਲ) ਅਤੇ ਦਸਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ਾ ਨਵੰਬਰ-2021 ਦੀ ਪ੍ਰੀਖਿਆ ਮਿਤੀ 10 ਨਵੰਬਰ 2021 ਤੋਂ 25 ਨਵੰਬਰ 2021 ਤੱਕ ਸਵੇਰ ਦੇ ਸੈਸ਼ਨ ਭਾਵ 11 ਵਜੇ ਤੋਂ 2.15 ਵਜੇ ਤੱਕ ਜ਼ਿਲਾ ਪੱਧਰ 'ਤੇ ਸਥਾਪਿਤ ਪ੍ਰੀਖਿਆ ਕੇਂਦਰਾਂ ਵਿਚ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਨੂੰ ਨਕਲ ਰਹਿਤ ਕਰਵਾਉਣ ਲਈ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਧਾਰਾ 144 ਸੀ. ਆਰ. ਪੀ. ਸੀ ਤਹਿਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾਣੇ ਜ਼ਰੂਰੀ ਹਨ, ਤਾਂ ਜੋ ਨਕਲ 'ਤੇ ਰੋਕ ਲਗਾਈ ਜਾ ਸਕੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੱਤਰ ਨੂੰ ਧਿਆਨ ਰੱਖਦਿਆਂ ਜ਼ਿਲਾ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਸ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ (ਐਸ. ਬੀ. ਐਸ. ਨਗਰ) ਦੇ 100 ਮੀਟਰ ਦੇ ਘੇਰੇ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਨੂੰ ਦਾਖ਼ਲ ਨਾ ਹੋਣ ਦਿੱਤਾ ਜਾਵੇ। ਇਹ ਹੁਕਮ ਮਿਤੀ 10 ਨਵੰਬਰ 2021 ਤੋਂ 25 ਨਵੰਬਰ 2021 ਤੱਕ ਲਾਗੂ ਰਹਿਣਗੇ।
ਫੋਟੋ :-ਸ੍ਰੀ ਵਿਸ਼ੇਸ਼ ਸਾਰੰਗਲ, ਜ਼ਿਲਾ ਮੈਜਿਸਟ੍ਰੇਟ।