ਬ੍ਰਹਮ ਮਹਿੰਦਰਾ ਵੱਲੋਂ ਮਹਾਤਮਾ ਗਾਂਧੀ ਲਾਇਰਸ ਕੰਪਲੈਕਸ 'ਚ 10 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਨਵੀਨੀਕਰਨ ਦੇ ਕੰਮ ਦਾ ਉਦਘਾਟਨ

ਪਟਿਆਲਾ, 13 ਨਵੰਬਰ:-ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ
ਨਿਵਾਰਣ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਇੱਥੇ ਜ਼ਿਲ੍ਹਾ ਕਚਿਹਰੀਆਂ ਵਿਖੇ ਮਹਾਤਮਾ
ਗਾਂਧੀ ਲਾਇਰਸ ਕੰਪਲੈਕਸ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ 10 ਲੱਖ ਰੁਪਏ ਦੀ ਗ੍ਰਾਂਟ
ਨਾਲ ਕਰਵਾਏ ਗਏ ਨਵੀਨੀਕਰਨ ਤੇ ਮਜ਼ਬੂਤੀਕਰਨ ਦਾ ਉਦਘਾਟਨ ਕੀਤਾ।
ਇੱਥੇ ਬਾਰ ਰੂਮ ਵਿਖੇ ਕਰਵਾਏ ਇੱਕ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਸ੍ਰੀ ਬ੍ਰਹਮ
ਮਹਿੰਦਰਾ ਨੇ ਕਿਹਾ ਕਿ ਲੋਕਾਂ, ਖਾਸ ਕਰਕੇ ਸਮਾਜ ਦੇ ਗਰੀਬ ਤੇ ਲਤਾੜੇ ਹੋਏ ਲੋਕਾਂ ਨੂੰ
ਅਦਾਲਤਾਂ 'ਚ ਨਿਆਂ ਦਿਵਾਉਣ ਵਿੱਚ ਵਕੀਲਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ
ਵਕਾਲਤ ਦੇ ਪੇਸ਼ੇ ਨਾਲ ਉਨ੍ਹਾਂ ਦਾ ਨਿਜੀ ਰਿਸ਼ਤਾ ਹੈ, ਕਿਉਂਜੋ ਉਨ੍ਹਾਂ ਦੇ ਪਿਤਾ ਜੀ,
ਸ੍ਰੀ ਐਮ.ਆਰ. ਮਹਿਦਰਾ, ਪਟਿਆਲਾ ਵਿਖੇ ਆਮਦਨ ਕਰ ਮਾਮਲਿਆਂ ਦੇ ਉੱਘੇ ਵਕੀਲ ਸਨ ਅਤੇ
ਹੁਣ ਉਨ੍ਹਾਂ ਦੇ ਦੋਵੇਂ ਸਪੁੱਤਰ ਵੀ ਵਕਾਲਤ ਕਰ ਰਹੇ ਹਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਟਿਆਲਾ ਦੇ ਵਕੀਲਾਂ ਦੇ
ਚੈਂਬਰਾਂ ਲਈ ਬਣਦੀਆਂ ਸਹੂਲਤਾਂ ਪ੍ਰਦਾਨ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ। ਉਨ੍ਹਾਂ ਨੇ ਇਸ
ਮੌਕੇ ਲਾਇਰਸ ਬਾਰ ਰੂਮ ਦੇ ਅਤਿਆਧੁਨਿਕ ਢੰਗ ਨਾਲ ਨਵੀਨੀਕਰਨ ਲਈ 10 ਲੱਖ ਰੁਪਏ ਦੀ
ਗ੍ਰਾਂਟ ਹੋਰ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਤਿੰਦਰਪਾਲ ਸਿੰਘ ਘੁਮਾਣ ਨੇ ਸ੍ਰੀ
ਬ੍ਰਹਮ ਮਹਿੰਦਰਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਸ੍ਰੀ ਮਹਿੰਦਰਾ ਨੇ ਪਟਿਆਲਾ
ਜ਼ਿਲ੍ਹਾ ਕਚਿਹਰੀਆਂ ਵਿਖੇ ਮਹਾਤਮਾ ਗਾਂਧੀ ਲਾਇਰਸ ਕੰਪਲੈਕਸ ਦੇ ਨਵੀਨੀਕਰਨ ਲਈ 10 ਲੱਖ
ਰੁਪਏ ਦੀ ਗ੍ਰਾਂਟ ਭੇਜੀ ਸੀ, ਜਿਸ ਨਾਲ ਨਵੀਨੀਕਰਨ ਦੇ ਕੰਮ ਕਰਵਾਏ ਗਏ ਹਨ। ਸਮੁੱਚੀ
ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲਾਂ ਨੇ ਸ੍ਰੀ ਮਹਿੰਦਰਾ ਦਾ ਸਨਮਾਨ ਕਰਦਿਆਂ, ਪੰਜਾਬ
ਸਰਕਾਰ, ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ
ਮਹਿੰਦਰਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਦੌਰਾਨ ਸੀਨੀਅਰ ਐਡਵੋਕੇਟਸ ਕੁੰਦਨ ਸਿੰਘ ਨਾਗਰਾ, ਅਸ਼ੋਕ ਮਾਥੁਰ, ਜੀ.ਐਸ. ਰਾਏ,
ਪਟਿਆਲਾ ਬਾਰ ਐਸੋਸੀਏਸ਼ਨ ਦੇ ਸਕੱਤਰ ਅਵਨੀਤ ਸਿੰਘ ਬਲਿੰਗ, ਵਾਈਸ ਪ੍ਰਧਾਨ ਦੀਪਕ ਮਦਾਨ,
ਸੰਯੁਕਤ ਸਕੱਤਰ ਵਿਕਰਮ ਸਿੰਘ ਬਰਾੜ, ਖ਼ਜ਼ਾਨਚੀ ਉਮੇਸ਼ ਗੋਇਲ ਤੇ ਲਾਇਬਰੇਰੀ ਇੰਚਾਰਜ
ਹਰਪ੍ਰੀਤ ਸਿੰਘ ਅਤੇ ਹੋਰ ਐਡਵੋਕੇਟਸ ਮੌਜੂਦ ਸਨ।