ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਕਰਜ਼ਾ ਰਾਹਤ ਤਹਿਤ ਵਿਧਾਇਕ ਅੰਗਦ ਸਿੰਘ ਨੇ ਸੌਂਪੇ 1.23 ਕਰੋੜ ਰੁਪਏ ਦੇ ਚੈੱਕ

ਨਵਾਂਸ਼ਹਿਰ, 30 ਸਤੰਬਰ :  ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ ਦੇਣ ਦੀ ਸਹੂਲਤ ਤਹਿਤ ਅੱਜ ਹਲਕਾ ਨਵਾਂਸ਼ਹਿਰ ਦੀ ਕਾਹਮਾ ਸੁਸਾਇਟੀ ਦੇ 545 ਲਾਭਪਾਤਰੀਆਂ ਨੂੰ 12347970 ਰੁਪਏ ਦੇ ਚੈੱਕ ਤਕਸੀਮ ਕੀਤੇ।  ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਸਕੇਗੀ ਅਤੇ ਸੂਬੇ ਦੀ ਤਰੱਕੀ ਦੀ ਰਫ਼ਤਾਰ ਤੇਜ਼ ਹੋਵੇਗੀ।
ਪੰਜਾਬ ਸਰਕਾਰ ਕਿਸਾਨਾਂ, ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਨਾਲ ਮੋਢੇ ਨਾਲ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਇਨ੍ਹਾਂ ਦੀ ਜ਼ਿੰਦਗੀ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਕੇ ਸਿਰਤੋੜ ਯਤਨ ਕਰ ਰਹੀ ਹੈ।  ਇਸ ਮੌਕੇ  ਸੰਜੀਵ ਕੁਮਾਰ ਇੰਸਪੈਕਟਰ, ਹੁਸਨ ਲਾਲ ਪ੍ਰਧਾਨ, ਮੋਹਿੰਦਰ ਸਿੰਘ ਵਾਇਸ ਪ੍ਰਧਾਨ, ਪਰਮਜੀਤ ਕੌਰ ਸਰਪੰਚ, ਸੁਖਵਿੰਦਰ ਕੌਰ ਸੰਮਤੀ ਮੈਂਬਰ, ਅਮਰੀਕ ਸਿੰਘ, ਮਨਜੀਤ ਲਾਲ, ਪ੍ਰਵੀਨ ਕੁਮਾਰ, ਜਰਨੈਲ ਸਿੰਘ, ਕਸ਼ਮੀਰ ਸਿੰਘ, ਹਰਮਿੰਦਰ ਸਿੰਘ ਪੰਚ, ਬਿੰਦਾ, ਗਦਾਵਰ ਸਿੰਘ ਅਤੇ ਸਤਨਾਮ ਸਿੰਘ ਕਾਹਮਾ ਹਾਜ਼ਰ ਸਨ।

ਪੁਲਿਸ ਵੱਲੋਂ 20 ਗਰਾਮ ਹੈਰੋਇਨ, 28 ਟੀਕੇ ਅਤੇ 170 ਨਸ਼ੀਲੀਆਂ ਗੋਲੀਆਂ ਬਰਾਮਦ

ਨਵਾਂਸ਼ਹਿਰ, 30 ਸਤੰਬਰ : -   ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਕਾਰਵਾਈ ਨੂੰ ਉਸ ਸਮੇਂ ਵੱਡਾ ਬਲ ਮਿਲਿਆਜਦੋਂ ਉਸ ਵੱਲੋਂ ਨਵਾਂਸ਼ਹਿਰਬੰਗਾਮੁਕੰਦਪੁਰਕਾਠਗੜ ਅਤੇ ਪੋਜੇਵਾਲ ਇਲਾਕਿਆਂ ਵਿਚ 20 ਗਰਾਮ  ਹੈਰੋਇਨ, 28 ਟੀਕੇ ਅਤੇ 170 ਨਸ਼ੀਲੀਆਂ ਗੋਲੀਆਂ  ਫੜਨ ਵਿਚ ਕਾਮਯਾਬੀ ਹਾਸਲ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਨਵਾਂਸ਼ਹਿਰ ਪੁਲਿਸ ਵੱਲੋਂ ਪੰਕਜ਼ ਕੁਮਾਰ ਵਾਸੀ ਸਲੋਹ ਕੋਲ 10 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਇਸੇ ਤਰ੍ਹਾਂ ਥਾਣਾ ਬੰਗਾ ਪੁਲਿਸ ਵਲੋਂ ਕੁਲਦੀਪ ਕੁਮਾਰ ਵਾਸੀ ਔੜ ਕੋਲੋ 10 ਗਰਾਮ ਹੈਰੋਇਨ ਅਤੇ 10 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਥਾਣਾ ਮੁਕੰਦਪੁਰ ਪੁਲਿਸ ਨੇ ਬਖਸ਼ੀ ਰਾਮ ਵਾਸੀ ਮੁਕੰਦਪੁਰ ਕੋਲੋਂ 18 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਥਾਣਾ ਬਲਾਚੌਰ ਪੁਲਿਸ ਨੇ ਗਗਨਦੀਪ ਵਾਸੀ ਵਾਰਡ ਨੰ: 10 ਬਲਾਚੌਰ ਕੋਲੋਂ 80 ਨਸ਼ੀਲੀਆਂ ਗੋਲੀਆਂ ਅਤੇ ਥਾਣਾ ਪੋਜੇਵਾਲ ਪੁਲਿਸ ਨੇ ਜੀਵਨ ਕੁਮਾਰ ਵਾਸੀ ਮਕਾਨ ਨੰ: 18 ਗਲੀ ਨੰਬਰ 13, ਸਰਪੰਚ ਕਲੋਨੀ ਜਮਾਲਪੁਰਲੁਧਿਆਣਾ ਕੋਲੋਂ 90 ਨਸ਼ੀਲਿਆ ਗੋਲੀਆਂ ਬਰਾਮਦ ਕੀਤੀਆ ਗਈਆਂ। ਉਨ੍ਹਾਂ ਦੱਸਿਆ ਕਿ  ਉਕਤ ਵਿਅਕਤੀਆਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਉਨਾਂ ਕਿਹਾ ਕਿ ਜ਼ਿਲੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ

ਵੁੱਡ ਸਟਾਕ ਸਕੂਲ ਦੀ ਵਿਦਿਆਰਥਣ ਨੇ ਰੈਡ ਕਰਾਸ ਨੂੰ ਦਿੱਤੇ 1 ਲੱਖ ਰੁਪਏ

ਅੰਮ੍ਰਿਤਸਰ 29 ਸਤੰਬਰ : - ਵੁੱਡ ਸਟਕ ਸਕੂਲ ਮੰਸੂਰੀ ਦੀ 11ਵੀਂ ਕਲਾਸ ਦੀ ਵਿਦਿਆਰਥਣ ਮਿਸ ਰੁਹਾਨੀ ਵਰਮਾ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਨੇ ਆਪਣੀ ਮਿਲਾਪ ਫੰਡ ਰੇਜਿੰਗ ਸਾਈਟ ਰਾਹੀਂ 1 ਲੱਖ ਰੁਪਏ ਇਕੱਠੇ ਕਰਕੇ ਲੋੜਵੰਦਾਂ ਅਤੇ ਕੋਵਿਡ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਸਿਹਤ ਸੰਭਾਲ ਲਈ ਰੈਡ ਕਰਾਸ ਨੂੰ ਭੇਂਟ ਕੀਤੇ ਹਨ। ਇਸ ਸਬੰਧੀ ਵਿਦਿਆਰਥਣ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੂੰ  1 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਗਿਆ। ਇਸ ਮੌਕੇ ਸ: ਖਹਿਰਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੈਡ ਕਰਾਸ ਦੀ ਸਹਾਇਤਾ ਲਈ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਡ ਕਰਾਸ ਵਲੋਂ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਕੋਵਿਡ 19 ਮਹਾਂਮਾਰੀ ਦੌਰਾਨ ਵੀ ਰੈਡ ਕਰਾਸ ਨੇ ਲੋਕਾਂ ਦੀ ਮਾਲੀ ਮੱਦਦ ਵੀ ਕੀਤੀ ਹੈ। ਉਨਾਂ ਨੇ ਕਿਹਾ ਕਿ ਰੈਡ ਕਰਾਸ ਵਲੋਂ ਲੋੜਵੰਦ ਲੋਕਾਂ ਨੂੰ ਦਵਾਈਆਂ ਵੀ ਲੈ ਕੇ ਦਿੱਤੀਆਂ ਜਾਂਦੀਆਂ ਹਨ। ਸ: ਖਹਿਰਾ ਨੇ ਕਿਹਾ ਕਿ ਇਸ ਵਿਦਿਆਰਥਣ ਨੇ ਇਕ ਬਹੁਤ ਵਧੀਆ ਉਪਰਾਲਾ ਕੀਤਾ ਹੈ। ਉਨਾਂ ਕਿਹਾ ਕਿ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ।
ਕੈਪਸ਼ਨ : ਵੁੱਡ ਸਟਕ ਸਕੂਲ ਮੰਸੂਰੀ ਦੀ 11ਵੀਂ ਕਲਾਸ ਦੀ ਵਿਦਿਆਰਥਣ ਮਿਸ ਰੁਹਾਨੀ ਵਰਮਾ ਡਿਪਟੀ ਕਮਿਸ਼ਨਰ  ਸ: ਗੁਰਪ੍ਰੀਤ ਸਿੰਘ ਖਹਿਰਾ ਨੂੰ ਰੈਡ ਕਰਾਸ ਲਈ 1 ਲੱਖ ਰੁਪਏ ਦਾ ਚੈਕ ਦਿੰਦੇ ਹੋਏ।

ਆਖਰੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸਿਹਤਯਾਬ ਹੋਣ ਦੇ ਨਾਲ ਹੀ ਜ਼ਿਲ੍ਹਾ ਮੁੜ ਹੋਇਆ ਕੋਰੋਨਾਮੁਕਤ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ

ਕੋਰੋਨਾਮੁਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਤਿਓਹਾਰਾਂ ਦੇ ਸੀਜਨ ਵਿੱਚ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ
ਨਵਾਂਸ਼ਹਿਰ, 29 ਸਤੰਬਰ 2021: - ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਨਗਰ ਨੇ ਇਕ ਵਾਰ ਫਿਰ ਫਤਹਿ ਹਾਸਿਲ ਕਰ ਲਈ ਹੈ। ਜ਼ਿਲ੍ਹੇ ਵਿੱਚ ਆਖਰੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸਿਹਤਯਾਬ ਹੋਣ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਇਕ ਵਾਰ ਫਿਰ ਕੋਰੋਨਾਮੁਕਤ ਹੋ ਗਿਆ ਹੈ। ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ 'ਮਿਸ਼ਨ ਫਤਿਹ' ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ-19 ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਬੂਰ ਪਿਆ ਹੈ, ਜਦੋਂ ਜ਼ਿਲ੍ਹੇ ਦੇ ਆਖਰੀ ਕੋਵਿਡ ਪਾਜੇਟਿਵ ਮਰੀਜ਼ ਨੇ ਹੋਮ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ 'ਤੇ ਸਿਹਤਯਾਬ ਹੋਣ ਉਪਰੰਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੇਲ-ਮਿਲਾਪ ਕੀਤਾ। ਇਹ ਜ਼ਿਲ੍ਹੇ ਲਈ ਵੱਡੀ ਰਾਹਤ ਦੀ ਖ਼ਬਰ ਹੈ। ਇਸ ਪ੍ਰਾਪਤੀ ਉੱਤੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕਿਹਾ, "ਸਿਹਤ ਵਿਭਾਗ ਨੂੰ ਮਾਣ ਹੈ ਕਿ ਅਸੀਂ ਜ਼ਿਲ੍ਹੇ ਵਿਚੋਂ ਕੋਰੋਨਾ ਵਾਇਰਸ ਦੇ ਲਾਗ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹੇ ਨੂੰ "ਕੋਰੋਨਾ ਮੁਕਤ ਰੁਤਬਾ" ਦਿਵਾਉਣ ਲਈ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਸਮੇਤ ਸਮੂਹ ਸਿਹਤ ਸੰਭਾਲ ਕਾਮਿਆਂ ਦੀ ਭਰਵੀਂ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਕੰਮ ਸੰਭਵ ਹੋਇਆ ਹੈ। ਸਿਵਲ ਸਰਜਨ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਗਏ "ਮਿਸ਼ਨ ਫਤਿਹ" ਵਿਚ ਆਪਣਾ ਭਰਪੂਰ ਯੋਗਦਾਨ ਦਿੱਤਾ। ਸਿਵਲ ਸਰਜਨ ਨੇ ਕੋਰੋਨਾ ਮਹਾਂਮਾਰੀ ਉੱਤੇ ਜਿੱਤ ਹਾਸਲ ਕਰਨ ਲਈ ਉਲੀਕਿਆ ਯੋਜਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕੋਵਿਡ-19 ਪਾਜੇਟਿਵ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਉਸ ਨੂੰ ਤੁਰੰਤ ਹੋਮ ਆਈਸੋਲੇਟ ਕਰ ਦਿੰਦਾ ਹੈ, ਜਿਸ ਨਾਲ ਕੋਰੋਨਾ ਵਾਇਰਸ ਦੀ ਚੇਨ ਟੁੱਟਦੀ ਹੈ। ਇਸ ਤਰ੍ਹਾਂ ਸਾਨੂੰ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਕੋਵਿਡ-19 ਮਰੀਜ਼ਾਂ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਅਤੇ ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਕੋਵਿਡ-19 ਦੇ ਇਲਾਜ ਲਈ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਇਸ ਤੋਂ ਇਲਾਵਾ ਅਸੀਂ ਜ਼ਿਲ੍ਹੇ ਦੀ ਬਹੁ-ਗਿਣਤੀ ਆਬਾਦੀ ਦਾ ਟੀਕਾਕਰਨ ਕਰ ਦਿੱਤਾ ਹੈ। ਅਸੀਂ ਜ਼ਿਲ੍ਹੇ ਵਿੱਚ ਆਪਣੀ 100 ਫੀਸਦੀ ਯੋਗ ਆਬਾਦੀ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾਉਣ ਦੇ ਟੀਚੇ ਦੇ ਬੇਹੱਦ ਨਜ਼ਦੀਕ ਪਹੁੰਚ ਗਏ ਹਾਂ। ਸਾਨੂੰ ਆਸ ਹੈ ਕਿ ਇਹ ਟੀਚਾ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹਾਸਲ ਕਰ ਲਿਆ ਜਾਵੇਗਾ। ਡਾ. ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 11459 ਵਿਅਕਤੀ ਕੋਰੋਨਾ ਪਾਜਟਿਵ ਪਾਏ ਗਏ, ਜਿਨ੍ਹਾਂ ਵਿੱਚੋਂ 11071 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਦੋਂਕਿ 388 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਕੁੱਲ ਰਿਕਵਰ ਕੀਤੇ ਗਏ ਕੇਸਾਂ ਦੀ ਰਿਕਵਰੀ ਦੀ ਮੌਜੂਦਾ ਦਰ ਵਧ ਕੇ 96.61 ਫੀਸਦ ਹੋ ਗਈ ਹੈ। ਇਸ ਦੇ ਨਾਲ ਹੀ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕੋਰੋਨਾਮਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਤਿਓਹਾਰਾਂ ਦੇ ਸੀਜਨ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਅਕਤੂਬਰ-ਨਵੰਬਰ ਮਹੀਨਿਆਂ ਵਿਚ ਆਉਣ ਵਾਲੇ ਤਿਓਹਾਰਾਂ ਦੌਰਾਨ ਲੋਕਾਂ ਨੂੰ ਵੱਡੀਆਂ ਭੀੜਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਤਿਓਹਾਰਾਂ ਦੇ ਸੀਜਨ ਦੌਰਾਨ ਬਾਜ਼ਾਰਾਂ ਵਿਚ ਵੱਡੀਆਂ ਭੀੜਾਂ ਸੰਭਾਵਿਤ ਤੌਰ 'ਤੇ ਲਾਗ਼ ਦੇ ਫ਼ੈਲਾਅ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਕੋਰੋਨਾ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਅਤੇ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਅਗਲੇ ਦੋ ਮਹੀਨਿਆਂ ਤੱਕ ਬੇਹੱਦ ਮਹੱਤਵਪੂਰਨ ਹਨ। ਜੇਕਰ ਅਸੀਂ ਆਉਣ ਵਾਲੇ ਤਿਓਹਾਰਾਂ ਦੇ ਸੀਜਨ ਦੌਰਾਨ ਕੋਵਿਡ-19 ਸਬੰਧੀ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਦੇ ਹਾਂ ਅਤੇ ਵੱਧ ਤੋਂ ਵੱਧ ਟੀਕਾਕਰਨ ਕਰਵਾਉਂਦੇ ਹਾਂ ਤਾਂ ਸਾਨੂੰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਰੋਕਣ ਅਤੇ ਕੋਰੋਨਾਮਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਵਿੱਚ ਵੱਡੀ ਕਾਮਯਾਬੀ ਮਿਲੇਗੀ।

ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਬਹੁਤ ਜ਼ਰੂਰੀ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ

ਦਿਲ ਨੂੰ ਸਿਹਤਮੰਦ ਰੱਖਣ ਲਈ ਜਾਗਰੂਕਤਾ ਪੋਸਟਰ ਵੀ ਰਿਲੀਜ਼
ਨਵਾਂਸ਼ਹਿਰ, 29 ਸਤੰਬਰ 2021 : ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਬਹੁਤ ਜ਼ਰੂਰੀ ਹੈ। ਕਰੋਨਾ ਮਹਾਂਮਾਰੀ ਵਿੱਚ ਦਿਲ ਨੂੰ ਸਿਹਤਮੰਦ ਰੱਖਣਾ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੈ। ਉਨ੍ਹਾਂ ਦਿਲ ਦੀ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਕਸਰਤ ਤੇ ਹੋਰ ਸਾਧਨਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਮੇਂ-ਸਮੇਂ 'ਤੇ ਆਪਣੇ ਬਲੱਡ ਪ੍ਰੈਸ਼ਰ ਸਮੇਤ ਹੋਰ ਆਮ ਟੈਸਟ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਭੱਜ ਦੌੜ ਕਰਕੇ ਮਨੁੱਖ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ, ਜਿਸ ਕਰਕੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਮੌਜੂਦ ਬਿਮਾਰੀ ਜਾਂ ਮੈਡੀਕਲ ਕੰਡੀਸ਼ਨ ਜਿਵੇਂ ਕਿ ਹਾਈਪਰਟੈਨਸ਼ਨ, ਸ਼ੂਗਰ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦੇ ਕਾਰਨ ਸਰੀਰ ਉੱਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਈਪਰਟੈਨਸ਼ਨ ਦਾ ਇਲਾਜ ਨਾ ਹੋਵੇ ਤਾਂ ਦਿਲ ਦਾ ਦੌਰਾ, ਅਧਰੰਗ, ਅੰਨ੍ਹਾਪਨ, ਗੁਰਦੇ ਦੀਆਂ ਬਿਮਾਰੀਆਂ ਤੇ ਮਾਨਸਿਕ ਤਣਾਅ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਤੇ ਸੈਰ ਕਰਨੀ ਚਾਹੀਦੀ ਹੈ। ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ, ਨਮਕ ਅਤੇ ਚਿਕਨਾਈ ਪਦਾਰਥਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। 

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਫਰੀ ਸ਼ੂਗਰ ਚੈੱਕਅੱਪ ਕੈਂਪ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਫਰੀ ਸ਼ੂਗਰ ਚੈੱਕਅੱਪ ਕੈਂਪ
ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਕੀਤਾ ਉਦਘਾਟਨ
ਬੰਗਾ :- 29 ਸਤੰਬਰ : ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਵੱਲੋਂ ਅੱਜ ਵਰਲਡ ਹਾਰਟ ਡੇਅ ਮੌਕੇ ਦੇਸ਼ ਭਰ ਵਿਚੋਂ ਸ਼ੂਗਰ ਰੋਗ ਦੇ ਖਾਤਮੇ ਲਈ ਆਰੰਭ ਕੀਤੇ ਪ੍ਰੌਜੈਕਟ ਅਧੀਨ ਹਸਪਤਾਲ ਵਿਖੇ ਉ ਪੀ ਡੀ ਮਰੀਜ਼ਾਂ ਲਈ ਫਰੀ ਸ਼ੂਗਰ ਚੈੱਕਅੱਪ ਕੈਂਪ ਲੱਗਾਇਆ ਗਿਆ । ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦਾ ਸਹਿਯੋਗ ਸ. ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਅਤੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਦਿੱਤਾ। ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ੂਗਰ ਦੀ ਬਿਮਾਰੀ ਦੇ ਖਾਤਮੇ ਲਈ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਭਲਾਈ ਲਈ ਰੋਟਰੀ ਕੱਲਬ ਬੰਗਾ ਵੱਲੋਂ ਸ਼ੂਗਰ ਚੈੱਕਅਪ ਜਾਗਰੂਕਤਾ ਮੁਹਿੰਮ ਆਰੰਭ ਕਰਨ ਦਾ ਉੱਦਮ ਬਹੁਤ ਸ਼ਲਾਘਾਯੋਗ ਹੈ। ਕਿਉਂਕਿ ਸ਼ੂਗਰ ਰੋਗ ਦੁਨੀਆ ਭਰ ਵਿਚ ਬਹੁਤ ਵੱਧ ਰਿਹਾ ਹੈ ਪਰ ਆਮ ਲੋਕਾਂ ਨੂੰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਹੀ ਨਹੀਂ ਚੱਲਦਾ ਹੈ । ਇਸ ਲਈ ਆਮ ਲੋਕਾਂ ਆਪਣਾ ਸ਼ੂਗਰ ਟੈਸਟ ਕਰਵਾਕੇ ਆਪਣੀ ਸ਼ੂਗਰ ਲੈਵਲ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਹ ਬਿਮਾਰੀ ਤੋਂ ਬਚ ਸਕਦੇ ਹਨ। ਇਸ ਸ. ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਦੱਸਿਆ ਰੋਟਰੀ ਕਲੱਬ ਦੇ ਸੇਵਾ ਦੇ ਮਿਸ਼ਨ ਹੇਠਾਂ ਪੂਰੀ ਦੁਨੀਆ ਭਰ ਵਿਚ ਸ਼ੂਗਰ ਦੀ ਬਿਮਾਰੀ ਦੇ ਖਾਤਮੇ ਲਈ ਅੱਜ ਤੋਂ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ । ਇਸ ਮੌਕੇ ਜਿਹੜੇ ਮਰੀਜ਼ ਸ਼ੂਗਰ ਦੀ ਬਿਮਾਰੀ ਨਾਲ ਪੀੜ੍ਹਤ ਪਾਏ ਜਾਣਗੇ ਉਨ੍ਹਾਂ ਦੇ ਇਲਾਜ ਲਈ ਵੀ ਉਪਰਾਲੇ ਰੋਟਰੀ ਕਲੱਬ ਬੰਗਾ ਵੱਲੋਂ ਕੀਤੇ ਜਾਣਗੇ। ਇਸ ਕੈਂਪ ਮੌਕੇ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ, ਸ੍ਰੀ ਭੂਪੇਸ਼ ਕੁਮਾਰ ਸੈਕਟਰੀ, ਸ੍ਰੀ ਰਾਜ ਕੁਮਾਰ ਸਾਬਕਾ ਪ੍ਰਧਾਨ, ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਸਰਜਨ,  ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਮੈਡਮ ਸੁਖਮਿੰਦਰ ਕੌਰ, ਮੈਡਮ ਹਰਨੀਤ ਕੌਰ, ਮੈਡਮ ਸੋਨੀਆ ਸਿੰਘ, ਮੈਡਮ ਨਿਰਮਲ, ਮੈਡਮ ਬਲਜੀਤ ਕੌਰ ਅਤੇ ਹੋਰ ਹਸਪਤਾਲ ਸਟਾਫ਼ ਅਤੇ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ। ਵਰਨਂਣਯੋਗ ਹੈ ਕਿ ਅੱਜ ਰੋਟਰੀ ਕਲੱਬ ਵੱਲੋਂ ਦੇਸ਼ ਭਰ ਵਿਚ 10 ਲੱਖ ਲੋਕਾਂ ਦਾ ਸ਼ੂਗਰ ਚੈੱਕਅੱਪ ਕੀਤਾ ਜਾਵੇਗਾ।
ਫੋਟੋ ਕੈਪਸ਼ਨ :- ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਹਾਰਟ ਡੇਅ ਮੌਕੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਲਗਾਏ ਸ਼ੂਗਰ ਚੈੱਕਅਪ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨਾਲ ਹਨ ਸ. ਦਿਲਬਾਗ ਸਿੰਘ ਬਾਗੀ, ਡਾ. ਰਵਿੰਦਰ ਖਜ਼ੂਰੀਆ ਅਤੇ ਹੋਰ ਪਤਵੰਤੇ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਰਲਡ ਹਾਰਟ ਡੇਅ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਰਲਡ ਹਾਰਟ ਡੇਅ ਮਨਾਇਆ ਗਿਆ
ਆਪਣੇ ਦਿਲ ਦਾ ਧਿਆਨ ਰੱਖੋ ਅਤੇ ਤੰਦਰੁਸਤ ਰਹੋ : ਸ. ਹਰਦੇਵ ਸਿੰਘ ਕਾਹਮਾ

ਬੰਗਾ : 29 ਸਤੰਬਰ :  ( ) ਪੰਜਾਬ ਦੇ ਪੇਂਡੂ ਇਲਾਕੇ ਦੀ ਪ੍ਰਸਿੱਧ ਨਰਸਿੰਗ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੱਜ ਵਰਲਡ ਹਾਰਟ ਡੇਅ ਮਨਾਇਆ ਗਿਆ । ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਸ. ਕਾਹਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਰਲਡ ਹਾਰਟ ਡੇਅ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਦਿਲ ਸਰੀਰ ਦਾ ਇੱਕ ਸਭ ਤੋਂ ਅਹਿਮ ਅੰਗ ਹੈ ਪਰ ਮੌਜੂਦਾ 21ਵੀ ਸਦੀਂ ਵਿਚ ਅਸੀਂ ਆਪਣੇ ਭੋਜਨ ਦਾ ਸਹੀ ਖਾਣ ਪੀਣ ਨਾ ਰੱਖਣ ਕਰਕੇ ਅਤੇ ਚਿੰਤਾਵਾਂ ਰੱਖਣ ਕਰਕੇ ਦਿਲ ਦੀ ਬਿਮਾਰੀ ਬਹੁਤ ਤੇਜ਼ੀ ਨਾਲ ਦੁਨੀਆ ਭਰ ਵਿਚ ਵੱਧ ਰਹੀ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿਲ ਦੀ ਤੰਦਰੁਸਤੀ ਦਾ ਹਮੇਸ਼ਾਂ ਧਿਆਨ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ। ਸ. ਕਾਹਮਾ ਨੇ ਕਿਹਾ ਕਿ ਸਮੂਹ ਨਰਸਿੰਗ ਵਿਦਿਆਰਥੀ ਫੀਲਡ ਵਿਚ ਕੰਮ ਕਰਨ ਸਮੇਂ ਆਮ ਲੋਕਾਈ ਨੂੰ ਦਿਲ ਦੀ ਬਿਮਾਰੀਆਂ ਤੋਂ ਰੋਕਥਾਮ ਲਈ ਜਾਗਰੂਕ ਵੀ ਕਰਨ ਜੋ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਇਸ ਮੌਕੇ ਸੈਮੀਨਾਰ ਵਿਚ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਵਰਲਡ ਹਾਰਟ ਡੇਅ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਇਸ ਬਿਮਾਰੀ ਤੋਂ ਰੋਕਥਾਮ ਸਬੰਧੀ ਸਾਵਧਾਨੀਆਂ ਬਾਰੇ ਦੱਸਿਆ। ਵਰਲਡ ਹਾਰਟ ਡੇਅ ਨੂੰ ਸਮਰਪਿਤ ਇਸ ਸੈਮੀਨਾਰ ਵਿਚ ਵੱਖ ਵੱਖ ਕਲਾਸਾਂ ਦੇ ਨਰਸਿੰਗ ਵਿਦਿਆਰਥੀਆਂ ਨੇ ਦਿਲ ਦੇ ਰੋਗਾਂ ਬਾਰੇ ਆਪਣੇ ਜਾਣਕਾਰੀ ਭਰਪੂਰ ਪੇਪਰ ਪੜ੍ਹੇ। ਇਸ ਮੌਕੇ ਦਿਲ ਦੇ ਰੋਗਾਂ ਪ੍ਰਤੀ ਜਾਗਰੂਕ ਕਰਦੀ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਸੈਮੀਨਾਰ ਵਿਚ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ  ਮੈਂਬਰ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ, ਮੈਡਮ ਸਰੋਜ ਬਾਲਾ, ਮੈਡਮ ਨਵਜੋਤ ਕੌਰ ਸਹੋਤਾ, ਸ੍ਰੀ ਸੰਜੇ ਕੁਮਾਰ, ਮੈਡਮ ਇਕਵਿੰਦਰ ਕੌਰ ਅਤੇ ਹੋਰ ਸਟਾਫ਼ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੱਜ ਵਰਲਡ ਹਾਰਟ ਡੇਅ ਸਮਰਪਿਤ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ 

ਮੁੱਖ ਮੰਤਰੀ ਵਜੋਂ ਮੇਰਾ ਹਰੇਕ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਹੋਵੇਗਾ-ਚੰਨੀ ਵੱਲੋਂ ਤਹੱਈਆ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 28 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਣ ਕੀਤਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਹਰੇਕ ਕੰਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਅਤੇ ਸੋਚ ਮੁਤਾਬਕ ਹੋਵੇਗਾ।  ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿਖੇ ਵੀ ਗਏ। ਮਹਾਨ ਸ਼ਹੀਦ ਦੇ ਘਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਜੱਦੀ ਘਰ ਦੇ ਪ੍ਰਵੇਸ਼ ਦੁਆਰ ਉਤੇ ਸਿਰ ਝੁਕਾ ਕੇ ਸਿਜਦਾ ਕੀਤਾ।

        ਸ਼ਹੀਦ-ਏ-ਆਜ਼ਮ ਦੇ ਜੱਦੀ ਘਰ ਵਿਖੇ ਵਿਜ਼ਟਰ ਬੁੱਕ ਵਿੱਚ ਮੁੱਖ ਮੰਤਰੀ ਨੇ ਭਾਵੁਕ ਸੁਨੇਹਾ ਦਰਜ ਕਰਦਿਆਂ ਲਿਖਿਆ, "ਧੰਨ ਹੈ ਇਹ ਥਾਂ ਜਿਸ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਵਰਗਾ ਨੇਤਾ ਪੈਦਾ ਕੀਤਾ। ਏਸ ਮਿੱਟੀ ਨੂੰ ਆਪਣੇ ਮੱਥੇ ਨਾਲ ਲਾ ਕਿ ਮੈਨੂੰ ਬੇਹੱਦ ਖੁਸ਼ੀ ਹੋਈ। ਮੈਂ ਇਹ ਹਲਫ਼ ਲੈਂਦਾਂ ਹਾਂ ਕਿ ਬਤੌਰ ਮੁੱਖ ਮੰਤਰੀ ਮੈਂ ਹਰ ਕੰਮ ਏਸ ਸੋਚ ਨਾਲ ਕਰਾਂਗਾ ਕਿ ਸ. ਭਗਤ ਸਿੰਘ ਮੈਨੂੰ ਦੇਖ ਰਿਹਾ ਹੈ।"  

        ਮੁੱਖ ਮੰਤਰੀ ਨੇ ਆਪਣੀ ਫੇਰੀ ਦੌਰਾਨ ਕਿਹਾ ਕਿ ਇਸ ਪਵਿੱਤਰ ਧਰਤੀ ਉਤੇ ਕੌਮੀ ਆਜ਼ਾਦੀ ਸੰਘਰਸ਼ ਖਾਤਰ ਆਪਣਾ ਜੀਵਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ। ਸ. ਚੰਨੀ ਨੇ ਕਿਹਾ ਕਿ ਉਹ ਸ਼ਹੀਦ-ਏ-ਆਜ਼ਮ ਦੇ ਸੁਪਨੇ ਸਾਕਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸ. ਚੰਨੀ ਨੇ ਕਿਹਾ ਕਿ ਦੇਸ਼ ਹਮੇਸ਼ਾ ਹੀ ਮਹਾਨ ਸ਼ਹੀਦ ਦਾ ਰਿਣੀ ਰਹੇਗਾ ਜਿਨ੍ਹਾਂ ਨੇ ਮੁਲਕ ਨੂੰ ਬਰਤਾਨਵੀ ਸਾਮਰਾਜ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਉਣ ਲਈ 23 ਵਰ੍ਹਿਆਂ ਦੀ ਜਵਾਨ ਉਮਰ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ।

        ਮੁੱਖ ਮੰਤਰੀ ਨੇ ਕਿਹਾ ਕਿ ਜਵਾਨ ਉਮਰ ਵਿਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੇ ਨੌਜਵਾਨਾਂ ਨੂੰ ਕੌਮੀ ਆਜ਼ਾਦੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਿਸ ਸਦਕਾ ਦੇਸ਼ ਨੂੰ ਆਜ਼ਾਦੀ ਹਾਸਲ ਹੋਈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਲੱਖਾਂ ਨੌਜਵਾਨਾਂ ਲਈ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਲਈ ਸਦਾ ਹੀ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਸ. ਚੰਨੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ ਤਾਂ ਕਿ ਭਾਰਤ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਮੁਲਕ ਬਣਾਇਆ ਜਾ ਸਕੇ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਪਿਤਾ ਮਰਹੂਮ ਕਿਸ਼ਨ ਸਿੰਘ ਦੀ ਸਮਾਧੀ ਸਥਲ `ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ `ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਦੇ ਰਿਸ਼ਤੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਸ. ਸਤਵਿੰਦਰ ਸਿੰਘ ਅਤੇ ਸ. ਹਰਜੀਵਨ ਸਿੰਘ ਗਿੱਲ, ਸ਼ਹੀਦ ਦੀ ਭੈਣ ਅਮਰ ਕੌਰ ਦੇ ਪੋਤਰੇ, ਭਰਾ ਮਰਹੂਮ ਕੁਲਤਾਰ ਸਿੰਘ ਦੇ ਪੁੱਤਰ ਸ. ਕਿਰਨਜੀਤ ਸਿੰਘ, ਭਰਾ ਮਰਹੂਮ ਕੁਲਬੀਰ ਸਿੰਘ ਦੀ ਨੂੰਹ ਸ੍ਰੀਮਤੀ ਤੇਜਵਿੰਦਰ ਕੌਰ ਸੰਧੂ, ਭਰਾ ਮਰਹੂਮ ਕੁਲਬੀਰ ਸਿੰਘ ਸਿੰਘ ਦੀ ਪੋਤਰੀ ਅਨੁਸ਼ ਪ੍ਰਿਆ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਤੋਂ ਅਸ਼ੋਕ ਥਾਪਰ ਅਤੇ ਵਿਸ਼ਾਲ ਨਾਇਰ ਸ਼ਾਮਲ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨਾਂ ਅਤੇ ਖੇਡ ਕਲੱਬਾਂ ਨੂੰ 31 ਖੇਡ ਕਿੱਟਾਂ ਵੀ ਵੰਡੀਆਂ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਅੰਗਦ ਸਿੰਘ, ਚੌਧਰੀ ਦਰਸ਼ਨ ਲਾਲ ਅਤੇ ਨਵਤੇਜ ਸਿੰਘ ਚੀਮਾ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਤੇ ਚੌਧਰੀ ਮੋਹਣ ਲਾਲ ਬੰਗਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਬੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਮੌਜੂਦ ਸਨ।

ਸਯੁੰਕਤ ਕਿਸਾਨ ਮੋਰਚੇ ਦੀ ਕਾਲ ਤੇ ਬੰਗਾ ਇਲਾਕੇ ਕਿਸਾਨਾਂ ਨੇ ਪਿੰਡ ਖਟਕੜਕਲ੍ਹਾਂ ਵਿਖੇ ਸਵੇਰੇ ਤੋ ਸ਼ਾਮ ਤੱਕ ਨੈਸ਼ਨਲ ਹਾਈਂਵੇ ਜਾਮ ਕਰ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਸ਼ਨ

ਪੰਮਾ ਡੂੰਮੇਵਾਲ, ਪੰਮੀ ਬਾਈ ਸਮੇਤ ਢਾਡੀ ਜੱਥਿਆ ਨੇ ਲਵਾਈ ਹਾਜ਼ਰੀ
ਬੰਗਾ : 27 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ)- ਸਯੁੰਕਤ ਕਿਸਾਨ ਮੋਰਚਾ ਵੱਲੋਂ ਅੱਜ 27 ਸਿਤੰਬਰ ਦੀ ਭਾਰਤ ਬੰਦ ਦੀ ਕਾਲ ਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਕਿਸਾਨਾਂ, ਮਜਦੂਰਾਂ ਦੀ ਹਾਜ਼ਰੀ ਵਿੱਚ ਸ਼ਹੀਦੇ ਆਜ਼ਮ ਸ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲ੍ਹਾਂ ਵਿਖੇ ਬਣੇ ਉਨ੍ਹਾਂ ਦੇ ਸਮਾਰਕ ਦੇ ਸਾਹਮਣੇ ਨੈਸ਼ਨਲ ਹਾਈਵੇਂ ਨੂੰ ਸਵੇਰੇ ਤੋ ਲੈਕੇ ਦੇਰ ਸ਼ਾਮ ਤੱਕ ਬੰਦ ਰੱਖ ਜਿਥੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੋ ਖੇਤੀ ਬਾੜੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈਕੇ ਰੋਸ ਪ੍ਰਦਸ਼ਨ ਕੀਤਾ, ਉਥੇ ਹੀ ਸਰਕਾਰ ਖਿਲਾਫ ਡੱਟਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ ਤੋਰ ਤੇ ਪੁੱਜੇ ਪੰਜਾਬੀ ਗਾਇਕ ਪੰਮਾ ਡੂੰਮੇਵਾਲ , ਪੰਮੀ ਬਾਈ ਤੇ ਹੋਰ ਵੱਖ ਵੱਖ ਢਾਡੀ ਜੱਥਿਆ ਵਲੋ ਕਿਸਾਨੀ ਅੰਦੋਂਲਨ ਨਾਲ ਜੁੜੇ ਗਾਣਿਆ ਨੂੰ ਗਾ ਅੱਤ ਦੀ ਗਰਮੀ ਵਿੱਚ ਸੜਕ ਤੇ ਬੈਠੇ ਕਿਸਾਨਾਂ, ਮਜ਼ਦੂਰਾਂ ਨੂੰ ਜੋਸ਼ ਵਿੱਚ ਲਿਆ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਵਜੀਦਪੁਰ, ਅਮਰਜੀਤ ਸਿੰਘ  ਬੁਰਜ਼ ਨੇ ਵਿਸ਼ੇਸ ਤੋਰ ਤੇ ਸਾਥੀਆ ਨਾਲ ਪੁੱਜੇ ਭਾਰਤੀ ਕਿਸਾਨ ਯੂਨੀਂਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਦਾ ਸਵਾਗਤ ਕੀਤਾ । ਉਥੇ ਹੀ ਉਨ੍ਹਾਂ ਨੇ ਦਿੱਲੀ ਦੀਆ ਬਰੂਹਾਂ ਤੇ ਇਕ ਸਾਲ ਤੋ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਮੋਰਚਾ ਲਾਈ ਬੈਠੇ ਕਿਸਾਨਾ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀ ਕਿਸਾਨੀ ਸ਼ੰਘਰਸ ਦੀ ਜਿੱਤ ਹੋਵੇਗੀ ਅਤੇ 600 ਤੋ ਵੱਧ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਮਹਿਕ ਉੱਠੇਗੀ । ਹਾਜ਼ਰ ਇਕੱਠ ਵਿੱਚ ਵਿਸ਼ੇਸ ਕਰਕੇ ਕੁਲਦੀਪ ਸਿੰਘ ਦਿਆਲਾ, ਮੱਖਣ ਸਿੰਘ ਤਾਹਰਪੁਰੀ, ਹਰਪਾਲ ਸਿੰਘ ਪਠਲਾਵਾਂ, ਰਵਿੰਦਰ ਸਿੰਘ ਬਾਲੋਂ, ਮਨਦੀਪ ਸਿੰਘ ਗੋਬਿੰਦਪੁਰ, ਬਾਬਾ ਜਸਦੀਪ ਸਿੰਘ, ਉਕਾਂਰ ਸਿੰਘ ਕਾਰੀ, ਹਰਪ੍ਰਭਮਹਿਲ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ , ਜਸਕਰਨ ਸਿੰਘ  ਕਾਕਾ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਝਿੱਕਾ, ਪਰਮਜੀਤ ਜੱਸਲ ਗੁਣਾਚੋਰ, ਗੁਰਦੀਪ ਸਿੰਘ ਝਿੱਕਾ , ਬਲਵਿੰਦਰ ਪਾਲ , ਰਾਮ ਸਿੰਘ ਨੂਰਪੁਰੀ , ਲਖਵੀਰ ਸਿੰਘ ਉੱਚਾ ਲਧਾਣਾ, ਨਵਜੀਵਨ ਸਿੰਘ, ਮਨਮਿੰਦਰ ਸਿੰਘ, ਰਣਧੀਰ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਨੋਰਾ, ਬਲਵੀਰ ਸਿੰਘ ਕਰਨਾਣਾ, ਰਣਬੀਰ ਸਿੰਘ ਰਾਣਾ, ਰਾਜਵੀਰ ਸਿੰਘ ਬਾਲੋਂ, ਬਲਬੀਰ ਸਿੰਘ ਧੰਜੂ, ਕੁਲਦੀਪ ਸਿੰਘ ਬਾਲੋਂ , ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਪੱਲੀ ਝਿੱਕੀ, ਨਰਿੰਦਰ ਜੀਤ ਰੱਤੂ , ਸੁਰਿੰਦਰ ਘਈ, ਮਨੋਹਰ ਲਾਲ ਗਾਬਾ , ਸੁਰਿੰਦਰ ਸਿੰਘ ਡੀ ਪੀ , ਕੁਲਦੀਪ ਸਿੰਘ ਸ਼ੇਰਗਿੱਲ, ਜੁਗਿੰਦਰ ਸਿੰਘ ਚਾਹਲ, ਸਤਨਾਮ ਸਿੰਘ ਝਿੱਕਾ, ਜਤਿੰਦਰ ਸਿੰਘ, ਰਾਜਿੰਦਰ ਸਿੰਘ, ਹਰਭਜਨ ਸਿੰਘ, ਗਿਆਨ ਸਿੰਘ, ਹਰੀ ਸਿੰਘ ਤੋ ਇਲਾਵਾਂ ਵੱਡੀ ਗਿਣਤੀ ਵਿੱਚ ਹੋਰ ਮਜ਼ਦੂਰ ਤੇ ਕਿਸਾਨ ਹਾਜ਼ਰ ਸਨ। ਕਸਬਾ ਬਹਿਰਾਮ ਅਧੀਨ ਆਉਦੇ ਟੋਲ ਪਲਾਜ਼ਾ ਤੇ ਵੀ  ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾ ਮਜ਼ਦੂਰਾ ਵੱਲੋਂ  ਰੋਡ ਜਾਮ ਕਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਸ਼ਨ ਕੀਤਾ ਗਿਆ। ਇਸ ਮੋਕੇ ਤੇ ਵੱਖ ਵੱਖ ਕਿਸਾਨ ਆਗੂਆ ਨੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਜਦੋ ਤੱਕ ਕੇਂਦਰ ਦੀ ਅੰਨੀ ਬੋਲੀ ਮੋਦੀ ਸਰਕਾਰ ਖੇਤੀਬਾੜੀ ਵਿਰੁੱਧ ਪਾਸ ਕੀਤੇ ਤਿੰਨੋਂ ਕਾਲੇ ਕਾਨੂੰਨ ਰੱਦ ਨਹੀ ਕਰ ਦਿੰਦੀ ਸਯੁਕੰਤ ਕਿਸਾਨ ਮੋਰਚੇ ਦੀ ਕਾਲ ਤੇ ਇੰਝ ਹੀ ਧਰਨੇ ਪ੍ਰਦਸ਼ਨ ਚਲਦੇ ਰਹਿਣਗੇ ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਯੁੰਕਤ ਕਿਸਾਨ ਮੋਰਚਾ ਦੀ ਭਾਰਤ ਬੰਦ ਦੀ ਕਾਲ ਤੇ ਵੱਖ ਵੱਖ ਕਿਸਾਨ ਜੱਥੇਬੰਦੀਆ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਸ਼ਨ

ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ਾਲ ਰੈਲੀ ਕਰਕੇ ਮੋਦੀ ਸਰਕਾਰ ਨੂੰ ਵੰਗਾਰਿਆ, ਦਿੱਲੀ ਵਲ ਵਹੀਰਾਂ ਘੱਤਣ ਦਾ ਦਿੱਤਾ ਸੱਦਾ
-ਕਿਸਾਨਾਂ ਦੀ ਹਮਾਇਤ ਵਿੱਚ ਜਿਲਾ ਨਵਾਂਸ਼ਹਿਰ ਮੁਕੰਮਲ ਬੰਦ, ਲੰਗੜੋਆ ਬਾਈਪਾਸ ਉੱਤੇ ਲੱਗਾ ਜਿਲਾ ਪੱਧਰੀ ਜਾਮ
ਨਵਾਂਸ਼ਹਿਰ 27 ਸਤੰਬਰ : ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ ਉੱਤੇ ਜਿਲਾ ਪੱਧਰੀ ਜਾਮ ਲਾਇਆ ਗਿਆ ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਸੁਤੰਤਰ ਕੁਮਾਰ, ਸੁਰਿੰਦਰ ਸਿੰਘ ਬੈਂਸ, ਸਤਨਾਮ ਸਿੰਘ ਗੁਲਾਟੀ, ਮੁਕੰਦ ਲਾਲ, ਤਰਸੇਮ ਸਿੰਘ ਬੈਂਸ, ਕੁਲਦੀਪ  ਸਿੰਘ ਸੁੱਜੋ ਨੇ ਕਿਹਾ ਕਿ ਅੱਜ ਦੇ ਮੁਕੰਮਲ  ਬੰਦ ਨੇ ਦੱਸ ਦਿੱਤਾ ਹੈ ਕਿ ਪੂਰਾ ਦੇਸ਼ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ, ਸਰਕਾਰ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਉੱਠ ਖਲੋਤਾ ਹੈ। ਲੋਕਾਂ ਦੀ ਇਹ ਵੰਗਾਰ ਸਰਕਾਰ ਨੂੰ ਵੰਗਾਰ ਰਹੀ ਹੈ।ਸਰਕਾਰ ਦੇ ਹਰ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ।ਹੁਣ ਇਸ ਲੋਕ-ਹੜ ਨੂੰ ਸਰਕਾਰ ਦਾ ਕਿਸੇ ਤਰ੍ਹਾਂ ਦਾ ਜਬਰ, ਮਾੜੀਆਂ ਚਾਲਾਂ ਰੋਕ ਨਹੀਂ ਸਕਣਗੀਆਂ। ਉਹਨਾਂ ਨੇ ਆਖਿਆ ਕਿ ਇਹ ਲੜਾਈ ਹੁਣ ਸਿਰਫ ਕਿਸਾਨਾਂ ਦੀ ਹੀ ਨਹੀਂ ਸਗੋਂ ਮੋਦੀ ਸਰਕਾਰ ਵਿਰੁੱਧ ਸਮੁੱਚੇ ਦੇਸ਼ ਦੀ ਲੜਾਈ ਬਣ ਗਈ ਹੈ ਜਿਸਦਾ ਅੰਤ ਸਰਕਾਰ ਦੀ ਹਾਰ ਵਿਚ ਹੋਵੇਗਾ ।ਇਹ ਖੇਤੀ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਕੇ ਕਾਰਪੋਰੇਟਰਾਂ ਨੂੰ ਲਾਭ ਦੇਣ ਵਾਲੇ ਹਨ । ਸਮੁੱਚਾ ਦੇਸ਼ ਇਸ ਗੱਲ ਨੂੰ ਸਮਝ ਚੁੱਕਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਬਰਬਾਦ ਹੁੰਦਾ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ । ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ । ਕਿਸਾਨਾਂ ਦੇ ਸੰਘਰਸ਼ ਵਿਚ ਖੇਤ ਮਜਦੂਰ,ਸਨਅਤੀ ਮਜਦੂਰ, ਖਾਣ ਮਜਦੂਰ, ਟਰਾਂਸਪੋਰਟਰ, ਮੁਲਾਜ਼ਮ, ਵਪਾਰੀ, ਨੌਜਵਾਨ, ਔਰਤਾਂ, ਬੱਚੇ, ਪ੍ਰਵਾਸੀ ਮਜਦੂਰ, ਵਿਦਿਆਰਥੀ ਸਭ ਸੰਘਰਸ਼ ਦੇ ਪਿੜ ਵਿਚ ਹਨ, ਪਿੰਡਾਂ ਦੇ ਪਿੰਡ ਉੱਠ ਖਲੋਤੇ ਹਨ ਅਤੇ ਵਿਦੇਸ਼ਾਂ ਵਿਚ ਵਸੇ ਭਾਰਤੀ ਵੀ , ਜਿੱਤ ਦਾ ਪਰਚਮ ਲਹਿਰਾਉਣ ਲਈ ਕੁੱਦ ਪਏ ਹਨ  । ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈ ਜੋ ਡਰ ਨੂੰ ਹਥਿਆਰ ਵਜੋਂ ਵਰਤ ਰਹੀ ਹੈ, ਇਹ ਡਰ ਯੂ ਏ ਪੀ ਏ ਅਤੇ ਅਜਿਹੇ ਹੋਰ ਕਾਲੇ ਕਾਨੂੰਨਾਂ ਰਾਹੀਂ, ਪੁਲਸ ਜਬਰ ਰਾਹੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ  ਤਾਂ ਕਿ ਕਿਸਾਨੀ ਮੋਰਚੇ ਨੂੰ ਕੰਮਜੋਰ ਕੀਤਾ ਜਾ ਸਕੇ ਪਰ ਇਸ ਦੇਸ਼ ਵਿਆਪੀ ਘੋਲ ਨੇ ਲੋਕਾਂ ਵਿਚ ਵਿਆਪਕ ਪੱਧਰ ਉੱਤੇ ਚੇਤਨਾ ਦਾ ਪਸਾਰਾ ਕੀਤਾ ਹੈ।ਇਹਨਾਂ ਸਰਕਾਰਾਂ ਦੀਆਂ ਹਜਾਰ ਸਾਜਿਸ਼ਾਂ ਦੇ ਬਾਵਜੂਦ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਆਗੂ ਬਿੱਲਾ ਗੁਜਰ, ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ, ਸਤਨਾਮ ਸਿੰਘ ਸੁੱਜੋਂ, ਬਲਜਿੰਦਰ ਸਿੰਘ ਭੰਗਲ, ਪੁਨੀਤ ਬਛੌੜੀ, ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ, ਸੁਰਿੰਦਰ ਸਿੰਘ ਸੋਇਤਾ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਡਾਕਟਰ ਦਿਲਦਾਰ ਸਿੰਘ ਚਾਹਲ,ਟਰੱਕ ਯੂਨੀਅਨ ਦੇ ਮੀਤ ਪ੍ਰਧਾਨ ਅਜੀਤ ਸਿੰਘ ਸੋਇਤਾ, ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਲਾਲ, ਹਰੀ ਰਾਮ ਰਸੂਲਪੁਰੀ, ਆਸ਼ਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਸ਼ਕੁੰਤਲਾ ਦੇਵੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ, ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜੱਥੇ ਅਤੇ ਨਵਜੋਤ ਸਿੰਘ ਦੇ ਢਾਡੀ ਜਥੇ ਨੇ ਬੀਰ ਰਸ ਭਰਪੂਰ ਵਾਰਾਂ ਪੇਸ਼ ਕੀਤੀਆਂ। ਆਜ਼ਾਦ ਰੰਗ  ਮੰਚ ਫਗਵਾੜਾ, ਜੈ ਹੋ ਕਲਾ ਮੰਚ ਮੋਗਾ ਦੇ ਕਲਾਕਾਰਾਂ ਨੇ ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਸਤਨਾਮ ਸਿੰਘ ਸੂਰਮਾ, ਸੁਖਵੀਰ ਸਿੰਘ ਖੱਟਕੜ, ਹਰਦੇਵ ਚਾਹਲ, ਨਰਿੰਦਰਜੀਤ ਕੌਰ ਖੱਟਕੜ, ਰਣਜੀਤ ਕੌਰ ਮਹਿਮੂਦਪੁਰ  ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਪਿੰਡ ਲੰਗੜੋਆ ਵਾਸੀਆਂ, ਬਰਨਾਲਾ ਕਲਾਂ ਵਾਸੀਆਂ, ਉੜਾਪੜ ਵਾਸੀਆਂ ਵਲੋਂ ਚਾਹ ਅਤੇ ਰੋਟੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਅੱਜ ਦੇ ਇਕੱਠ ਵਿਚ ਲੋਕ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿਚ ਜਾਮ ਵਿਚ ਪਹੁੰਚੇ । ਅੱਜ ਦੀ  ਸਯੁੰਕਤ ਕਿਸਾਨ ਮੋਰਚਾ  ਦੀ ਭਾਰਤ ਬੰਦ ਦੀ ਕਾਲ ਤੇ  ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੂਰਨ ਤੇ ਮੁਕੰਮਲ ਬੰਦ ਰਿਹਾ।  ਜਿਲੇ ਵਿਚ ਨਵਾਂਸ਼ਹਿਰ, ਬੰਗਾ, ਬਲਾਚੌਰ, ਰਾਹੋਂ ਸ਼ਹਿਰਾਂ ਤੋਂ ਇਲਾਵਾ ਜਿਲੇ ਦੇ ਕਸਬੇ ਵੀ ਬੰਦ ਰਹੇ। ਦਾਣਾ ਮੰਡੀਆਂ, ਸਬਜੀਆਂ ਮੰਡੀਆਂ, ਵਪਾਰਕ ਅਦਾਰੇ, ਟਰਾਂਸਪੋਰਟ, ਆਈਲੈਟਸ ਸੈਂਟਰ, ਸਕੂਲ, ਕਾਲਜ ਬੰਦ ਰਹੇ।

ਆਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇਣ ਲਈ ਬੂਟੇ ਲਗਾਉਣਾ ਬੇਹੱਦ ਜਰੂਰੀ : ਰਾਜੀਵ ਦੱਤਾ

ਪੰਜਾਬ ਰੋਡਵੇਜ ਦਫਤਰ ਵਿੱਚ 20 ਬੂਟੇ ਲਗਾਏ
ਨਵਾਂਸ਼ਹਿਰ 27 ਸਤੰਬਰ : (ਵਿਸ਼ੇਸ਼ ਪ੍ਰਤੀਨਿਧੀ) ਕੁਦਰਤ ਦੇ ਸੰਤੁਲਨ ਨੂੰ ਬਣਾਏ ਰੱਖਣ, ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਡੇ ਪੱਧਰ ਤੇ ਬੂਟੇ ਲਗਾਣਾ ਜਰੂਰੀ ਹੈ। ਇਸ  ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਐਸ ਕੇ ਟੀ ਪਲਾਂਟੇਸ਼ਨ ਟੀਮ ਵਲੋਂ ਸ਼ਹਿਰ ਵਿੱਚ ਵਾਤਾਵਰਨ ਬਚਾਓ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ । ਇਸ ਮੁਹਿੰਮ  ਦੇ ਤਹਿਤ ਅੱਜ ਪੰਜਾਬ ਰੋਡਵੇਜ ਨਵਾਂਸ਼ਹਿਰ  ਦੇ ਦਫਤਰ ਵਿੱਚ ਬੂਟੇ ਲਗਾਏ  ਗਏ । ਜਿਹਨਾਂ ਵਿੱਚ ਕਨੇਰ, ਔਲਾ, ਗੁਲਹਾਰ, ਸੁਹਾਂਜਣਾ ਅਤੇ ਗੁਲਾਬ  ਦੇ 20 ਬੂਟੇ ਲਗਾਏ ਗਏ। ਪੰਜਾਬ ਰੋਡਵੇਜ  ਦੇ ਜਨਰਲ ਮੈਨੇਜਰ ਰਾਜੀਵ ਦੱਤਾ ਨੇ ਆਪਣੇ ਵਾਤਾਵਰਨ ਪ੍ਰਤੀ  ਸੁਨੇਹੇ ਵਿੱਚ ਕਿਹਾ ਕਿ ਸਾਡੇ ਆਸਪਾਸ  ਦਰਖਤਾਂ ਦੀ  ਘਾਟ  ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀ ਸ਼ੁੱਧ ਹਵਾ ਅਤੇ ਖੁਸ਼ਹਾਲ ਜੀਵਨ ਚਾਹੁੰਦੇ ਹਨ, ਤਾਂ ਪਰਿਆਵਰਣ ਨੂੰ ਬਚਾਣਾ ਹੋਵੇਗਾ। ਬੂਟੇ ਨਾ ਕੇਵਲ ਵਾਤਾਵਰਨ ਨੂੰ ਸਵੱਛ ਬਣਾਉਂਦੇ ਹਨ ਸਗੋਂ ਜੀਵਨ ਲਈ ਅਤਿ ਜ਼ਰੂਰੀ ਹਵਾ ਵੀ ਇਨ੍ਹਾਂ ਤੋਂ ਹੀ ਪ੍ਰਾਪਤ ਹੁੰਦੀ ਹੈ । ਇਸ ਲਈ ਸਾਨੂੰ  ਸਾਰਿਆਂ ਨੂੰ  ਆਪਣੇ ਆਲੇ ਦੁਆਲੇ ਦੀ ਖਾਲੀ ਜਗ੍ਹਾ ਉੱਤੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਣੇ ਚਾਹੀਦੇ ਹਨ। ਸੁਪਰਡੈਂਟ ਮਨਜੀਤ ਸਿੰਘ ਅਤੇ ਏ ਐਮ ਈ ਗੁਰਤੇਜ ਸਿੰਘ  ਨੇ ਕਿਹਾ ਕਿ ਕੁਦਰਤ  ਦੇ ਨਾਲ ਜੋ ਖਿਲਵਾੜ ਹੋ ਰਿਹਾ ਹੈ ਉਸਦਾ ਨੁਕਸਾਨ ਆਉਣ ਵਾਲੀ ਪੀੜ੍ਹੀਆਂ ਨੂੰ ਝੇਲਨਾ ਪਵੇਗਾ। ਗਲੋਬਲ ਵਾਰਮਿੰਗ ਦੀ ਸਮੱਸਿਆ ਵਿਕਰਾਲ ਹੁੰਦੀ ਜਾ ਰਹੀ ਹੈ। ਸੰਸਾਰ ਭਰ ਵਿੱਚ ਇਸ ਮਸਲੇ ਉੱਤੇ ਚਰਚਾਵਾਂ ਚੱਲ ਰਹੀਆਂ ਹਨ ਧਰਤੀ ਉਨ੍ਹਾਂ ਨੇ ਸਾਰੀਆਂ ਨੂੰ ਜਿਆਦਾ ਤੋਂ ਜਿਆਦਾ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਦਾ ਪ੍ਰਣ  ਲੈਣ ਦੀ ਅਪੀਲ ਕੀਤੀ। ਟੀਮ  ਦੇ ਸੰਚਾਲਕ ਅੰਕੁਸ਼ ਨਿਜਾਵਨ ਨੇ ਪੰਜਾਬ ਰੋਡਵੇਜ  ਦੇ ਜਨਰਲ ਮੈਨੇਜਰ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਉੱਤੇ ਜਨਰਲ ਮੈਨੇਜਰ ਰਾਜੀਵ ਦੱਤਾ,  ਏ ਐਮ ਈ ਗੁਰਤੇਜ ਸਿੰਘ, ਸੁਪਰਡੈਂਟ ਮਨਜੀਤ ਸਿੰਘ, ਟਰੈਫਿਕ ਇੰਚਾਰਜ ਗੁਰਨਾਮ ਸਿੰਘ, ਸਤਪਾਲ ਸਿੰਘ, ਨੀਰਜ ਕੁਮਾਰ, ਕੁਲਜੀਤ ਸਿੰਘ, ਪਰਮਵੀਰ ਸਿੰਘ, ਨਿਤੇਸ਼ ਤੀਵਾਰੀ ਅਤੇ ਮਨੋਜ ਜਗਪਾਲ ਮੌਜੂਦ ਸਨ।

ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਦੀ ਅਗਲੇਰੀ ਜ਼ਿੰਦਗੀ ਲਈ ਬੇਹੱਦ ਮਹੱਤਵਪੂਰਨ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ਵਿਚ 2434 ਬੱਚਿਆਂ ਨੂੰ ਪਿਲਾਈਆਂ ਗਈਆਂ 'ਪੋਲੀਓ ਰੋਕੂ ਬੂੰਦਾਂ'
ਨਵਾਂਸ਼ਹਿਰ, 26 ਸਤੰਬਰ 2021 :- ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿਚ ਪੋਲੀਓ ਦੀ ਬਿਮਾਰੀ ਤੋਂ ਬਚਾਉਣ ਲਈ ਨਿੱਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਉਣ ਲਈ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਬੰਗਾ ਰੋਡ ਨਵਾਂਸ਼ਹਿਰ ਵਿਖੇ ਸਥਿਤ ਝੁੱਗੀ-ਝੌਂਪੜੀਆਂ ਵਿਚ 0-5 ਸਾਲ ਦੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਉਪਰੰਤ ਆਸਮਾਨ ਵਿਚ ਗੁਬਾਰੇ ਛੱਡ ਕੇ ਇਸ ਤਿੰਨ ਦਿਨਾ ਮੁਹਿੰਮ ਦਾ ਆਗਾਜ਼ ਕੀਤਾ।  ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਭਾਵੇਂ ਪਿਛਲੇ 10 ਸਾਲਾਂ ਦੌਰਾਨ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਪ੍ਰਸਾਰ ਅਜੇ ਵੀ ਜਾਰੀ ਹੈ।ਇਹ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਦੀ ਅਗਲੇਰੀ ਜ਼ਿੰਦਗੀ ਲਈ ਬੇਹੱਦ ਅਹਿਮ ਹਨ। ਇਸ ਲਈ ਮੈਂ ਜ਼ਿਲ੍ਹੇ ਦੇ ਸਾਰੇ ਪ੍ਰਵਾਸੀ ਮਾਪਿਆਂ ਨੂੰ ਅਗਲੇ ਦੋ ਦਿਨਾਂ ਵਿਚ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆ ਪੋਲਿਓ ਰੋਕੂ ਬੂੰਦਾਂ ਪਿਲਾਉਣ ਦੀ ਅਪੀਲ ਕਰਦੀ ਹਾਂ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਕੁੱਲ 2434 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਨਵਾਂਸ਼ਹਿਰ ਵਿਖੇ 290, ਬੰਗਾ ਵਿਖੇ 175, ਰਾਹੋਂ ਵਿਖੇ 131, ਬਲਾਚੌਰ ਅਰਬਨ 165, ਮੁਜੱੱਫਰਪੁਰ ਵਿਖੇ 550, ਮੁਕੰਦਪੁਰ ਵਿਖੇ 255, ਸੁੱਜੋਂ ਵਿਖੇ 155, ਸੜੋਆ ਵਿਖੇ 236, ਬਲਾਚੌਰ ਰੂਰਲ ਵਿਖੇ 477 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਜੋ ਬੱਚੇ ਪੋਲੀਓ ਬੂੰਦਾਂ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ 27 ਸਤੰਬਰ ਅਤੇ 28 ਸਤੰਬਰ ਨੂੰ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।  ਇਸ ਮੌਕੇ  ਡਾ. ਜਸਦੇਵ ਸਿੰਘ ਸਹਾਇਕ ਸਿਵਲ ਸਰਜਨ, ਡਾ. ਬਲਵਿੰਦਰ ਕੁਮਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਮਨਦੀਪ ਕਮਲ ਐਸ.ਐਮ.ਓ ਨਵਾਂਸ਼ਹਿਰ, ਡਾ. ਹਰਦੀਪ ਸਿੰਘ, ਜਗਤ ਰਾਮ ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਬਲਵਿੰਦਰ ਕੌਰ ਐਲ.ਐਚ.ਵੀ, ਜੋਤੀ ਏ.ਐੱਨ.ਐੱਮ. ਅਤੇ ਸੁੁਸ਼ੀਲ ਕੁਮਾਰ ਕੰਪਿਊਟਰ ਅਸਿਸਟੈਂਟ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ  ਸਨ।

26, 27 ਅਤੇ 28 ਸਤੰਬਰ ਨੂੰ ਮਾਈਗ੍ਰੇਟਰੀ ਆਬਾਦੀ ਵਿੱਚ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਨਵਾਂਸ਼ਹਿਰ, 25 ਸਤੰਬਰ 2021:- ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ 26, 27 ਅਤੇ 28 ਸਤੰਬਰ ਨੂੰ ਮਾਈਗ੍ਰੇਟਰੀ ਵੱਸੋਂ ਵਾਲੇ ਇਲਾਕਿਆਂ ਵਿਚ 0 ਤੋਂ 5 ਸਾਲ ਤੱਕ ਦੇ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲ਼ਾਈਆਂ ਜਾਣਗੀਆਂ। ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ 26, 27 ਅਤੇ 28 ਸਤੰਬਰ 2021 ਨੂੰ 0 ਤੋਂ 5 ਸਾਲ ਤੱਕ ਦੇ ਤਕਰੀਬਨ 5464 ਪ੍ਰਵਾਸੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ 53 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਲੱਮ ਤੇ ਮਾਈਗ੍ਰੇਟਰੀ ਵੱਸੋਂ ਵਾਲੇ ਇਲਾਕਿਆਂ ਵਿਚ ਪੋਲੀਓ ਬੂੰਦਾਂ ਪਿਲ਼ਾਉਣ ਲਈ 102 ਵੈਕਸੀਨੇਟਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ 13 ਸੁਪਰਵਾਈਜਰ ਕਰਨਗੇ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾ ਮਾਈਗ੍ਰੇਟਰੀ ਪਲਸ ਪੋਲਿਓ ਮੁਹਿੰਮ ਤਹਿਤ ਝੁੱਗੀਆਂ-ਝੌਂਪੜੀਆਂ, ਉਦਯੋਗਿਕ ਖੇਤਰਾਂ, ਇੱਟਾਂ ਦੇ ਭੱਠਿਆਂ, ਗੁੱਜਰਾਂ ਦੇ ਡੇਰਿਆਂ, ਨਿਰਮਾਣ ਅਧੀਨ ਇਮਾਰਤਾਂ ਤੇ ਦਾਣਾ ਮੰਡੀਆਂ ਆਦਿ ਸਲੱਮ ਖੇਤਰਾਂ ਵਿਚ 0 ਤੋਂ 5 ਸਾਲ ਤੱਕ ਦੇ 5464 ਪ੍ਰਵਾਸੀ ਬੱਚਿਆ ਨੂੰ ਘਰ-ਘਰ ਜਾ ਕੇ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਡਾ. ਕੌਰ ਨੇ ਦੱਸਿਆ ਕਿ ਭਾਵੇਂ ਪਿਛਲੇ ਦਸ ਸਾਲਾਂ ਦੌਰਾਨ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਪ੍ਰਸਾਰ ਅਜੇ ਵੀ ਜਾਰੀ ਹੈ।ਇਹ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਵਾਇਰਸ ਉਨ੍ਹਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਮਾਈਗ੍ਰੇਟਰੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 26, 27 ਅਤੇ 28 ਸਤੰਬਰ ਨੂੰ ਚਲਾਈ ਜਾ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਕੋਈ ਵੀ ਮਾਈਗ੍ਰੇਟਰੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।

ਕੋਰੋਨਾ ਵਿਰੁੱਧ ਲੜਾਈ ਵਿਚ ਵੈਕਸੀਨ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ : ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ

ਨਵਾਂਸ਼ਹਿਰ, 25 ਸਤੰਬਰ 2021:- ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਮੁਜ਼ੱਫਰਪੁਰ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਹੋਈ ਹੈ, ਜਿਸ ਤਹਿਤ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ 21 ਥਾਵਾਂ 'ਤੇ ਮੈਗਾ ਟੀਕਾਕਰਨ ਡਰਾਈਵ ਤਹਿਤ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ। ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਬਲਵਿੰਦਰ ਕੁਮਾਰ ਨੇ ਘੱਕੇਵਾਲ ਟੀਕਾਕਰਨ ਕੈਂਪ ਦੀ ਚੈਕਿੰਗ ਕੀਤੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਵੀ ਮੌਜੂਦ ਸਨ। ਡਾ ਬਲਵਿੰਦਰ ਕੁਮਾਰ ਨੇ ਯੋਗ ਵਿਅਕਤੀਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਵੈਕਸੀਨ ਕੋਰੋਨਾ ਵਿਰੁੱਧ ਲੜਾਈ ਵਿਚ ਬਿਲਕੁੱਲ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਟੀਕਾਕਰਨ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਵਿੱਚ ਤਕਰੀਬਨ 2000 ਯੋਗ ਵਿਅਕਤੀਆਂ ਨੇ ਵੈਕਸੀਨ ਲਗਵਾਈ। ਉਨ੍ਹਾਂ ਦੱਸਿਆ ਕਿ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਮੈਗਾ ਟੀਕਾਕਰਨ ਮੁਹਿੰਮ ਤਹਿਤ ਕੋਰੋਨਾ ਵਾਇਰਸ ਦੇ ਮੁਕੰਮਲ ਖਾਤਮੇ ਲਈ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ। ਡਾ. ਸਿੰਘ ਨੇ ਅੱਗੇ ਕਿਹਾ ਕਿ ਆਓ ਆਪਾਂ ਸਾਰੇ ਇਹ ਯਕੀਨੀ ਬਣਾਈਏ ਕਿ 18 ਸਾਲ ਤੋਂ ਵੱਧ ਉਮਰ ਦਾ ਹਰੇਕ ਯੋਗ ਵਿਅਕਤੀ ਕੋਵਿਡ ਰੋਕੂ ਟੀਕਾ ਲਗਵਾਏ। ਉਨ੍ਹਾਂ ਨੇ ਕਿਹਾ ਕਿ ਯੋਗ ਵਿਅਕਤੀ ਆਪਣੇ ਨੇੜਲੇ ਕੈਂਪਾਂ ਉੱਤੇ ਜਾ ਕੇ ਟੀਕਾ ਲਗਵਾ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਕੰਪਿਊਟਰ ਸਹਾਇਕ ਸੁਸ਼ੀਲ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਨੂੰ ਵੇਖਕੇ ਰਾਹੋਂ ਦੇ ਸੈਂਕੜੇ ਪਰਿਵਾਰਾਂ ਨੇ ਚੁੱਕਿਆ ਝਾੜੂ:- ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 24 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ ) ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਨ ਰਾਤ ਹਰ ਰੋਜ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਲਈ ਸਤਨਾਮ ਸਿੰਘ ਜਲਵਾਹਾ ਵੱਲੋਂ ਨਵਾਂਸ਼ਹਿਰ ਹਲਕੇ ਦੇ ਸਾਰੇ ਵਲੰਟੀਅਰਾਂ ਅਤੇ ਅਹੁਦੇਦਾਰਾਂ ਦੇ ਸਹਿਯੋਗ ਸਦਕਾ ਲੋਕਾਂ ਨੂੰ ਡੋਰ ਟੂ ਡੋਰ ਸਭ ਦੇ ਘਰ ਘਰ ਜਾਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਗਰਾਊਂਡ ਲੈਵਲ ਉਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਰਾਹੋਂ ਟੀਮ ਦੇ ਜੁਝਾਰੂ ਸਾਥੀ ਅਤੇ ਸਰਗਰਮ ਆਗੂ ਜੱਸੀ ਧੰਜੂ ਜੀ, ਰਾਜੇਸ਼ ਰਾਜੂ ਜੀ ਅਤੇ ਜੋਗੇਸ਼ ਜੋਗਾ ਜੀ ਦੇ ਉੱਦਮ ਉਪਰਾਲੇ ਸਦਕਾ ਰਾਹੋਂ ਸ਼ਹਿਰ ਦੇ ਆਰਨਹਾਲੀ ਮੁਹੱਲੇ ਵਿਖੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਦਾ ਸਮੂਹ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾਕੇ ਨਿੱਘਾ ਸਵਾਗਤ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਜਲਵਾਹਾ ਵੱਲੋਂ ਮੀਟਿੰਗ ਵਿੱਚ ਇਕੱਠੇ ਹੋਏ ਸ਼ਹਿਰ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਜੀ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਤੋਂ ਵਿਸਥਾਰ ਸਹਿਤ ਜਾਣੂੰ ਕਰਵਾਇਆ। ਇਸ ਮੌਕੇ ਸੈਂਕੜੇ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਦਾ ਡੱਟਕੇ ਸਮਰਥਨ ਕਰਨ ਲਈ ਹੱਥ ਖੜ੍ਹੇ ਕਰਕੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ ਅਤੇ ਇਸ ਮੌਕੇ ਸਾਰੀ ਰਾਹੋਂ ਟੀਮ ਦੀ ਮਿਹਨਤ ਸਦਕਾ ਸੈਂਕੜੇ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਜੁਆਇੰਨ ਕਰਦੇ ਹੋਏ ਆਪ ਦੇ ਪਰਿਵਾਰ ਵਿੱਚ ਸ਼ਮੂਲੀਅਤ ਕੀਤੀ ਗਈ। ਸ਼ਹਿਰ ਵਾਸੀਆਂ ਵੱਲੋਂ ਸਤਨਾਮ ਸਿੰਘ ਜਲਵਾਹਾ ਤੋਂ ਕਈ ਸਵਾਲ ਵੀ ਪੁੱਛੇ ਗਏ ਜਿਨ੍ਹਾਂ ਸਾਰੇ ਸਵਾਲਾਂ ਦਾ ਸਤਨਾਮ ਸਿੰਘ ਜਲਵਾਹਾ ਵੱਲੋਂ ਬਹੁਤ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਨੂੰ ਸਤਨਾਮ ਸਿੰਘ ਜਲਵਾਹਾ ਤੋਂ ਇਲਾਵਾ ਰਾਹੋਂ ਦੀ ਸਮੁੱਚੀ ਟੀਮ ਵਲੋਂ ਜੀ ਆਇਆਂ ਆਖਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਇਸ ਮੀਟਿੰਗ ਵਿੱਚ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਰਾਹੋਂ ਦੇ ਸਰਕਲ ਪ੍ਰਧਾਨ ਜੋਗੇਸ਼ ਜੋਗਾ ਜੀ, ਜੱਸੀ ਧੰਜੂ ਰਾਹੋਂ, ਰਜੇਸ਼ ਰਾਜੂ ਰਾਹੋਂ, ਟੀਟੂ ਆਹੂਜਾ ਰਾਹੋਂ, ਸਾਬਕਾ ਐਮਸੀ ਮਾਸਟਰ ਹਰਮੇਸ਼ ਲਾਲ ਜੀ, ਸਾਬਕਾ ਐਮਸੀ ਸੁਰਿੰਦਰ ਕੁਮਾਰ ਜੀ, ਕੁਲਵੰਤ ਸਿੰਘ ਰਕਾਸਣ, ਕੁਲਵਿੰਦਰ ਸਿੰਘ ਗਿਰਨ, ਗੁਲਭੂਸਣ ਚੋਪੜਾ ਜੀ ਰਾਹੋਂ, ਸੁਰੇਸ਼ ਚੋਪੜਾ ਜੀ ਰਾਹੋਂ, ਬਲਵਿੰਦਰ ਸਿੰਘ ਜੀ ਰਾਹੋਂ, ਸ੍ਰੀ ਭਗਤ ਰਾਮ ਜੀ ਰਾਹੋਂ, ਅਜੇ ਕੁਮਾਰ ਜੀ ਰਾਹੋਂ, ਯੁਧਵੀਰ ਕੰਗ ਜੀ, ਕੁਲਵਿੰਦਰ ਸਿੰਘ ਤੋਂ ਇਲਾਵਾ ਰਾਹੋਂ ਦੇ ਸੈਂਕੜੇ ਸ਼ਹਿਰ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਸਰਕਾਰੀ ਸਕੂਲ ਕਰੀਹਾ ਦੀ ਹਿੰਦੀ ਅਧਿਆਪਕਾ ਵਿਦਿਆਰਥੀਆਂ ਨੂੰ ਸਿਖਾ ਰਹੀ ਹੈ ਨੈਤਿਕਤਾ ਦੇ ਗੁਰ

ਨਵਾਂ ਸ਼ਹਿਰ 23 ਸਤੰਬਰ  (ਵਿਸ਼ੇਸ਼ ਪ੍ਰਤੀਨਿਧੀ)  ਮਾਂ ਤੋਂ ਬਾਅਦ ਬੱਚੇ ਦਾ ਗੁਰੂ ਉਸਦਾ ਅਧਿਆਪਕ ਹੁੰਦਾ ਹੈ। ਹਰੇਕ ਅਧਿਆਪਕ ਦੀ ਇਹੀ ਤਮੰਨਾ ਹੁੰਦੀ ਹੈ ਕਿ ਉਸਦੇ ਵਿਦਿਆਰਥੀ ਆਦਰਸ਼ ਚਰਿੱਤਰ ਦੇ ਮਾਲਕ ਹੋਣ । ਜੇਕਰ ਅਧਿਆਪਕ ਸਾਹਿਤ ਦਾ ਪੁਜ਼ਾਰੀ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਇੱਥੇ ਗੱਲ ਕਰਨੀ ਬਣਦੀ ਹੈ ਜ਼ਿਲ੍ਹਾ ਦੇ ਸਸਸਸ ਕਰੀਹਾ ਦੀ ਹਿੰਦੀ ਅਧਿਆਪਕਾ ਰਜਨੀ ਸ਼ਰਮਾਂ ਦੀ। ਇੱਕ ਸਫ਼ਲ ਅਧਿਆਪਕਾ ਹੋਣ ਤੋਂ ਇਲਾਵਾ ਮੈਡਮ ਰਜਨੀ ਪੰਜਾਬੀ ਅਤੇ ਹਿੰਦੀ ਦੇ ਵਧੀਆ ਕਵਿੱਤਰੀ ਵੀ ਹਨ। ਆਪਣੇ ਸਾਹਿਤਿਕ ਗੁਣਾਂ ਕਰਕੇ ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਰਾਹੀਂ ਇੱਕ ਵਧੀਆ ਨਾਗਰਿਕ ਬਣਨ ਦਾ ਸੁਨੇਹਾ ਦਿੰਦੇ ਹਨ। ਇਸੇ ਸੰਦਰਭ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਦੇ ਧਾਰਨੀ ਬਣਾਉਣ ਲਈ ਬਹੁਤ ਸਾਰੇ ਸਫ਼ਲ ਉਪਰਾਲੇ ਕੀਤੇ ਜਾ ਰਹੇ ਹਨ। ਜਿਹਨਾਂ ਉਪਰਾਲਿਆਂ ਨੂੰ ਬੂਰ ਅਜਿਹੇ ਸਾਹਿਤ ਦੀ ਚੇਟਕ ਰੱਖਣ ਵਾਲੇ ਅਧਿਆਪਕਾਂ ਦੀਆਂ ਸਾਹਿਤਿਕ ਕੋਸ਼ਿਸ਼ਾਂ ਕਰਕੇ ਹੀ ਪਿਆ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਨਵੇਂ ਵਿਸ਼ੇ 'ਸਵਾਗਤ ਜ਼ਿੰਦਗੀ ਦੀ ਸ਼ੁਰੂਆਤ ਦੀ ਪਹਿਲਕਦਮੀ ਵੀ ਵਿਭਾਗ ਦੇ ਇਹਨਾਂ ਯਤਨਾਂ ਦਾ ਹੀ ਸਿੱਟਾ ਹੈ। ਸਰਕਾਰੀ ਸਕੂਲ ਕਰੀਹਾ ਦੀ ਇਸ ਅਧਿਆਪਕਾ ਦਾ ਨਾਮ ਵੀ ਸਾਹਿਤਿਕ ਚੇਟਕ ਰੱਖਣ ਵਾਲੇ ਅਧਿਆਪਕਾਂ ਦੀ ਮੂਹਰਲੀ ਕਤਾਰ 'ਚ ਸ਼ਾਮਿਲ ਹੈ।  ਜੇਕਰ ਗੱਲ ਕਰੀਏ ਹਿੰਦੀ ਅਧਿਆਪਕਾ ਦੇ ਸਾਹਿਤਿਕ ਯੋਗਦਾਨ ਦੀ ਪਿਛਲੇ ਸਮੇਂ ਵਿੱਚ ਵਿਭਾਗ ਵੱਲੋਂ ਪਬਲਿਸ਼ ਕੀਤੀ ਕਿਤਾਬ 'ਜਿਉਣ ਦਾ ਹੁਨਰ ' ਵਿੱਚ ਵੀ 'ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ' ਸਿਰਲੇਖ ਹੇਠ ਵਿਦਿਆਰਥੀਆਂ ਨੂੰ ਸਕਾਰਾਤਮਿਕਤਾ ਦਾ ਪਾਠ ਪੜ੍ਹਾਉਂਦਾ ਇੱਕ ਲੇਖ ਵੀ ਇਹਨਾਂ ਵੱਲੋਂ ਹੀ ਲਿਖਿਆ ਗਿਆ ਹੈ। ਇਹਨਾਂ ਦੀ ਬਾਕਮਾਲ ਲੇਖਣੀ ਦੀ ਖ਼ਾਸੀਅਤ ਇਹ ਹੈ ਕਿ ਇਹ ਡੂੰਘੀਆਂ ਨੈਤਿਕਤਾ ਦੀਆਂ ਗੱਲਾਂ ਵਿਦਿਆਰਥੀਆਂ ਦੇ ਪੱਧਰ ਦੀ ਸਰਲ ਭਾਸ਼ਾ ਵਿੱਚ ਕਹਿ ਜਾਂਦੇ ਹਨ। ਇਸ ਲੇਖ ਰਾਹੀਂ ਵੀ ਉਹ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਹਾਂ-ਪੱਖੀ ਸੋਚ ਅਪਣਾਉਣ ਦਾ ਸੁਨੇਹਾ ਦੇਕੇ ਮੁਸ਼ਕਿਲ ਹਾਲਾਤਾਂ 'ਚੋਂ ਸਿਆਣਪ ਨਾਲ ਨਿਕਲਣ ਦਾ ਗੁਰ ਸਿਖਾ ਰਹੇ ਹਨ। ਗੱਲ ਕੀ ਅਜਿਹੇ ਅਧਿਆਪਕ ਜਿੱਥੇ ਆਪਣੇ ਆਪ ਨੂੰ ਮੋਮ ਵਾਂਗ ਪਿਘਲਾ ਕੇ ਆਪਣੇ ਵਿਦਿਆਰਥੀਆਂ ਦੇ ਚਾਨਣ ਮੁਨਾਰੇ ਬਣਦੇ ਹਨ ਉੱਥੇ ਭਾਸ਼ਾ ਦੇ ਸਾਹਿਤਿਕ ਖ਼ਜ਼ਾਨੇ ਨੂੰ ਵੀ ਆਪਣੇ ਯਤਨਾਂ ਨਾਲ ਸਰਸ਼ਾਰ ਕਰ ਦਿੰਦੇ ਹਨ।

ਵਰ੍ਹਦੇ ਮੀਂਹ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜਮ ਭਗਤ ਸਿੰਘ ਤੇ ਸਾਥੀਆਂ ਸ਼ਰਧਾ ਦੇ ਫੁੱਲ ਭੇਟ

ਮੁੱਖ ਮੰਤਰੀ ਵੱਲੋਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਉਤੇ ਚੱਲਣ ਦਾ ਸੱਦਾ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 22 ਸਤੰਬਰ  (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਾਨ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿੱਤਾ। ਵਰ੍ਹਦੇ ਮੀਂਹ 'ਚ ਅੱਜ ਇੱਥੇ ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸ. ਕ੍ਰਿਸ਼ਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਦੇ ਵਡਮੁੱਲੇ ਯੋਗਦਾਨ ਅਤੇ ਜਜ਼ਬੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਫਖ਼ਰ ਹੈ ਕਿ ਆਜ਼ਾਦੀ ਸੰਘਰਸ਼ ਵਿਚ ਪੰਜਾਬੀ ਯੋਧਿਆਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਆਪਣੇ ਦੇਸ਼ ਦੀ ਮਿੱਟੀ ਦਾ ਕਰਜ਼ ਅਦਾ ਕੀਤਾ । ਇਸ ਮੌਕੇ ਕਾਂਗਰਸੀ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਵੱਲੋਂ ਬਹੁਤ ਹੀ ਗਰਮਜੋਸ਼ੀ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਨੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨਾਲ ਅਜਾਇਬਘਰ ਵਿਖੇ ਆਪਣੀ ਹਾਜ਼ਰੀ ਲਗਾਉਦੇ ਹੋਏ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਸਮੇਤ ਹੈਲੀਪੈਡ ਵੱਲ ਰਵਾਨਾ ਹੋ ਗਏ। ਵਰ੍ਹਦੇ ਮੀਂਹ ਤੇ ਸੀ.ਐਮ. ਸਕਿਉਰਟੀ ਦੇ ਪੁਖਤਾ ਪ੍ਰਬੰਧਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਥਾਂ 'ਤੇ ਪੱਤਰਕਾਰਾਂ ਨਾਲ ਮਿਲਣੀ ਸਬੰਧੀ ਕੋਈ ਵੀ ਠੋਸ ਪ੍ਰਬੰਧ ਨਾ ਕਰਨ ਕਾਰਨ ਮੁੱਖ ਮੰਤਰੀ ਪੰਜਾਬ ਅਤੇ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਸਕੀ। ਇਸ ਮੌਕੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅੰਗਦ ਸਿੰਘ, ਚੌਧਰੀ ਦਰਸ਼ਨ ਲਾਲ ਮੰਗੂਪੁਰ, ਤਰਲੋਚਨ ਸਿੰਘ ਸੂੰਢ, ਮੋਹਣ ਲਾਲ ਬੰਗਾ, ਠੇਕੇਦਾਰ ਰਜਿੰਦਰ ਸਿੰਘ, ਚੇਅਰਮੈਨ ਹਰਦੀਪ ਸਿੰਘ ਜਾਡਲੀ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ ਤੇ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ ਹੋਏ ਨਤਮਸਤਕ

ਬੇਅਦਬੀ ਮਾਮਲਿਆਂ ਵਿੱਚ ਪੰਥ ਨੂੰ ਇਨਸਾਫ਼ ਦਿਵਾਇਆ ਜਾਵੇਗਾ: ਚੰਨੀ

 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਲੋਕ ਪੱਖੀ ਏਜੰਡਾ ਲਾਗੂ ਕਰਨ ਲਈ ਮੁੱਖ ਮੰਤਰੀ ਦੀ ਪਿੱਠ ਥਾਪੜੀ

ਅੰਮ੍ਰਿਤਸਰ, 22 ਸਤੰਬਰ : -   (ਵਿਸ਼ੇਸ਼ ਪ੍ਰਤੀਨਿਧੀ)   ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਸਪੱਸ਼ਟ ਤੌਰ 'ਤੇ ਕਿਹਾ ਕਿ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਪੰਥ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉਠ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਅਰਦਾਸ ਕਰ ਕੇ ਵਾਹਿਗੁਰੂ ਦੀਆ ਬਖਸ਼ਿਸ਼ਾਂ ਮੰਗੀਆ। ਉਨ੍ਹਾਂ ਕਿਹਾ, "ਸੂਬੇ ਦੇ ਹਰੇਕ ਧਰਮ ਅਤੇ ਸਮਾਜ ਦੇ ਹਰ ਵਰਗ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਧਾਰਮਿਕ ਕਦਰਾਂ ਕੀਮਤਾਂ ਅਨੁਸਾਰ ਚਲਾਇਆ ਜਾਵੇਗਾ (ਰਾਜ ਧਰਮ ਅਨੁਸਾਰ ਚਲੇਗਾ)"। ਸ. ਚੰਨੀ ਨੇ ਕਿਹਾ ਕਿ ਸਮਾਜ ਵਿੱਚ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦੀਆਂ ਕਦਰਾਂ ਕੀਮਤਾਂ ਨੂੰ ਹਰ ਕੀਮਤ 'ਤੇ ਕਾਇਮ ਰੱਖਿਆ ਜਾਵੇਗਾ ਅਤੇ ਇਹ ਉਨ੍ਹਾਂ ਦੀ ਹਮੇਸ਼ਾ ਪ੍ਰਮੁੱਖ ਤਰਜੀਹ ਰਹੇਗੀ। ਮੁੱਖ ਮੰਤਰੀ ਨੇ ਇਮਾਨਦਾਰੀ, ਸਮਰਪਣ ਭਾਵਨਾ ਅਤੇ ਵਚਨਬੱਧਤਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸ. ਚੰਨੀ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਲੋਕ-ਪੱਖੀ ਉਪਰਾਲਿਆਂ ਤੇ ਵਿਕਾਸ ਪਹਿਲਕਦਮੀਆਂ ਨੂੰ ਲਾਗੂ ਕਰਨਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਪਹਿਲਾਂ ਪਰਿਕਰਮਾ ਕੀਤੀ। ਉਹਨਾਂ ਨੂੰ ਪਵਿੱਤਰ ਪਾਲਕੀ ਸਾਹਿਬ ਦੀ ਸੇਵਾ ਕਰਨ ਦਾ ਵੀ ਸੁਭਾਗ ਹਾਸਲ ਹੋਇਆ।ਉਨ੍ਹਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਹ ਅਰਦਾਸ ਵਿੱਚ ਸ਼ਾਮਲ ਹੋਏ, ਦੇਗ਼ ਅਤੇ ਰੁਮਾਲਾ ਸਾਹਿਬ ਭੇਂਟ ਕੀਤਾ ਅਤੇ ਹੁਕਮਨਾਮਾ ਵੀ ਸਰਵਣ ਕੀਤਾ। ਇਸ ਉਪਰੰਤ ਸੂਚਨਾ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ 'ਸਿਰੋਪਾ' ਬਖ਼ਸ਼ਿਸ਼ ਕੀਤਾ ਅਤੇ 'ਸ੍ਰੀ ਹਰਿਮੰਦਰ ਸਾਹਿਬ' ਦੇ ਮਾਡਲ ਨਾਲ ਸਨਮਾਨਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸ. ਚੰਨੀ ਦੇ ਨਾਲ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਓ ਪੀ ਸੋਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵਿਧਾਇਕ ਅਤੇ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਉਪਰੰਤ ਮੁੱਖ ਮੰਤਰੀ ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਲ, ਰਾਮ ਤੀਰਥ ਵਿਖੇ ਵੀ ਨਤਮਸਤਕ ਹੋਏ ਜਿੱਥੇ ਉਨ੍ਹਾਂ ਨੂੰ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਜਲ੍ਹਿਆਂ ਵਾਲਾ ਬਾਗ ਯਾਦਗਾਰ ਦਾ ਦੌਰਾ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਅੰਮ੍ਰਿਤਸਰ ਦੇ ਦੌਰੇ ਦੌਰਾਨ ਮੁੱਖ ਮੰਤਰੀ ਸ. ਚੰਨੀ ਉਚੇਚੇ ਤੌਰ ਉਤੇ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਡਾ. ਰਾਜ ਕੁਮਾਰ ਵੇਰਕਾ ਅਤੇ ਸੁਖਵਿੰਦਰ ਸਿੰਘ ਡੈਨੀ ਦੇ ਘਰ ਵੀ ਗਏ।

ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਵਿਖੇ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਲੱਡੂ ਵੰਡੇ ਗਏ

ਨਵਾਂਸ਼ਹਿਰ, 21 ਸਤੰਬਰ 2021 :-   (ਵਿਸ਼ੇਸ਼ ਪ੍ਰਤੀਨਿਧੀ)  ਪੰਜਾਬ ਦੇ ਕੈਬੀਨਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਅੱਜ ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਦੇ ਪ੍ਰਿੰਸੀਪਲ ਸ਼੍ਰੀ ਰਸ਼ਪਾਲ ਚੰਦੜ, ਸ਼੍ਰੀ ਸੋਖੀ ਰਾਮ ਬੱਜੋਂ ਜਿਲ੍ਹਾ ਕਾਂਗਰਸ ਦੇ ਐੱਸ.ਸੀ. ਵਿੰਗ ਦੇ ਪ੍ਰਧਾਨ, ਸ਼੍ਰੀ ਮਨੋਹਰ ਲਾਲ ਸਾਬਕਾ ਐੱਮ.ਸੀ., ਸ਼੍ਰੀ ਰਾਮ ਸਰੂਪ ਲੰਬੜਦਾਰ ਬੱਜੋਂ, ਸ਼੍ਰੀ ਬੀਰਬਲ ਤਖੀ, ਸ਼੍ਰੀ ਗੁਰਨਾਮ ਰਾਮ ਚੰਦੜ, ਆਈ.ਟੀ.ਆਈ.(ਲੜਕੀਆਂ) ਦਾ ਸਾਰਾ ਸਟਾਫ, ਸਿਖਿਆਰਥੀ ਅਤੇ ਉੱਘੇ ਪਤਵੰਤੇ ਹਾਜ਼ਰ ਸਨ। ਸ਼੍ਰੀ ਸੋਖੀ ਰਾਮ ਬੱਜੋਂ, ਜ਼ਿਲ੍ਹਾ ਕਾਂਗਰਸ ਐੱਸ.ਸੀ. ਵਿੰਗ ਦੇ ਪ੍ਰਧਾਨ ਨੇ ਸ. ਚਰਨਜੀਤ ਸਿੰਘ ਚੰਨੀ ਜੀ ਦੇ ਮੁੱਖ ਮੰਤਰੀ ਬਣਨ ਤੇ ਸਮੂਹ ਸਟਾਫ, ਸਿਖਿਆਰਥੀ ਅਤੇ ਆਏ ਹੋਏ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੇ ਜੀਵਨ ਤੇ ਝਾਤ ਪਾਈ ਗਈ ਅਤੇ ਉਹਨਾਂ ਦੇ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਗਈ । ਪ੍ਰਿੰਸੀਪਲ ਸ਼੍ਰੀ ਰਸ਼ਪਾਲ ਚੰਦੜ ਨੇ ਆਖਿਆ ਕਿ ਅੱਜ ਪੰਜਾਬ ਦੀ ਸਿਆਸਤ ਵਿੱਚ ਕਿਸੇ ਆਮ ਵਰਗ ਦੇ ਪੜ੍ਹੇ-ਲਿਖ੍ਹੇ ਅਤੇ ਸਿਆਣੇ ਵਿਅਕਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜ ਕੇ ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ ਹੈ। ਪ੍ਰਿੰਸੀਪਲ ਸਾਹਿਬ ਵਲੋਂ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।

ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਕਿੱਲੋ ਅਫੀਮ ਸਮੇਤ ਤਿੰਨ ਗ੍ਰਿਫ਼ਤਾਰ-ਡੀ.ਐਸ.ਪੀ. ਮੋਹਿਤ ਅਗਰਵਾਲ

ਪਟਿਆਲਾ, 21 ਸਤੰਬਰ:  (ਵਿਸ਼ੇਸ਼ ਪ੍ਰਤੀਨਿਧੀ)  ਪਟਿਆਲਾ ਪੁਲਿਸ ਨੇ ਤਿੰਨ ਵੱਖ-ਵੱਖ ਵਿਅਕਤੀਆਂ ਨੂੰ ਦੋ ਮਾਮਲਿਆਂ 'ਚ ਸਾਢੇ ਚਾਰ ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਜਾਂਚ ਮੋਹਿਤ ਅਗਰਵਾਲ ਨੇ ਦੱਸਿਆ ਕਿ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਪੀ. (ਇਨਵੈਸਟੀਗੇਸ਼ਨ) ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 4 ਕਿੱਲੋ 500 ਗ੍ਰਾਮ ਅਫ਼ੀਮ ਦੀ ਬ੍ਰਾਮਦਗੀ ਕੀਤੀ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਇਹ ਕਾਮਯਾਬੀ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸੀ.ਆਈ.ਏ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਦੋ ਵੱਖ ਵੱਖ ਮੁੱਕਦਮੇ ਦਰਜ ਕਰਕੇ ਇਨ੍ਹਾਂ 'ਚ ਸ਼ਾਮਲ ਤਿੰਨ ਜਣਿਆਂ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ, ਜੋ ਕਿ ਯੂ.ਪੀ. ਦੇ ਨਿਵਾਸੀ ਸਨ । ਡੀ.ਐਸ.ਪੀ. ਮੋਹਿਤ ਅਗਰਵਾਲ ਨੇ ਹੋਰ ਦੱਸਿਆ ਕਿ ਮਿਤੀ 20 ਸਤੰਬਰ 2021 ਨੂੰ ਏ.ਐਸ.ਆਈ. ਜਸਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਬੱਸ ਅੱਡਾ ਖਾਸੀਆ ਦੇਵੀਗੜ੍ਹ-ਪਟਿਆਲਾ ਰੋਡ ਤੋਂ ਇੱਕ ਵਿਅਕਤੀ ਨੂੰ 3 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ, ਜਿਸ ਦੀ ਪਛਾਣ ੳਵਿੰਦਰਾ ਪੁੱਤਰ ਚੰਦਰਾ ਪਾਲਾ ਵਾਸੀ ਪਿੰਡ ਗੁਲਚੰਪਾ ਮੇ ਚੱਕ ਹਾਜੀਪੁਰ ਥਾਣਾ ਤਿਲਹਰ ਜਿਲਾ ਸਾਹਜਹਾਨਪੁਰ ਯੂ.ਪੀ ਵਜੋਂ ਹੋਈ, ਇਸ ਵਿਰੁੱਧ ਮੁੱਕਦਮਾ ਨੰਬਰ 124  ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 18, 61, 85 ਤਹਿਤ ਥਾਣਾ ਸਨੌਰ ਵਿਖੇ ਦਰਜ ਕੀਤਾ ਗਿਆ। ਡੀ.ਐਸ.ਪੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਇਸੇ ਤਰਾਂ ਹੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਐਸ.ਆਈ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ-ਪੁਆਇੰਟ ਗੁਰਦੁਆਰਾ ਝਾਲ ਸਾਹਿਬ ਨੇੜੇ ਡੋਗਰਾ ਮੁੱਹਲਾ ਪਟਿਆਲਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ 'ਤੇ ਦੋ ਵਿਅਕਤੀਆਂ ਨੂੰ 1 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਅਵਧੇਸ਼ ਪੁੱਤਰ ਪ੍ਰਸ਼ਾਦੀ ਲਾਲ ਵਾਸੀ ਪਿੰਡ ਬਹਾਦਰਪੁਰ ਅਤੇ ਅਖਲੇਸ਼ ਪੁੱਤਰ ਮੋਤੀ ਲਾਲ ਵਾਸੀ ਪਿੰਡ ਰਾਏਪੁਰ, ਥਾਣਾ ਜਲਾਲਾਬਾਦ ਜ਼ਿਲ੍ਹਾ ਸਾਹਜਹਾਨਪੁਰ ਯੂ.ਪੀ ਵਜੋਂ ਹੋਈ।
ਡੀ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਮੁੱਕਦਮਾ ਨੰਬਰ 211 ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 18, 61, 85 ਤਹਿਤ ਮਿਤੀ 20 ਸਤੰਬਰ 2021 ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਡੀ.ਐਸ.ਪੀ. ਇਨਵੈਸਟੀਗੇਸ਼ਨ ਮੋਹਿਤ ਅਗਰਵਾਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਬਾਰੇ ਦੱਸਦੇ ਹੋਏ।

ਕੋਵਿਡ ਵੈਕਸੀਨ ਦੀ ਦੂਜੀ ਡੋਜ ਤਰਜ਼ੀਹ ਦੇ ਆਧਾਰ ’ਤੇ ਲਗਾਈ ਜਾਵੇ: ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੋਵਿਡ-19 ਸਮੇਤ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਮਹੀਨਾਵਾਰ ਮੀਟਿੰਗ ਆਯੋਜਿਤ
ਨਵਾਂਸ਼ਹਿਰ, 21 ਸਤੰਬਰ 2021 :-   (ਵਿਸ਼ੇਸ਼ ਪ੍ਰਤੀਨਿਧੀ)   ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਜ਼ਿਲ੍ਹੇ ਵਿਚ ਕੋਵਿਡ-19 ਸਮੇਤ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਾਰੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਰੀਵਿਊ ਮੀਟਿੰਗ ਆਯੋਜਿਤ ਕੀਤੀ। ਇਸ ਮੀਟਿੰਗ ਵਿਚ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਕੋਵਿਡ-19 ਸਮੇਤ ਸਾਰੇ ਕੌਮੀ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਨੂੰ 100 ਫੀਸਦੀ ਪੂਰਾ ਕਰਨ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਤਰਜ਼ੀਹ ਦੇ ਆਧਾਰ ਉੱਤੇ ਲਗਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਨੂੰ ਐਤਵਾਰ ਵਾਲੇ ਕੇਵਲ ਦੂਜੀ ਡੋਜ ਹੀ ਲਗਵਾਈ ਜਾਵੇ ਤਾਂ ਜੋ ਲੋਕਾਂ ਵਿਚ ਬਿਮਾਰੀ ਨਾਲ ਲੜਨ ਦੀ ਪੂਰੀ ਸ਼ਕਤੀ ਪੈਦਾ ਕੀਤੀ ਜਾ ਸਕੇ। ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਸਿਹਤ ਵਿਭਾਗ ਵੱਲੋਂ ਸੂਬੇ ਨੂੰ 2025 ਤੱਕ ਟੀ.ਬੀ. ਮੁਕਤ ਕਰਨ ਦੇ ਉਦੇਸ਼ ਨਾਲ ਤੀਬਰ ਐਕਟਿਵ ਟੀ.ਬੀ. ਕੇਸ ਫਾਈਂਡਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਸਲੱਮ ਖੇਤਰਾਂ ਵਿੱਚ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਟੀ.ਬੀ ਦੀ ਬਿਮਾਰੀ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਆਸ਼ਾ ਵਰਕਰਾਂ ਵੱਲੋਂ ਸ਼ੱਕੀ ਮਰੀਜ਼ਾਂ ਦਾ ਬਲਗਮ ਦਾ ਸੈਂਪਲ ਮੌਕੇ 'ਤੇ ਹੀ ਲੈ ਕੇ ਜਾਂਚ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਜਾਵੇ। ਜੇਕਰ ਕੋਈ ਮਰੀਜ਼ ਟੀ.ਬੀ ਦੀ ਬਿਮਾਰੀ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸਦਾ ਇਲਾਜ ਸਮੇਂ ਸਿਰ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ੍ਹ ਨੇ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਸਮੇਂ 'ਤੇ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ 2 ਹਫਤੇ ਤੋਂ ਜ਼ਿਆਦਾ ਖਾਂਸੀ, ਸ਼ਾਮ ਨੂੰ ਹਲਕਾ-ਹਲਕਾ ਬੁਖਾਰ ਹੋਵੇ, ਭੁੱਖ ਘੱਟ ਲਗਦੀ ਹੋਵੇ, ਬਲਗਮ ਵਿੱਚ ਖੂਨ ਆਉੁਂਦਾ ਹੋਵੇ ਤਾਂ ਉਹ ਟੀ.ਬੀ ਦਾ ਸ਼ੱਕੀ ਮਰੀਜ਼ ਹੋ ਸਕਦਾ ਹੈ। ਡਾ. ਕੌਰ ਨੇ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਦਾ ਲਾਭ ਪ੍ਰਾਪਤ ਹੋ ਸਕੇ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਊਸ਼ਾ ਕਿਰਨ, ਡਾ. ਹਰਬੰਸ ਸਿੰਘ, ਡਾ. ਗੁਰਰਿੰਦਰਜੀਤ ਸਿੰਘ, ਡਾ. ਕਵਿਤਾ ਭਾਟੀਆ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਡਾ. ਮਨਦੀਪ ਕਮਲ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਅਕਾਊਂਟ ਅਫਸਰ ਦੀਪਕ ਤੇ ਸਹਾਇਕ ਸੁਸ਼ੀਲ ਕੁਮਾਰ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਪੁਲਿਸ ਵੱਲੋਂ 21 ਕਿਲੋ ਗਾਂਜੇ ਅਤੇ 30 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ

ਨਵਾਂਸ਼ਹਿਰ, 21 ਸਤੰਬਰ : ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਕਾਰਵਾਈ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਉਸ ਵੱਲੋਂ ਕਾਠਗੜ ਅਤੇ ਬੰਗਾ ਇਲਾਕਿਆਂ ਵਿਚ ਗਾਂਜਾ ਅਤੇ ਨਾਜਾਇਜ਼ ਸ਼ਰਾਬ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਕਾਠਗੜ ਪੁਲਿਸ ਵੱਲੋਂ ਪੁਜਾਰੀ ਪੁੱਤਰ ਗੋਪੀ ਵਾਸੀ ਮਾਛੀਵਾੜਾ, ਹਾਲ ਵਾਸੀ ਰੈਲ ਮਾਜਰਾ ਕੋਲੋਂ 21 ਕਿਲੋ ਗਾਂਜਾ ਬਰਾਮਦ ਕਰਕੇ ਉਸ ਖਿਲਾਫ਼ ਥਾਣਾ ਕਾਠਗੜ ਵਿਖੇੇ ਐਨ. ਡੀ. ਪੀ. ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਸ਼ੁਭਮ ਪੁੱਤਰ ਸ਼ੇਰ ਸਿੰਘ ਵਾਸੀ ਹਰਦੋਖ਼ਾਨਪੁਰ,  ਹੁਸ਼ਿਆਰਪੁਰ ਅਤੇ ਕੁਨਚਮ ਉਰਫ਼ ਸੰੁਨ ਪੁੱਤਰ ਬਲਬੀਰ ਕੁਮਾਰ ਵਾਸੀ ਬੱਸੀ ਖਵਾਜੂ, ਹੁਸ਼ਿਆਰਪੁਰ ਨੂੰ ਗਿ੍ਰਫ਼ਤਾਰ ਕਰਕੇ ਉਨਾਂ ਖਿਲਾਫ਼ ਥਾਣਾ ਸਦਰ ਬੰਗਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ।  
ਫੋਟੋ ਕੈਪਸ਼ਨਾਂ :-ਥਾਣਾ ਕਾਠਗੜ ਪੁਲਿਸ ਵੱਲੋਂ ਗਾਂਜੇ ਸਮੇਤ ਕਾਬੂ ਕੀਤਾ ਗਿਆ ਵਿਅਕਤੀ ਪੁਲਿਸ ਪਾਰਟੀ ਨਾਲ। 
-ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਗਏ ਵਿਅਕਤੀ। 

ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਵਿਖੇ ਵੇਸਟਿੰਗ ਮਟੀਰੀਅਲ/ਕਾਗਜ਼ ਆਦਿ ਨੂੰ ਦੋਬਾਰਾ ਵਰਤੋਂ ਵਿੱਚ ਲਿਆਉਣ ਸਬੰਧੀ ਕੈਂਪ ਲੱਗਾ

ਨਵਾਂਸ਼ਹਿਰ 20 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ) ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਨਵਾਂਸ਼ਹਿਰ ਵਿਖੇ ਵੇਸਟਿੰਗ ਮਟੀਰੀਅਲ/ ਕਾਗਜ਼ਾਂ ਆਦਿ ਨੂੰ ਦੌਬਾਰਾ ਵਰਤੋਂ ਭਾਵ ਉਸ ਤੋਂ ਸਜਾਵਟ ਦੀਆਂ ਚੀਜਾਂ ਬਣਾਉਣ ਸਬੰਧੀ ਐਕਟੀਵੀਟੀ ਕੈਂਪ ਅੱਜ ਪ੍ਰਿੰਸੀਪਲ ਸ਼੍ਰੀ ਰਸ਼ਪਾਲ ਚੰਦੜ ਜੀ ਦੀ ਨਿਗਰਾਨੀ ਵਿੱਚ ਲਗਵਾਇਆ ਗਿਆ। ਇਸ ਐਕਟੀਵੀਟੀ ਕੈਂਪ ਵਿੱਚ ਸ਼੍ਰੀ ਕਾਲਾ ਰਾਏ, ਟਰੇਨਰ (ਰਾਜਸਥਾਨ) ਨੇ ਸਿਖਿਆਰਥੀਆਂ ਨੂੰ ਵੇਸਟਿੰਗ ਮਟੀਰੀਅਲ/ ਕਾਗਜ ਤੋਂ ਸ਼ਾਨਦਾਰ ਅਤੇ ਵਧੀਆ ਤਰੀਕੇ ਨਾਲ ਸਜਾਵਟ ਦਾ ਸਮਾਨ ਬਣਾਉਣਾ ਸਿਖਾਇਆ। ਇਸ ਦੇ ਨਾਲ ਹੀ ਉਹਨਾਂ ਵਲੋਂ ਇਹ ਮੈਸਜ ਦਿੱਤਾ ਗਿਆ ਕਿ ਇਹਨਾਂ ਚੀਜ਼ਾਂ ਨੂੰ ਸੁੱਟਣ ਦੀ ਥਾਂ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਦੋਬਾਰਾ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਨੂੰ ਸੁੱਟ ਦਿੰਦੇ ਹਾਂ ਜਿਨ੍ਹਾਂ ਤੋਂ ਕਈ ਪ੍ਰਕਾਰ ਦਾ ਕੰਮ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਭਾਰਤ ਵਿੱਚ ਚਲਾਏ ਜਾ ਰਹੇ ਸਵੱਸ਼ ਭਾਰਤ ਅਭਿਆਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖ ਸਕਦੇ ਹਾਂ। ਸਿਖਿਆਰਥੀਆਂ ਵਲੋਂ ਐਕਟੀਵੀਟੀ ਕੈਂਪ ਵਿੱਚ ਕਾਫੀ ਦਿਲਚਸਪੀ ਦਿਖਾਈ ਗਈ ਅਤੇ ਆਏ ਟਰੇਨਰ ਨਾਲ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਂਕੇ ਤੇ ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਦੇ ਪ੍ਰਿੰਸੀਪਲ ਸ਼੍ਰੀ ਰਸ਼ਪਾਲ ਚੰਦੜ, ਸ਼੍ਰੀਮਤੀ ਨੀਲਮ ਰਾਣੀ, ਸੀਨੀ: ਇੰਸ:, ਸ਼੍ਰੀਮਤੀ ਪ੍ਰਿਆ, ਇੰਸ:, ਸ਼੍ਰੀਮਤੀ ਰਣਜੀਤ ਕੌਰ, ਇੰਸ:, ਸ਼੍ਰੀਮਤੀ ਅੰਜਨਾ ਕੁਮਾਰੀ, ਇੰਸ:, ਸ਼੍ਰੀਮਤੀ ਅਮਨਦੀਪ ਕੌਰ ਇੰਸ:, ਸ਼੍ਰੀਮਤੀ ਪੂਜਾ ਸ਼ਰਮਾ ਇੰਸ:, ਮਿਸ ਸਰਬਜੀਤ ਇੰਸ:, ਸ਼੍ਰੀ ਦਲਜੋਹਨ ਸਿੰਘ, ਕਲਰਕ ਅਤੇ ਸ਼੍ਰੀ ਅਮਰਬਹਾਦਰ, ਸੇਵਾਦਾਰ ਵਲੋਂ ਆਏ ਟਰੇਨਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। 

'ਜੁਗਤੀ ਚਾਚੇ' ਨੇ ਆਪਣੀ ਹੱਥ ਲਿਖਤ ਸਮੱਗਰੀ ਵੰਡੀ

ਨਵਾਂਸ਼ਹਿਰ 20 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ)ਲਿਖਣ ਕਲਾ ਵਿਚ ਮਾਹਰ ਤੇ ਸੇਵਾ ਮੁਕਤ ਅਧਿਆਪਕ ਅਵਤਾਰ ਸਿੰਘ ਸੰਧੂ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੂਹੜਪੁਰ ਵਿਖੇ ਆਪਣੀਆਂ ਲਿਖਤਾਂ ਮੁਫ਼ਤ ਵਿੱਚ  ਬੱਚਿਆਂ ਨੂੰ ਵੰਡ ਕੇ ਉਹਨਾਂ ਨੂੰ ਪੜ੍ਹਾਈ ਵਿਚ ਧਿਆਨ ਦੇਣ ਅਤੇ ਵਧੀਆ ਲਿਖਤਾਂ ਪੜ੍ਹਨ ਲਈ ਪ੍ਰੇਰਿਆ। ਇਸ ਮੌਕੇ ਤੇ ਸਕੂਲ ਇੰਚਾਰਜ ਮਾਸਟਰ ਰਾਮ ਲਾਲ ਨੇ ਉਹਨਾਂ ਨੂੰ ਜੀਅ ਆਇਆਂ ਆਖ ਕੇ ਬੱਚਿਆਂ ਦੇ ਰੂਬਰੂ ਕਰਵਾਇਆ ਤੇ ਬੱਚਿਆਂ ਨੂੰ ਪੜ੍ਹਨ ਵਾਲੀ ਸਮੱਗਰੀ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਤੇ ਸਕੂਲ ਸਟਾਫ ਵਿਚ ਮੈਡਮ ਕਮਲਜੀਤ ਕੌਰ, ਸੁਰਿੰਦਰ ਕੌਰ ਤੇ ਦਲਜਿੰਦਰ ਕੌਰ ਆਦਿ ਹਾਜ਼ਰ ਸਨ। ਅਵਤਾਰ ਸਿੰਘ ਸੰਧੂ ਵਲੋਂ ਪਹਿਲਾਂ ਵੀ ਵੱਖ ਵੱਖ ਸਕੂਲਾਂ ਵਿੱਚ ਸਿੱਖਿਆਦਾਇਕ ਕਿਤਾਬਾਂ ਦੀ ਮੁਫ਼ਤ ਵਿੱਚ ਵੰਡ ਕੀਤੀ ਗਈ ਹੈ।

ਆਯੂਸ਼ਮਨ/ਸਰਬੱਤ ਸਿਹਤ ਬੀਮਾ ਸਕੀਮ ਤੋਂ ਬਾਹਰ ਰਹਿ ਗਏ 15 ਲੱਖ ਪਰਿਵਾਰਾਂ ਲਈ ਵੀ ਮੁਫ਼ਤ ਸਿਹਤ ਬੀਮੇ ਦਾ ਐਲਾਨ -ਸੋਨੀ

ਅੰਮਿ੍ਤਸਰ, 18 ਸਤੰਬਰ: ਪੰਜਾਬ ਸਰਕਾਰ ਨੇ ਉਨ੍ਹਾਂ 15 ਲੱਖ ਪਰਿਵਾਰਾਂ ਨੂੰ ਵੀ ਮੁਫਤ ਸਿਹਤ ਬੀਮੇ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ ਜੋ ਇਸ ਤੋਂ ਪਹਿਲਾਂ ਆਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਘੇਰੇ ਵਿਚ ਸ਼ਾਮਲ ਨਹੀਂ ਸਨ। ਉਕਤ ਪ੍ਗਟਾਵਾ ਡਾਕਟਰੀ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਨੇ ਪਿੰਡ ਮੋਹਲੋਵਾਲੀ ਧਿਆਨਪੁਰ ਧਾਮ ਦੇ ਨੇੜੇ ਸਥਿੱਤ ਜੈ ਸਤੁਤੀ ਧਰਮਸ਼ਾਲਾ ਕਮੇਟੀ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ।ਇਸਦੇ ਨਾਲ ਮੰਤਰੀ ਸ਼੍ਰੀ ਸੋਨੀ ਨੇ ਵਾਰਡ ਨੰਬਰ 68 ਦੇ 15 ਪਰਿਵਾਰਾਂ ਨੂੰ ਮੈਡੀਕਲ ਸਹਾਇਤਾ ਦੇ ਅਧੀਨ ਆਉਂਦੇ ਪਰਿਵਾਰਾਂ ਨੂੰ 20,20 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ।ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਚੇਅਰਮੈਨ ਸ਼੍ਰੀ ਅਰੁਣ ਕੁਮਾਰ ਪੱਪਲ,ਸ਼੍ਰੀ ਕ੍ਰਿਸ਼ਨ ਕੁਮਾਰ ਸੋਨੀ,ਸ਼੍ਰੀ ਪ੍ਰੇਮ ਸੋਨੀ,ਕੌਂਸਲਰ ਤਾਹਿਰ ਸ਼ਾਹ,ਸਲੀਮ ਪਹਿਲਵਾਨ,ਰਵਿੰਦਰ ਸੋਨੀ,ਧਰਮਵੀਰ ਸਰੀਨ,ਅਜੇ ਸੋਨੀ,ਅਰੁਣ ਸੋਨੀ,ਸਹਿਤ ਹੋਰ ਲੋਕ ਵੀ ਹਾਜਰ ਸਨ।   ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਹੁਣ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਰਾਂ ਦੇ ਪਰਿਵਾਰਾਂ ਨੂੰ ਛੱਡ ਕੇ ਸੂਬੇ ਵਿਚ ਬਾਕੀ ਸਾਰੇ 55 ਲੱਖ ਪਰਿਵਾਰ ਇਸ ਸਕੀਮ ਦੇ ਦਾਇਰੇ ਹੇਠ ਆ ਜਾਣਗੇ ਕਿਉਂ ਜੋ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰ ਪਰਿਵਾਰਾਂ ਸਮੇਤ ਪਹਿਲਾਂ ਹੀ ਪੰਜਾਬ ਮੈਡੀਕਲ ਅਟੈਂਡੈਂਸ ਰੂਲਜ਼ ਦੇ ਘੇਰੇ ਹੇਠ ਆਉਂਦੇ ਹਨ। ਇਸ ਨਾਲ 55 ਲੱਖ ਪਰਿਵਾਰਾਂ ਨੂੰ ਸੂਚੀਬੱਧ ਕੀਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ  ਇਲਾਜ ਲਈ ਹਰੇਕ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਮੁਹੱਈਆ ਹੋਵੇਗਾ ਜਿਸ ਨਾਲ ਸੂਬਾ ਸਰਕਾਰ ਹੁਣ ਸਾਲਾਨਾ 593 ਕਰੋੜ ਰੁਪਏ ਦਾ ਬੋਝ ਸਹਿਣ ਕਰੇਗੀ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸਕੀਮ ਤੋਂ ਬਾਹਰ ਰਹਿ ਗਏ ਇਨ੍ਹਾਂ ਪਰਿਵਾਰਾਂ ਨੂੰ ਨਾਲ ਜੋੜਨ ਲਈ ਪ੍ਰਕਿਰਿਆ ਉਲੀਕਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਸੂਬੇ ਦੇ 39.38 ਲੱਖ ਪਰਿਵਾਰ 20 ਅਗਸਤ, 2019 ਤੋਂ ਇਸ ਸਹੂਲਤ ਦਾ ਲਾਭ ਪਹਿਲਾਂ ਹੀ ਲੈ ਰਹੇ ਹਨ ਅਤੇ ਬੀਤੇ ਦੋ ਸਾਲਾਂ ਵਿਚ ਇਨ੍ਹਾਂ ਨੇ 913 ਕਰੋੜ ਰੁਪਏ ਦਾ ਨਗਦੀ ਰਹਿਤ ਇਲਾਜ ਕਰਵਾਇਆ ਹੈ। ਇਨ੍ਹਾਂ ਪਰਿਵਾਰਾਂ ਵਿਚ ਸਮਾਜਿਕ-ਆਰਥਿਕ ਜਾਤੀ ਜਨਗਣਨਾ ਦੇ ਤਹਿਤ ਸ਼ਨਾਖ਼ਤ ਕੀਤੇ 14.64 ਲੱਖ ਪਰਿਵਾਰ, ਸਮਾਰਟ ਰਾਸ਼ਨ ਕਾਰਡ ਹੋਲਡਰ ਵਾਲੇ 16.15 ਲੱਖ ਪਰਿਵਾਰ, 5.07 ਕਿਸਾਨ ਪਰਿਵਾਰ, ਉਸਾਰੀ ਕਾਮਿਆਂ ਦੇ 3.12 ਲੱਖ ਪਰਿਵਾਰ, 4481 ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਪਰਿਵਾਰ ਅਤੇ 33096 ਛੋਟੇ ਵਪਾਰੀਆਂ ਦੇ ਪਰਿਵਾਰ ਸ਼ਾਮਲ ਸਨ।

ਐਮ.ਪੀ. ਪ੍ਰਨੀਤ ਕੌਰ ਵੱਲੋਂ ਯਾਦਵਿੰਦਰਾ ਲਾਇਰਸ ਕੰਪਲੈਕਸ 'ਚ 34 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਨਵੀਨੀਕਰਨ ਦੇ ਕੰਮ ਤੇ ਨਵੀਂ ਲਿਫ਼ਟ ਦਾ ਉਦਘਾਟਨ

-ਵਕੀਲ ਸਾਡੇ ਸਮਾਜ ਦਾ ਅਹਿਮ ਅੰਗ, ਕੈਪਟਨ ਸਰਕਾਰ ਨੇ ਵਕੀਲਾਂ ਨੂੰ ਬਣਦੀਆਂ ਸਹੂਲਤਾਂ ਦੇ ਕੇ ਆਪਣਾ ਫ਼ਰਜ਼ ਨਿਭਾਇਆ-ਪ੍ਰਨੀਤ ਕੌਰ
ਪਟਿਆਲਾ, 17 ਸਤੰਬਰ:ਪਟਿਆਲਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਇੱਥੇ ਜ਼ਿਲ੍ਹਾ ਕਚਿਹਰੀਆਂ ਵਿਖੇ ਯਾਦਵਿੰਦਰਾ ਲਾਇਰਸ ਕੰਪਲੈਕਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੀ 34 ਲੱਖ ਰੁਪਏ ਦੀ ਗ੍ਰਾਂਟ ਨਾਲ ਕਰਵਾਏ ਗਏ ਨਵੀਨੀਕਰਨ ਤੇ ਮਜ਼ਬੂਤੀਕਰਨ ਦੇ ਕੰਮ ਸਮੇਤ ਨਵੀਂ ਲਿਫ਼ਟ ਦਾ ਉਦਘਾਟਨ ਕੀਤਾ।
ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਵਕੀਲ ਅਤੇ ਡਾਕਟਰ ਸਾਡੇ ਸਮਾਜ ਦਾ ਇੱਕ ਅਜਿਹਾ ਅੰਗ ਹਨ, ਜਿਨ੍ਹਾਂ ਦੀ ਲੋੜ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ 'ਚ ਜਰੂਰ ਪੈਂਦੀ ਹੈ, ਇਸ ਲਈ ਪੰਜਾਬ ਸਰਕਾਰ ਨੇ ਪਟਿਆਲਾ ਦੇ ਵਕੀਲਾਂ ਦੇ ਚੈਂਬਰਾਂ ਲਈ ਬਣਦੀਆਂ ਸਹੂਲਤਾਂ ਪ੍ਰਦਾਨ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ। ਉਨ੍ਹਾਂ ਨੇ ਯਾਦਵਿੰਦਰਾ ਲਾਇਰਸ ਕੰਪਲੈਕਸ ਲਈ 34 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਮੁੱਖ ਮੰਤਰੀ ਦਾ ਵਿਸ਼ੇੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਸਮੇਤ ਰਾਜ ਦੇ ਸਰਬਪੱਖੀ ਵਿਕਾਸ ਲਈ ਬਿਨ੍ਹਾਂ ਵਿਤਕਰੇ ਦੇ ਗਾਂਟਾਂ ਜਾਰੀ ਕੀਤੀਆਂ ਹਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਕਚਿਹਰੀਆਂ ਦੇ ਸਾਹਮਣੇ ਰਾਜਿੰਦਰਾ ਝੀਲ ਨੂੰ ਖ਼ੂਬਸੂਰਤ ਬਣਾਉਣ ਲਈ ਮੁੱਖ ਮੰਤਰੀ ਨੇ 5.4 ਕਰੋੜ ਰੁਪਏ ਅਤੇ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬਰੇਰੀ ਦੇ ਨਵੀਨੀਕਰਨ ਲਈ 1.5 ਕਰੋੜ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹੋਰ ਅਨੇਕਾਂ ਵਿਕਾਸ ਕੰਮਾਂ ਤੋਂ ਇਲਾਵਾ ਪਟਿਆਲਾ ਸ਼ਹਿਰ 'ਚ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਵੀਨੀਕਰਨ ਅਤੇ ਲੋਕਾਂ ਨੂੰ ਪੀਣ ਵਾਲੇ ਨਹਿਰੀ ਪਾਣੀ ਦਾ ਪ੍ਰਾਜੈਕਟ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਤਿੰਦਰਪਾਲ ਸਿੰਘ ਘੁਮਾਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਐਡਵੋਕੇਟ ਘੁਮਾਣ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਕਚਿਹਰੀਆਂ ਵਿਖੇ ਯਾਦਵਿੰਦਰਾ ਕੰਪਲੈਕਸ ਦੇ ਨਵੀਨੀਕਰਨ ਲਈ ਮੁੱਖ ਮੰਤਰੀ ਨੇ ਆਪਣੇ ਕੋਟੇ 'ਚੋਂ ਗ੍ਰਾਂਟ ਭੇਜੀ ਸੀ, ਜਿਸ ਦਾ ਕੰਮ ਪੰਚਾਇਤੀ ਰਾਜ ਵੱਲੋਂ ਮੁਕੰਮਲ ਕਰਵਾ ਕੇ ਇੱਥੇ 16 ਬਾਥਰੂਮ ਤੇ ਇੱਕ ਨਵੀਂ ਲਿਫ਼ਟ ਲਗਾਈ ਗਈ ਹੈ।
ਇਸ ਦੌਰਾਨ ਸੀਨੀਅਰ ਐਡਵੋਕੇਟਸ ਐਨ.ਪੀ.ਐਸ ਵੜੈਚ, ਆਰ. ਐਨ ਕੌਸ਼ਲ, ਦਿਨੇਸ਼ ਬਾਤਿਸ਼, ਸੁਮੇਸ਼ ਜੈਨ, ਨਰਿੰਦਰ ਕਪੂਰ, ਜੌਹਨਪਾਲ ਸਿੰਘ, ਰਵਿੰਦਰ ਕੌਸ਼ਲ, ਗਗਨਦੀਪ ਗੋਸਲ, ਪ੍ਰਭਜੋਤ ਸਿੰਘ ਆਹਲੂਵਾਲੀਆ, ਅਮਨ ਮਾਥੁਰ, ਪਟਿਆਲਾ ਬਾਰ ਐਸੋਸੀਏਸ਼ਨ ਦੇ ਸਕੱਤਰ ਅਵਨੀਤ ਸਿੰਘ ਬਲਿੰਗ, ਵਾਈਸ ਪ੍ਰਧਾਨ ਦੀਪਕ ਮਦਾਨ, ਸੰਯੁਕਤ ਸਕੱਤਰ ਵਿਕਰਮ ਸਿੰਘ ਬਰਾੜ, ਖ਼ਜ਼ਾਨਚੀ ਉਮੇਸ਼ ਗੋਇਲ ਤੇ ਲਾਇਬਰੇਰੀ ਇੰਚਾਰਜ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਸਮੁੱਚੀ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਸੰਸਦ ਮੈਂਬਰ ਨੂੰ ਸਨਮਾਨਤ ਕੀਤਾ।
ਸਮਾਰੋਹ ਮੌਕੇ ਸੂਚਨਾ ਕਮਿਸ਼ਨਰ ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ, ਸੀਵਰੇਜ ਤੇ ਜਲ ਸਪਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵੇਦ ਕਪੂਰ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੁਰਿੰਦਰ ਸਿੰਘ ਘੁੰਮਣ, ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਅਤੁਲ ਜੋਸ਼ੀ, ਨਰੇਸ਼ ਦੁੱਗਲ, ਐਡਵੋਕੇਟ ਹਰਵਿੰਦਰ ਸ਼ੁਕਲਾ, ਸੰਦੀਪ ਮਲਹੋਤਰਾ, ਯੂਥ ਕਾਂਗਰਸ ਪ੍ਰਧਾਨ ਅਨੁਜ ਖੋਸਲਾ ਅਤੇ ਵੱਡੀ ਗਿਣਤੀ ਐਡਵੋਕੇਟਸ ਵੀ ਮੌਜੂਦ ਸਨ।

ਨਸ਼ਾ ਮੁਕਤ ਅਭਿਆਨ ਤਹਿਤ ਆਈ. ਟੀ. ਆਈ ਨਵਾਂਸ਼ਹਿਰ ਵਿਖੇ ਨਸ਼ਿਆਂ ਖਿਲਾਫ਼ ਵਿਸ਼ੇਸ਼ ਸੈਮੀਨਾਰ

ਨਵਾਂਸ਼ਹਿਰ, 17 ਸਤੰਬਰ : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ
ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ.
ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਪੰਜਾਬ ਨਾਰਕੋਨਿਕਸ ਪ੍ਰੀਵੈਂਟਿਵ ਕੰਪੇਨ, ਡੈਪੋ,
ਬਡੀਜ਼ ਅਤੇ ਸਿਹਤ ਸਿੱਖਿਆ ਸਬੰਧੀ ਆਈ. ਟੀ. ਆਈ ਨਵਾਂਸ਼ਹਿਰ ਵਿਖੇ ਇਕ ਵਿਸ਼ੇਸ਼ ਸੈਮੀਨਾਰ
ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਬਤੌਰ ਬੁਲਾਰੇ ਕਲੱਸਟਰ ਇੰਚਾਰਜ ਡੈਪੋ ਲੈਕਚਰਾਰ
ਸੁਰਜੀਤ ਸਿੰਘ ਮਝੂਰ ਅਤੇ ਜ਼ਿਲਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ ਗੁਰਪ੍ਰਸ਼ਾਦ ਸਿੰਘ
ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨਾਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਜਾਣਕਾਰੀ
ਦਿੰਦਿਆਂ ਇਨਾਂ ਦੇ ਸਰੀਰ ਅਤੇ ਮਨ ਉੱਤੇ ਪੈਂਦੇ ਖ਼ਤਰਨਾਕ ਪ੍ਰਭਾਵਾਂ ਸਬੰਧੀ ਵਿਸਥਾਰ
ਨਾਲ ਦੱਸਿਆ। ਇਸ ਮੌਕੇ ਉਨਾਂ ਮੋਬਾਇਲ ਅਡਿਕਸ਼ਨ, ਮੈਂਟਲ ਹੈਲਥ, ਐਚ. ਆਈ. ਵੀ ਏਡਜ਼
ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਜ਼ਿਲੇ ਵਿਚ ਨਸ਼ਾ ਮੁਕਤੀ
ਸਬੰਧੀ ਵੱਖ-ਵੱਖ ਥਾਵਾਂ 'ਤੇ ਓਟ ਸੈਂਟਰ ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ ਹਨ,
ਜਿਥੇ ਕਿ ਮੁਫ਼ਤ ਕਾਊਂਸਲਿੰਗ ਅਤੇ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ
ਜ਼ਿਲੇ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ
ਉਪਰਾਲੇ ਨਾਲ ਨਸ਼ਾ ਮੁਕਤ ਮਰੀਜ਼ਾਂ ਰਜਿਸਟਰਡ ਕਰਵਾਇਆ ਗਿਆ ਹੈ ਅਤੇ ਵੱਡੇ ਪੱਧਰ 'ਤੇ
ਨਸ਼ਾ ਕਰਨ ਵਾਲੇ ਮਰੀਜ਼ ਨਸ਼ਾ ਮੁਕਤ ਹੋਏ ਹਨ। ਉਨਾਂ ਦੱਸਿਆ ਕਿ ਨਸ਼ਾ ਤਿਆਗ ਚੁੱਕੇ ਮਰੀਜ਼ਾਂ
ਨੂੰ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਅਤੇ ਆਪਣੇ ਰੋਜ਼ਗਾਰ ਖੋਲਣ ਲਈ ਲੋਨ ਦੀ ਸੁਵਿਧਾ
ਵੀ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਸਮਾਜ ਦੀ ਮੁੱਖ ਧਾਰਾ
ਨਾਲ ਜੋੜਿਆ ਗਿਆ ਹੈ। ਇਸ ਮੌਕੇ ਪਿ੍ਰੰਸੀਪਲ ਰੁਪਿੰਦਰ ਸਿੰਘ, ਪਿ੍ਰੰਸੀਪਲ ਰਛਪਾਲ ਚੰਦੜ
ਅਤੇ ਗਰੁੱਪ ਇੰਸਟਰੱਕਟਰ ਧਰਮਪਾਲ ਸਿੰਘ, ਮਦਨ ਲਾਲ, ਰੁਪਿੰਦਰ ਸਿੰਘ ਅਤੇ ਰਜਿੰਦਰ ਸਿੰਘ
ਤੋਂ ਇਲਾਵਾ ਹੋਰ ਸਟਾਫ ਅਤੇ ਸੰਸਥਾ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਕੈਪਸ਼ਨ :
-ਸੈਮੀਨਾਰ ਦੌਰਾਨ ਲੈਕਚਰਾਰ ਸੁਰਜੀਤ ਸਿੰਘ ਮਝੂਰ, ਗੁਰਪ੍ਰਸ਼ਾਦ ਸਿੰਘ, ਪਿ੍ਰੰਸੀਪਲ
ਰਛਪਾਲ ਚੰਦੜ ਤੇ ਹੋਰ।

ਸਮਾਈਲ ਐਡ ਗਲੋ ਡੈਂਟਲ ਕਲੀਨਿੰਕ ਐਂਡ ਹੇਅਰ ਟ੍ਰਾਸਪਲਾਂਟ ਵਲੋਂ ਸਕੂਲੀ ਬੱਚਿਆਂ ਨੂੰ ਵਰਦੀਆਂ ਦਿੱਤੀਆਂ

ਨਵਾਂਸ਼ਹਿਰ16 ਸਤੰਬਰ(ਵਿਸ਼ੇਸ਼ ਪ੍ਰਤੀਨਿਧੀ): ਜੇਕਰ ਲੋੜਵੰਦ ਵਿਅਕਤੀ ਜਾਂ ਬੱਚਿਆਂ ਦੀ ਸਮੇਂ ਸਿਰ ਸਹਾਇਤਾ ਕੀਤੀ ਜਾਵੇ ਤਾਂ ਇਸ ਦੇ ਨਤੀਜੇ ਸਾਰਥੱਕ ਨਿਕਲਦੇ ਹਨ। ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚੇ ਬਹੁਤ ਹੀ ਹੋਣਹਾਰ ਅਤੇ ਹੁਸ਼ਿਆਰ ਹੁੰਦੇ ਹਨ।ਪਰ ਕੁਝ ਮਾਪਿਆਂ ਦੀ ਆਰਥਿਕ ਹਾਲਤ ਪਤਲੀ ਹੋਣ ਕਰਕੇ ਬੱਚੇ ਆਪਣੀ ਪੜਾਈ ਮਜਬੂਰੀ ਵੱਸ ਵਿਚਕਾਰ ਹੀ ਛੱਡਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਦੀ ਸਹਾਇਤਾ ਕਰਨਾ ਬਹੁਤ ਹੀ ਭਲੇ ਵਾਲਾ ਕੰਮ ਹੈ। ਇਹ ਵਿਚਾਰ ਡਾ.ਦੀਪਿਕਾ ਮਿੱਤਲ ਡੈਂਟਲ ਸਰਜਨ ਅਤੇ ਉਨ੍ਹਾਂ ਦੇ ਬੇਟੇ ਕਿੰਤਨ ਮਿੱਤਲ ਨੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਸ਼ੁਸਮਾ ਮਿੱਤਲ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੰਗੜੋਆ ਵਿਖੇ ਬੱਚਿਆ ਨੂੰ ਵਰਦੀਆਂ ਵੰਡਣ ਮੌਕੇ ਪ੍ਰੈਸ ਨਾਲ ਸਾਂਝੇ ਕੀਤੇ। ਸਕੂਲ ਮੁੱਖੀ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਵਲੋਂ ਕਰੋਨਾ ਕਾਲ ਸਮੇਂ ਵੀ ਬੱਚਿਆਂ ਦੀ ਮਦਦ ਕੀਤੀ ਸੀ ਅਤੇ ਸਮੇਂ-ਸਮੇਂ ਸਕੂਲ ਦੀ ਮਦਦ ਕਰਦੇ ਰਹਿੰਦੇ ਹਨ। ਅੱਜ ਉਨ੍ਹਾਂ ਵਲੋਂ ਸਕੂਲ ਦੇ ਜਨਰਲ ਵਰਗ ਦੇ 55 ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆ।ਉਨ੍ਹਾਂ ਨੂੰ ਸਕੂਲ ਵਲੋਂ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਰਮਨ ਕੁਮਾਰ ਸੈਂਟਰ ਹੈੱਡ ਟੀਚਰ, ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ ,ਸ਼ਲੀਨਤਾ ਭਨੋਟ, ਰਿਤੂ ਸ਼ਰਮਾ, ਰਿੰਕੂ ਚੋਪੜਾ, ਬਲਵਿੰਦਰ, ਸ਼ੈਲੀ ਜੈਰਥ ਵੀ ਮੌਜੂਦ ਸਨ।
ਕੈਪਸ਼ਨ :- ਦਾਨੀ ਸੱਜਣ ਦਾ ਸਕੂਲ ਸਟਾਫ਼ ਅਤੇ ਪੰਚਾਇਤ ਮੈਬਰ ਸਨਮਾਨ ਕਰਦੇ ਹੋਏ।

ਪ੍ਰਵਾਸੀ ਭਾਰਤੀ ਹਰਿੰਦਰ ਸਿੰਘ ਦਾ ਸਨਮਾਨ

ਨਵਾਂ ਸ਼ਹਿਰ,16 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ) ਸਕੂਲ ਇੱਕ ਅਜਿਹਾ ਮੰਦਰ ਹੈ, ਜਿਥੋਂ ਸਾਡਾ ਭਵਿੱਖ ਬਣਦਾ ਹੈ। ਸਕੂਲ ਲਈ ਦਿੱਤਾ ਦਾਨ ਸਦਾ ਵੱਧਦਾ-ਫੁੱਲਦਾ ਰਹਿੰਦਾ ਹੈ। ਇਸ ਲਈ ਆਪਣੇ ਅਤੇ ਬੱਚਿਆਂ ਦੇ ਉੱਜਵੱਲ ਭਵਿੱਖ ਲਈ ਸਾਨੂੰ ਵੱਧ ਤੋਂ ਵੱਧ ਵਿੱਦਿਅਕ ਸੰਸਥਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ,ਇਹ ਵਿਚਾਰ ਛੋਟੂ ਰਾਮ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ),ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰਵਾਸੀ ਭਾਰਤੀ ਹਰਿੰਦਰ ਸਿੰਘ ਹਿੰਦਾ ਨੂੰ ਸਨਮਾਨਿਤ ਕਰਨ ਮੌਕੇ ਆਖੇ। ਸਕੂਲ ਮੁੱਖੀ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪ੍ਰਵਾਸੀ ਭਾਰਤੀ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਡੀਪ ਵੈੱਲ ਲਗਭਗ 70 ਹਜਾਰ ਰੁਪਏ ਦੀ ਲਾਗਤ ਨਾਲ ਲਗਵਾਕੇ ਦਿੱਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ  ਇਨ੍ਹਾਂ ਵਲੋਂ ਬੱਚਿਆਂ ਲਈ ਇੰਨਵਾਟਰ ਲਗਾਕੇ ਦਿੱਤਾ ਗਿਆ ਸੀ ਅਤੇ ਸਮੇਂ-ਸਮੇਂ ਸਕੂਲ ਦੀ ਮਦਦ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਸਕੂਲ ਵਲੋਂ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਬਲਕਾਰ ਚੰਦ ਸੈਂਟਰ ਹੈੱਡ ਟੀਚਰ, ਗੁਰਦਿਆਲ ਸਿੰਘ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਨੀਲ ਕਮਲ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ, ਰਮਨ ਕੁਮਾਰ ਸੈਂਟਰ ਹੈੱਡ ਟੀਚਰ ਲੰਗੜੋਆ, ਪਰਮਾਨੰਦ ਸਟੇਟ ਅਵਾਰਡੀ, ਬਲਵੀਰ ਸਿੰਘ ਪੰਚ, ਪ੍ਰਸ਼ੋਤਮ ਲਾਲ, ਮਹਿੰਦਰ ਸਿੰਘ ਅਟਵਾਲ, ਅਕਬਾਲ ਸਿੰਘ ਲੱਖੂ ਅਤੇ ਜਸਵਿੰਦਰ ਕੌਰ ਵੀ ਮੌਜੂਦ ਸਨ।
ਕੈਪਸ਼ਨ :- ਪ੍ਰਵਾਸੀ ਭਾਰਤੀ ਹਰਿੰਦਰ ਸਿੰਘ ਦਾ ਸਕੂਲ ਸਟਾਫ਼ ਅਤੇ ਪੰਚਾਇਤ ਮੈਬਰ ਸਨਮਾਨ ਕਰਦੇ ਹੋਏ।

ਬੀਬੀ ਸੰਤੋਸ਼ ਕਟਾਰੀਆ ਨੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਕੀਤੀ ਪਹਿਲੀ ਪ੍ਰੈਸ ਕਾਨਫਰੰਸ...



 ਬਲਾਚੌਰ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ) ਆਮ ਆਦਮੀ ਪਾਰਟੀ ਬਲਾਚੌਰ ਦੀ ਬੀਬੀ ਸੰਤੋਸ਼ ਕਟਾਰੀਆ ਨੂੰ ਹਲਕਾ ਇੰਚਾਰਜ ਲਗਾਉਣ ਤੇ ਅੱਜ ਪਲੇਠੀ ਪ੍ਰੈਸ ਕਾਨਫਰੰਸ ਸੰਤੋਸ਼ ਕਟਾਰੀਆ ਦੇ ਗ੍ਰਹਿ ਵਿਖੇ ਕੀਤੀ ਗਈ। ਜਿਸ ਵਿੱਚ ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ,ਅਸ਼ੋਕ ਕਟਾਰੀਆ, ਸਤਨਾਮ ਚੇਚੀ ਜਲਾਲਪੁਰ ਸੂਬਾ ਸਯੁੰਕਤ ਸਕੱਤਰ ਕਿਸਾਨ ਵਿੰਗ, ਸ਼ਿਵਕਰਨ ਚੇਚੀ ਜਿਲ੍ਹਾ ਪ੍ਰਧਾਨ, ਚੰਦਰ ਮੋਹਨ ਜੇਡੀ ਜਿਲ੍ਹਾ ਮੀਡੀਆ ਪ੍ਰਧਾਨ, ਬਿੱਟਾ ਰਾਣਾ ਉੱਪ ਪ੍ਰਧਾਨ ਟ੍ਰੇਡ ਵਿੰਗ,ਬੀਬੀ ਕਮਲਜੀਤ ਕੌਰ ਜਿਲ੍ਹਾ ਸਯੁੰਕਤ ਸਕੱਤਰ, ਰਣਵੀਰ ਸਿੰਘ, ਡਾ ਸ਼ਾਂਤੀ ਬੱਸੀ, ਆਤਮਾ ਰਾਮ ਬਲਾਕ ਪ੍ਰਧਾਨ ਭੱਦੀ , ਰਮਨ ਕਸਾਣਾ ਬਲਾਕ ਬਲਾਚੌਰ, ਰਜਿੰਦਰ ਲੋਹਟੀਆ ਬਲਾਕ ਪ੍ਰਧਾਨ ਕਾਠਗੜ੍ਹ, ਸਿਮਰਜੀਤ ਸਿੰਘ ਬਲਾਕ ਪ੍ਰਧਾਨ ਮਜਾਰੀ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੈਂ ਇੰਨੇ ਸਮੇਂ ਤੋਂ ਰਾਜਨੀਤੀ ਵਿੱਚ ਹਾਂ, ਇਹ ਪਹਿਲੀ ਵਾਰ ਵੇਖਿਆ ਹੈ ਕਿ ਸਾਰੇ ਪਾਰਟੀ ਦੇ ਨੇਤਾ ਇੱਕਜੁਟ ਹੋ ਕੇ ਇੱਕ ਹਲਕਾ ਇੰਚਾਰਜ ਦਾ ਸਾਥ ਦੇ ਰਹੇ ਹਨ। ਇੱਥੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਕੋਈ ਵੀ ਨਹੀਂ ਹਰਾ ਸਕਦਾ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ, ਕਨਵੀਨਰ, ਭਗਵੰਤ ਮਾਨ ਪ੍ਰਧਾਨ ਪੰਜਾਬ, ਜਰਨੈਲ ਸਿੰਘ ਪ੍ਰਭਾਰੀ ਪੰਜਾਬ, ਰਾਘਵ ਚੱਢਾ ਸਹਿ ਪ੍ਰਭਾਰੀ ਪੰਜਾਬ, ਹਰਪਾਲ ਸਿੰਘ ਚੀਮਾ ਤੇ ਉੱਚ ਪੱਧਰੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਜਿਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਐਡੀ ਵੱਡੀ ਜਿੰਮੇਵਾਰੀ ਸੌਂਪੀ ਹੈ। ਮੈਂ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਗੀਂ। ਉਹਨਾਂ ਕਿਹਾ ਕਿ ਉਹ ਹਲਕੇ ਦੇ ਸਾਰੇ ਨੇਤਾਵਾਂ ਤੇ ਵਲੰਟੀਅਰ ਨੂੰ ਨਾਲ ਲੈ ਕੇ ਚੱਲੇਗੀ। ਇਸ ਮੌਕੇ ਸ਼ਿਵਕਰਨ ਚੇਚੀ ਨੇ ਕਿਹਾ ਕਿ ਬੀਬੀ ਸੰਤੋਸ਼ ਕਟਾਰੀਆ ਨੂੰ ਹਲਕਾ ਇੰਚਾਰਜ ਲਗਾ ਕੇ ਆਮ ਆਦਮੀ ਪਾਰਟੀ ਨੇ ਨਾਰੀ ਸ਼ਕਤੀ ਨੂੰ ਮਾਣ ਬਖਸ਼ਿਆ ਹੈ।ਉਹਨਾਂ ਕਿਹਾ ਕਿ ਸਾਡੀ ਬਲਾਚੌਰ ਹਲਕੇ ਦੀ ਸਾਰੀ ਪਾਰਟੀ ਇਕਜੁੱਟ ਹੋ ਕੇ ਸੰਤੋਸ਼ ਕਟਾਰੀਆ ਦਾ ਸਾਥ ਦੇਵੇਗੀ ਇਸ ਮੌਕੇ ਸਤਨਾਮ ਜਲਾਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਪਹਿਲਾਂ ਸਾਰੇ ਹੀ ਨੇਤਾ ਅਪਣੇ ਅਪਣੇ ਤਰੀਕੇ ਨਾਲ ਪਾਰਟੀ ਦੇ ਦਿਸ਼ਾ ਨਿਰਦੇਸ਼ ਤਹਿਤ ਕੰਮ ਕਰਦੇ ਸੀ। ਹੁਣ ਬੀਬੀ ਸੰਤੋਸ਼ ਕਟਾਰੀਆ ਨੂੰ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਸਾਰੇ ਆਹੁਦੇਦਾਰ ਤੇ ਵਲੰਟੀਅਰ ਬੀਬੀ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਨਾਲ ਇਕਜੁੱਟ ਹੋ ਪਾਰਟੀ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਦੇ ਨਾਲ ਕੰਮ ਕਰਨਗੇ। ਇਸ ਮੌਕੇ ਚੰਦਰ ਮੋਹਨ ਜੇਡੀ ਨੇ ਕਿਹਾ ਕਿ ਬੀਬੀ ਸੰਤੋਸ਼ ਕਟਾਰੀਆ ਦਾ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਰਵਾਇਤੀ ਪਾਰਟੀਆਂ ਦੇ ਇਮਾਨਦਾਰ ਤੇ ਸੂਝਵਾਨ ਆਗੂ ਇਹ ਸੁਨੇਹੇ ਪੁਜਵਾ ਰਹੇ ਹਨ ਕਿ ਹੁਣ ਕਾਂਗਰਸ ਤੇ ਅਕਾਲੀਆਂ ਨੂੰ ਜੇ ਕੋਈ ਟੱਕਰ ਦੇ ਸਕਦਾ ਹੈ ਤਾਂ ਉਹ ਬੀਬੀ ਸੰਤੋਸ਼ ਕਟਾਰੀਆ ਹੀ ਹੈ। ਜਿਕਰਯੋਗ ਹੈ ਕਿ ਸੰਤੋਸ਼ ਕਟਾਰੀਆ ਪਹਿਲਾਂ ਵਿਧਾਇਕ ਦਾ ਚੁਣਾਬ ਲੜ ਚੁੱਕੀ ਹੈ ਤੇ ਜਿਲ੍ਹਾ ਪ੍ਰੀਸ਼ਦ ਨਵਾਂਸ਼ਹਿਰ ਦੀ ਚੇਅਰਪਰਸਨ ਵੀ ਰਹਿ ਚੁੱਕੀ ਹੈ। ਇਸ ਮੌਕੇ ਬਿੱਟਾ ਰਾਣਾ ਨੇ ਕਿਹਾ ਕਿ ਸਾਡੀ ਸਾਰੀ ਪਾਰਟੀ ਇਕਜੁੱਟ ਹੈ ਸਾਡੀ ਇਕਜੁੱਟਤਾ ਨੂੰ ਦੇਖਦੇ ਹੋਏ ਵਿਰੋਧੀ ਬੁਖਲਾਹਟ ਵਿੱਚ ਹਨ। ਇਸ ਮੌਕੇ ਕਰਨਵੀਰ ਕਟਾਰੀਆ ਨੇ ਅਪਣੇ ਘਰ ਵਧਾਈ ਦੇਣ ਪਹੁੰਚੇ ਸਾਰੇ ਹੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬੀਬੀ ਸੰਤੋਸ਼ ਕਟਾਰੀਆ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਬਲਵੀਰ ਸਿਆਣ, ਪ੍ਰਵੀਨ ਵਸ਼ਿਸ਼ਟ, ਮਹਿੰਦਰ ਉਧਨਵਾਲ, ਗੁਰਚੈਨ ਬੇਗਮਪੁਰ, ਮਦਨ ਲਾਲ ਬਹਿਲ, ਰਕੇਸ਼ ਕੇਛਾ, ਦੀਵਾਨ ਚੰਦ, ਸੇਠੀ ਮਾਹੀਪੁਰ, ਗੁਰਨੇਕ ਸਾਧੜਾ, ਬਲਵੀਰ ਸਿੰਘ ਮਾਣੇਵਾਲ, ਹਰਮਨਜੀਤ ਮਾਣੇਵਾਲ, ਸੁਰਿੰਦਰ ਸਿੰਘ ਨਵਾਂਗ੍ਰਾਂ, ਮੁਖਤਿਆਰ ਸਿੰਘ ਸਹੂੰਗੜਾ, ਸਤਨਾਮ ਸਿੰਘ ਸਹੂੰਗੜਾ, ਰਜੀਵ ਲੰਬੂਆਂ, ਅਸ਼ਵਨੀ ਲੰਬੂਆ, ਜਸਵਿੰਦਰ ਬਛੂਆਂ, ਪਰਵਿੰਦਰ ਮੈਹਸੀ, ਸੁਖਜਿੰਦਰ ਕੁਮਾਰ, ਯਸ਼ਪਾਲ ਸਿੰਘ, ਜਤਿੰਦਰ ਕੁਮਾਰ, ਜਸਵਿੰਦਰ ਬਹਲ, ਹਰਮੇਸ਼ ਲਾਲ, ਬਲਵੀਰ ਕੁਮਾਰ ਤੇ ਬਲਵਿੰਦਰ ਬਾਬਾ ਆਦਿ ਸੈਕੜੇ ਵਲੰਟੀਅਰ ਹਾਜਰ ਸਨ।

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਨੌਜਵਾਨ ਪਹਿਲਵਾਨਾਂ ਨੇ ਤੀਜੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਜਿੱਤੇ ਤਿੰਨ ਬਰਾਊਨ ਮੈਡਲ ਜਿੱਤੇ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਨੌਜਵਾਨ ਪਹਿਲਵਾਨਾਂ ਨੇ ਤੀਜੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਜਿੱਤੇ ਤਿੰਨ ਬਰਾਊਨ ਮੈਡਲ ਜਿੱਤੇ
ਬੰਗਾ : 16 ਸਤੰਬਰ :- (  ) ਇਲਾਕੇ ਦੀ ਪ੍ਰਸਿੱਧ ਕੁਸ਼ਤੀ ਟਰੇਨਿੰਗ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੇ ਸੂਬਾ ਪੱਧਰੀ ਤੀਜੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਅੰਡਰ 23 ਸਾਲ (ਫਰੀ ਸਟਾਈਲ (ਲੜਕੇ) 2021) ਵਿਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਲਈ ਵੱਖ ਵੱਖ ਭਾਰ ਵਰਗਾਂ ਵਿਚੋਂ ਤਿੰਨ ਬਰਾਊਨ ਮੈਡਲ ਜਿੱਤ ਕੇ ਜ਼ਿਲ਼ੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਜਾਣਕਾਰੀ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ ਬਰਾਊਨ ਮੈਡਲ ਜੇਤੂ ਨੌਜਵਾਨ ਪਹਿਲਵਾਨਾਂ ਸਤਿਗੁਰਦੀਪ, ਪਵਨਦੀਪ ਸਿੰਘ ਅਤੇ ਅਮਨਦੀਪ ਦਾ ਸਨਮਾਨ ਕਰਨ ਮੌਕੇ ਕਲੱਬ ਦੇ ਅਖਾੜੇ ਪਿੰਡ ਬਾਹੜੋਵਾਲ ਵਿਖੇ ਦਿੱਤੀ ।
ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਨੇ ਜਾਣਕਾਰੀ ਦੱਸਿਆ ਬੀਤੇ ਦਿਨੀ ਜ਼ੀਕਰਪੁਰ, ਜ਼ਿਲ੍ਹਾ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋਈ ਅੰਡਰ 23 ਸਾਲ ਪੰਜਾਬ ਪੱਧਰ ਦੀ ਤੀਜੀ ਕੁਸ਼ਤੀ ਚੈਪੀਅਨਸ਼ਿੱਪ (ਫਰੀ ਸਟਾਈਲ ਲੜਕੇ) ਵਿਚ 74 ਕਿਲੋ ਭਾਰ ਵਰਗ ਵਿਚ ਪਹਿਲਵਾਨ ਪਵਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਬੀਸਲਾ, 79 ਕਿਲੋ ਭਾਰ ਵਰਗ ਵਿਚ ਪਹਿਲਵਾਨ  ਸਤਿਗੁਰਦੀਪ ਪੁੱਤਰ ਹਰਭਜਨ ਲਾਲ ਪਿੰਡ ਮਜਾਰੀ ਅਤੇ 92 ਕਿਲੋ ਭਾਰ ਵਰਗ ਵਿਚ ਪਹਿਲਵਾਨ ਅਮਨਦੀਪ ਪੁੱਤਰ ਮਹਿੰਦਰ ਸਿੰਘ ਪਿੰਡ ਚਾਹਲ ਕਲਾਂ ਨੇ ਬਰਾਊਨ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਲੱਬ ਦਾ, ਆਪਣੇ  ਅਖਾੜੇ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੋਸ਼ਨ ਕੀਤਾ ਹੈ।
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਕੁਸ਼ਤੀ ਐਸ਼ੋਸ਼ੀਏਸ਼ਨ ਦੇ ਸੈਕਟਰੀ ਸ. ਸੁਖਦੇਵ ਸਿੰਘ ਰਾਣੂੰ ਨੇ ਖੁਦ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਖਾੜੇ ਵਿਚ ਪੁੱਜ ਕੇ ਨੌਜਵਾਨ ਪਹਿਲਵਾਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਚੇਅਰਮੈਨ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ, ਸ. ਸਰਬਜੀਤ ਸਿੰਘ ਸੱਬਾ ਸਰਪੰਚ ਬਾਹੜੋਵਾਲ, ਕੁਸ਼ਤੀ ਕੋਚ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ, ਹਰਦੇਵ ਸਿੰਘ ਗਿੱਲ, ਅਮਰੀਕ ਸਿੰਘ ਮੇਹਲੀ, ਪਹਿਲਵਾਨ ਸਤਨਾਮ ਸਿੰਘ ਲਾਦੀਆਂ ਅਤੇ ਹੋਰ ਪਤਵੰਤੇ ਸੱਜਣਾਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਵਰਣਨਯੋਗ ਹੈ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵੱਲੋਂ ਪ੍ਰਸਿੱਧ ਸਮਾਜ ਸੇਵਕ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਇਲਾਕੇ ਦੇ ਨੌਜਵਾਨਾਂ ਨੂੰ ਨਵੀਂ ਸੇਧ ਦਿੰਦੇ ਹੋਏ ਕੁਸ਼ਤੀ ਖੇਡ ਦੀ ਆਧੁਨਿਕ ਟਰੇਨਿੰਗ ਪ੍ਰਦਾਨ ਕਰਨ ਲਈ ਸਾਲ 2008 ਵਿਚ ਪਿੰਡ ਬਾਹੜੋਵਾਲ ਵਿਖੇ ਆਧੁਨਿਕ ਟਰੇਨਿੰਗ ਹਾਲ ਬਣਾਇਆ ਜਾ ਚੁੱਕਾ ਹੈ। ਜਿੱਥੇ ਕੌਮਾਂਤਰੀ ਪੱਧਰ ਦੀ ਉਲੰਪਿਕ ਸਟਾਈਲ ਦੀ ਗੱਦੇ ਵਾਲੀ ਕੁਸ਼ਤੀ ਦੀ ਜੂਨੀਅਰ ਅਤੇ ਸੀਨੀਅਰ ਵਰਗ ਦੇ ਪਹਿਲਵਾਨਾਂ ਨੂੰ ਮੁਫ਼ਤ ਟਰੇਨਿੰਗ ਦਿੱਤੀ ਜਾ ਰਹੀ ਹੈ।ਇੱਥੇ ਪੰਜਾਬ ਦੇ ਪ੍ਰਸਿੱਧ ਕੁਸ਼ਤੀ ਕੋਚ ਬਲਬੀਰ ਸੋਂਧੀ ਰਾਏਪੁਰ ਡੱਬਾ ਰੋਜ਼ਾਨਾ ਟਰੇਨਿੰਗ ਪ੍ਰਦਾਨ ਕਰਦੇ ਹਨ। ਅਖਾਣੇ ਵਿਚ ਅਗਾਂਹਵਧੂ ਅਤੇ ਲੋੜਵੰਦ ਖਿਡਾਰੀਆਂ ਨੂੰ ਮੁਫ਼ਤ ਕੁਸ਼ਤੀ ਟਰੇਨਿੰਗ ਦੇਣ ਦੇ ਨਾਲ ਨਾਲ ਹਰ ਤਰ੍ਹਾਂ ਨਾਲ ਹੌਂਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ :  ਤੀਜੀ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਵੱਖ ਵੱਖ ਵਰਗਾਂ ਵਿਚੋਂ ਬਰਾਊਨ ਮੈਡਲ ਜਿੱਤਣ ਵਾਲੇ ਨੌਜਵਾਨ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ, ਸ. ਸੁਖਦੇਵ ਸਿੰਘ ਰਾਣੂੰ ਸੈਕਟਰੀ  ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਕੁਸ਼ਤੀ ਐਸ਼ੋਸ਼ੀਏਸ਼ਨ ਅਤੇ ਹੋਰ ਪਤਵੰਤੇ

ਰਿਆਤ ਗਰੁੱਪ ਵਿਖੇ 16 ਨੂੰ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿਚ ਨਾਮਵਰ ਕੰਪਨੀਆਂ ਕਰਨਗੀਆਂ ਸ਼ਿਰਕਤ

ਪ੍ਰਾਰਥੀਆਂ ਨੂੰ 43 ਲੱਖ ਰੁਪਏ ਤੱਕ ਦੇ ਸਾਲਾਨਾ ਸੈਲਰੀ ਪੈਕੇਜ ਦਾ ਮਿਲੇਗਾ ਮੌਕਾ-ਏ. ਡੀ. ਸੀ
ਬਲਾਚੌਰ, 14 ਸਤੰਬਰ : ਪੰਜਾਬ ਸਰਕਾਰ ਦੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲੇ ਵਿਚ ਲਗਾਏ ਜਾ ਰਹੇ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ ਰਿਆਤ ਗਰੁੱਪ ਆਫ਼ ਇੰਸਟੀਚਿਊਟਸ, ਰੈਲ ਮਾਜਰਾ ਵਿਖੇ 16 ਸਤੰਬਰ ਨੂੰ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿਚ ਨਾਮਵਰ ਕੰਪਨੀਆਂ ਭਾਗ ਲੈ ਕੇ ਪ੍ਰਾਰਥੀਆਂ ਦੀ ਚੋਣ ਕਰਨਗੀਆਂ। ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ ਦੀ ਮੌਜੂਦਗੀ ਵਿਚ ਸੰਸਥਾ ਵਿਚ ਇਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਗਾਏ ਜਾ ਰਹੇ ਇਸ ਰੋਜ਼ਗਾਰ ਮੇਲੇ ਵਿਚ ਪ੍ਰਾਰਥੀਆਂ ਨੂੰ 43 ਲੱਖ ਰੁਪਏ ਤੱਕ ਦੇ ਸਾਲਾਨਾ ਪੈਕੇਜ ਹਾਸਲ ਕਰਨ ਦਾ ਮੌਕਾ ਮਿਲੇਗਾ। ਉਨਾਂ ਦੱਸਿਆ ਕਿ ਇਸ ਮੇਲੇ ਵਿਚ ਮਾਈਕ੍ਰੋਸਾਫਟ, ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਅਤੇ ਐਚ. ਸੀ. ਐਲ ਟੈਕਨਾਲੋਜੀਸ ਆਦਿ ਨਾਮਵਰ ਕੰਪਨੀਆਂ ਸ਼ਿਰਕਤ ਕਰਨਗੀਆਂ। ਉਨਾਂ ਦੱਸਿਆ ਕਿ ਮਾਈਕ੍ਰੋਸਾਫਟ ਕੰਪਨੀ ਦਾ ਸੈਲਰੀ ਪੈਕੇਜ 12 ਲੱਖ ਰੁਪਏ ਤੋਂ 43 ਲੱਖ ਰੁਪਏ ਪ੍ਰਤੀ ਸਾਲ ਹੈ। ਇਸੇ ਤਰਾਂ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ (ਬਾਏਜੂਸ) ਦਾ ਸਾਲਾਨਾ ਸੈਲਰੀ ਪੈਕੇਜ 10 ਲੱਖ ਰੁਪਏ ਅਤੇ ਐਚ. ਸੀ. ਐਲ ਟੈਕਨਾਲੋਜੀਸ ਦਾ 3.65 ਲੱਖ ਰੁਪਏ ਹੈ। ਉਨਾਂ ਦੱਸਿਆ ਕਿ ਇਨਾਂ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਐਮ. ਬੀ. ਏ, ਐਮ.ਟੈੱਕ, ਬੀ. ਟੈੱਕ ਅਤੇ ਗ੍ਰੈਜੂਏਟ ਆਦਿ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਕੰਪਨੀਆਂ ਵਿਚ ਇੰਟਰਵਿਊੂ ਦੇਣ ਦੇ ਚਾਹਵਾਨ ਪ੍ਰਾਰਥੀ ਮੇਲੇ ਵਿਚ ਆਉਣ ਤੋਂ ਪਹਿਲਾਂ ਮੁਹੱਈਆ ਕਰਵਾਏ ਗਏ ਲਿੰਕਾਂ 'ਤੇ ਅਪਲਾਈ ਜ਼ਰੂਰ ਕਰਨ। ਉਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲੱਗਣ ਵਾਲੇ ਇਸ ਰੋਜ਼ਗਾਰ ਮੇਲੇ ਵਿਚ ਹੋਰਨਾਂ ਕੰਪਨੀਆਂ ਅਤੇ ਅਦਾਰਿਆਂ ਵੱਲੋਂ ਵੀ ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਦੀ ਵੱਡੀ ਪੱਧਰ 'ਤੇ ਚੋਣ ਕੀਤੀ ਜਾਵੇਗੀ, ਜਿਸ ਸਬੰਧੀ ਦਸਵੀਂ, ਬਾਰਵੀਂ, ਗ੍ਰੈਜੂਏਟ ਅਤੇ ਆਈ. ਟੀ. ਆਈ ਪਾਸ ਬੇਰੁਜ਼ਗਾਰ ਇੰਟਰਵਿਊ ਲਈ ਯੋਗ ਹੋਣਗੇ। ਇਸ ਮੌਕੇ ਉਨਾਂ ਕੈਂਪਸ ਵਿਚ ਰੋਜ਼ਗਾਰ ਮੇਲੇ ਦੇ ਪੁਖਤਾ ਪ੍ਰਬੰਧਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਮੇਲੇ ਦੌਰਾਨ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਜ਼ਿਲਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਪ੍ਰਾਰਥੀ ਆਪਣੇ ਨਾਲ ਜ਼ਰੂਰੀ ਦਸਤਾਵੇਜ਼, ਜਿਵੇਂ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਫੋਟੋ ਅਤੇ ਬਾਇਓ ਡਾਟਾ ਆਦਿ ਲੈ ਕੇ ਆਉਣ। 

ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਸੈਨੀਨਾਰ ਲਗਵਾਇਆ ਗਿਆ

ਨਵਾਂਸ਼ਹਿਰ : 14 ਸਤੰਬਰ  (ਵਿਸ਼ੇਸ਼ ਬਿਊਰੋ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐੱਸ.ਐੱਸ.ਪੀ. ਸ਼੍ਰੀ ਹਰਮਨਵੀਰ ਸਿੰਘ ਗਿੱਲ ਦੇ ਹੁਕਮਾਂ ਤੇ ਸ਼੍ਰੀਮਤੀ ਨਵਨੀਤ ਕੌਰ ਗਿੱਲ, ਉੱਪ-ਪੁਲਿਸ ਕਪਤਾਨ ਕਮ-ਜ਼ਿਲ੍ਹਾ ਕਮਿਊਨਟੀ ਪੁਲਿਸ ਅਫ਼ਸਰ ਸ.ਭ.ਸ. ਨਗਰ ਸਬ-ਡਵੀਜ਼ਨ ਦੀਆਂ ਹਦਾਇਤਾਂ ਮੁਤਾਬਕ ਏ.ਐੱਸ.ਆਈ. ਹੁਸਨ ਲਾਲ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਏ.ਐੱਸ.ਆਈ. ਸਤਨਾਮ ਸਿੰਘ, ਇੰਚਾਰਜ ਐਜੂਕੇਸ਼ਨ ਸੈੱਲ ਸ.ਭ.ਸ. ਨਗਰ ਵੱਲੋਂ ਸਰਕਾਰੀ ਆਈ.ਟੀ.ਆਈ. (ਲੜਕੀਆਂ) ਨਵਾਂਸ਼ਹਿਰ ਵਿਖੇ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਦੱਸਿਆ ਗਿਆ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪੂਰੇ ਭਾਰਤ ਵਿੱਚੋਂ 272 ਜ਼ਿਲ੍ਹਿਆ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ 18 ਜ਼ਿਲ੍ਹੇ ਪੰਜਾਬ ਵਿੱਚੋਂ ਲਏ ਗਏ ਹਨ। ਜਿਨ੍ਹਾਂ ਵਿੱਚ ਸ.ਭ.ਸ. ਨਗਰ ਵੀ ਸ਼ਾਮਿਲ ਹੈ। ਨਸ਼ਾ ਦੇ ਸੇਵਨ ਨਾਲ ਜਿੱਥੇ ਸਰੀਰਿਕ ਅਤੇ ਆਰਥਿਕ ਤੌਰ ਤੇ ਅਸਰ ਪੈਂਦਾ ਹੈ ਉੱਥੇ ਸਮਾਜਿਕ ਤੌਰ ਤੇ ਵੀ ਵਿਆਕਤੀ ਨੂੰ ਕਮਜ਼ੋਰ ਕਰਦਾ ਹੈ। ਅਗਰ ਕੋਈ ਵਿਆਕਤੀ ਨਸ਼ਾ ਕਰਦਾ ਹੈ ਤਾਂ ਜ਼ਿਲ੍ਹੇ ਵਿੱਚ 7 ਨਸ਼ਾ ਛੁਡਾਊ ਸੈਂਟਰ ਹਨ ਜਿੱਥੇ ਵਿਆਕਤੀ ਨੂੰ ਦਾਖਲ ਕਰਾਇਆ ਜਾ ਸਕਦਾ ਹੈ। ਅਗਰ ਕੋਈ ਵਿਆਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਟੈਲੀਫੋਨ ਨੰ:112 ਵੱਟਸਐਪ ਨੰ. 83608-33805, 95646-95646 ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦਾ ਨਾਂ ਪਤਾ ਗੁਪਤ ਰੱਖਿਆ ਜਾਵੇਗਾ। ਕਰੋਨਾ ਵਾਇਰਸ ਦੇ ਬਚਾ ਸਬੰਧੀ ਜਿਵੇਂ ਬਿਨ੍ਹਾਂ ਕੰਮ ਤੋਂ ਬਾਹਰ ਨਾ ਜਾਣਾ, ਨੱਕ ਅਤੇ ਮੂੰਹ ਮਾਸਕ ਨਾਲ ਢੱਕਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਜਾਂ ਸੈਨੀਟਾਇਜ਼ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਟ੍ਰੈਫਿਕ ਨਿਯਮਾਂ/ਰੂਲਾਂ ਦੀ ਪਾਲਣਾ ਕਰਨ ਜਿਵੇਂ:- ਹੈਲਮੇਟ ਪਹਿਨਣਾ, ਸੀਲ ਬੈਲਟ ਲਗਾਉਣਾ, ਵਾਹਨ ਦੀਆਂ ਲਾਇਟਾਂ ਠੀਕ ਰੱਖਣ ਤੇ ਕਾਗਜਾਤ ਪੂਰੇ ਰੱਖਣ ਦੇ ਨਾਲ-ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਪ੍ਰੇਰਣਾ ਦਿੱਤੀ । ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਪਣੀ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਸਬੰਧੀ ਵੀ ਦੱਸਿਆ ਗਿਆ। ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਨਵਾਂਸ਼ਹਿਰ ਦੇ ਪ੍ਰਿੰਸੀਪਲ ਸ਼੍ਰੀ ਰਸ਼ਪਾਲ ਚੰਦੜ ਅਤੇ ਸਮੂਹ ਸਟਾਫ ਵਲੋਂ ਮਾਣਯੋਗ ਐੱਸ.ਐੱਸ.ਪੀ. ਸ਼੍ਰੀ ਹਰਮਨਵੀਰ ਸਿੰਘ ਗਿੱਲ, ਆਈ.ਪੀ.ਐੱਸ. ਜੀ ਦਾ ਅਤੇ ਸੈਮੀਨਾਰ ਕਰਨ ਆਏ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ ।

ਡੇਂਗੂ ਤੋਂ ਬਚਣ ਲਈ ਹਰ ਸੁਕਰਵਾਰ ਡਰਾਈ ਡੇਅ ਵਜੋ ਮਨਾਇਆ ਜਾਵੇ -ਡਿਪਟੀ ਕਮਿਸ਼ਨਰ

ਡੇਂਗੂ ਤੋਂ ਬਚਣ ਲਈ ਸਕੂਲੀ ਬੱਚਿਆਂ ਨੂੰ ਕੀਤਾ ਜਾਵੇ ਜਾਗਰੂਕ
ਅੰਮ੍ਰਿਤਸਰ, 13 ਸਤੰਬਰ: -ਜਿਲ੍ਹੇ ਵਿਚ ਡੇਂਗੂ ਨੂੰ ਫੈਲਣ ਤੋਂ ਰੋਕਣ ਅਤੇ ਇਸਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦੀ ਨੀਅਤ ਨਾਲ ਅੱਜ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ  ਦੀ ਅਗਵਾਈ ਹੇਠ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਕਰਦੇ  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਗੂ ਤੋ ਬੱਚਣ ਲਈ ਹਰ ਸ਼ੁਕਰਵਾਰ ਡਰਾਈ ਡੇਅ ਵਜੋ ਮਨਾਇਆ ਜਾਵੇ ਅਤੇ ਜਿੰਨ੍ਹਾਂ ਸਥਾਨਾਂ ਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਦੇ ਚਾਲਾਨ ਕੀਤੇ ਜਾਣ। ਉੁਨ੍ਹਾਂ  ਸਿਹਤ, ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਵਾਰ ਡੇਂਗੂ ਦੇ ਡੰਗ ਨੂੰ ਫੈਲਣ ਤੋਂ ਹਰ ਹਾਲ ਵਿਚ ਰੋੋਕਿਆ ਜਾਵੇ ਅਤੇ ਪਿਛਲੇ ਸਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਦਵਾਈ ਦੀ ਸਪਰੇਅ ਦਾ ਵੱਧ ਜੋਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਲਈ ਸਬੰਧਤ ਵਿਭਾਗ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ। ਸ਼ਹਿਰ ਵਿਚ ਇਹ ਮੱਛਰ ਜ਼ਿਆਦਾ ਫੈਲਦਾ ਹੋਣ ਕਾਰਨ ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਜਿੱਥੇ ਵੀ ਸਿਹਤ ਵਿਭਾਗ ਕਹੇ, ਤੁਰੰਤ ਮੱਛਰ ਮਾਰ ਦਵਾਈ ਦੀ ਸਪਰੇਅ ਕੀਤੀ ਜਾਵੇ।  ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣ ਅਤੇ ਬਚਾਅ ਤੋਂ ਜਾਗਰੂਕ ਕਰਨ ਲਈ ਵੀ ਕਿਹਾ।  ਮੀਟਿੰਗ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਅੰਮ੍ਰਿਤਸਰ ਡਾ: ਚਰਨਜੀਤ ਸਿੰਘ  ਨੇ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ ਡੇਂਗੂ ਦੇ 276 ਕੇਸ ਸ਼ੱਕੀ ਪਾਏ ਗਏ , ਜਿੰਨ੍ਹਾਂ ਵਿਚੋ 251 ਕੇਸ ਪਾਜਟਿਵ ਪਾਏ ਗਏ  ਅਤੇ ਇਸ ਸਾਲ ਹੁਣ ਤੱਕ ਡੇਂਗੂ ਦਾ ਲਾਰਵਾ ਮਿਲਣ ਤੇ 503 ਚਲਾਨ ਕੱਟੇ ਗਏ ਹਨ। ਉਨਾਂ ਕਿਹਾ ਕਿ ਇਸ ਲਈ ਨਗਰ ਨਿਗਮ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਖੜਾ ਨਾ ਹੋਣ ਦੇਵੇ ਅਤੇ ਜਿੱਥੇ ਪਾਣੀ ਖੜਦਾ ਹੈ, ਉਥੇ ਸਮੇਂ-ਸਮੇਂ ਦਵਾਈ ਦੀ ਸਪਰੇਅ ਕਰਵਾਏ।  ਇਸ ਮੋਕੇ ਜ਼ਿਲਾ੍ਹ ਮਲੇਰੀਆ ਅਫਸਰ ਡਾ. ਮਦਨ ਮੋਹਨ  ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ-ਪਾਣੀ ਵਿਚ ਪਲਦਾ ਹੈ ਅਤੇ ਜਿਹੜਾ ਪਾਣੀ ਸੱਤ ਦਿਨ ਤੱਕ ਖੜਾ ਰਿਹਾ, ਉਥੇ ਮੱਛਰ ਤਿਆਰ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ 'ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ੍ਹ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੀਏ। ਇਸ ਤੋਂ ਇਲਾਵਾ ਹਰ ਹਫਤੇ ਕੂਲਰਾਂ, ਗਮਲਿਆਂ ਜਾਂ ਪੌਦੇ ਲਗਾਉਣ ਲਈ ਰੱਖੀਆਂ ਬੋਤਲਾਂ ਆਦਿ ਦਾ ਪਾਣੀ ਬਦਲੀਏ। ਉਨਾਂ ਦੱਸਿਆ ਕਿ ਡੇਂਗੂ ਦੇ ਮੱਛਰ ਆਮ ਮੱਛਰ ਨਾਲੋਂ ਵੱਡਾ ਅਤੇ ਸਰੀਰ 'ਤੇ ਧਾਰੀਆਂ ਹੁੰਦੀਆਂ ਹਨ। ਇਹ ਸਵੇਰ ਜਾਂ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਡੰਗ ਵੀ ਤਿੱਖਾ ਮਾਰਦਾ ਹੈ। ਇਹ ਆਮ ਤੌਰ 'ਤੇ ਪਰਦਿਆਂ, ਫੋਟੋ ਫਰੇਮਾਂ, ਟੇਬਲ-ਕੁਰਸੀਆਂ ਦੇ ਹੇਠਾਂ ਜਾਂ ਹੋਰ ਠੰਡੀਆਂ ਥਾਵਾਂ 'ਤੇ ਹੁੰਦਾ ਹੈ।
                ਡੇਂਗੂ ਕੱਟਣ ਉਪਰੰਤ ਲੱਛਣ- ਜਿਲ੍ਹਾ ਮਲੇਰੀਆ ਅਫਸਰ ਡਾ. ਮਦਨ ਨੇ ਦੱਸਿਆ ਕਿ ਜਦੋਂ ਡੇਂਗੂ ਦਾ ਮੱਛਰ ਕੱਟ ਜਾਂਦਾ ਹੈ ਤਾਂ ਤੇਜ਼ ਬੁਖਾਰ, ਅੱਖਾਂ ਦਰਦ ਹੁੰਦੀਆਂ ਹਨ। ਇਸ ਹਾਲਤ ਵਿਚ ਕੇਵਲ ਪੈਰਾਸੂਟਾਮੋਲ ਦਵਾਈ ਦਿੱਤੀ ਜਾ ਸਕਦੀ ਹੈ, ਹੋਰ ਕੋਈ ਦਵਾਈ ਨਾ ਖਾਓ। ਉਨਾਂ ਦੱਸਿਆ ਕਿ ਡੇਂਗੂ ਮੱਛਰ ਕੱਟਣ 'ਤੇ ਜੇਕਰ ਮਰੀਜ ਵੱਧ ਤੋਂ ਵੱਧ ਤਰਲ ਪਦਾਰਥ ਪੀਵੇ ਤਾਂ ਖ਼ਤਰੇ ਦੀ ਗੱਲ ਨਹੀਂ ਰਹਿੰਦੀ।
                ਡਾ. ਮਦਨ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਜਾਂ ਵਪਾਰਕ ਸੰਸਥਾਵਾਂ 'ਤੇ ਟੁੱਟੇ ਬਰਤਨ, ਗਮਲੇ, ਕੂਲਰ, ਖਰਾਬ ਟਾਇਰ, ਗਟਰ ਦੇ ਢੱਕਣ ਵਿਚ ਬਣੇ ਛੋਟੇ ਹੋਲ, ਪੰਛੀਆਂ ਲਈ ਰੱਖਿਆ ਪਾਣੀ ਆਦਿ ਵਿਚ ਪਾਣੀ ਨਾ ਖੜਾ ਰਹਿਣ ਦਈਏ ਤੇ ਕੂਲਰ ਆਦਿ ਦਾ ਪਾਣੀ ਵੀ ਹਰ 7 ਦਿਨਾਂ ਦੇ ਵਿਚ ਬਦਲੀਏ। ਇਸ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਤੋਂ ਬਚਾਅ ਹੋ ਸਕਦਾ ਹੈ। ਡਾ. ਮਦਨ ਨੇ ਦੱਸਿਆ ਕਿ ਇਸ ਵਾਰ ਸਰਦੀ ਵਿਚ ਵੀ ਡੇਂਗੂ ਦੇ ਕੇਸ ਸਾਹਮਣੇ ਆਏ ਹੋਣ ਕਾਰਨ ਸਾਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ।
 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀ, ਵਧੀਕ ਕਮਿਸ਼ਨਰ ਸ਼੍ਰੀ ਰਣਬੀਰ ਮੁੱਧਲ, ਜ਼ਿਲਾ ਮਾਸ ਤੇ ਮੀਡੀਆ ਅਫਸਰ ਸ: ਅਮਨਦੀਪ ਸਿੰਘ,ਸ: ਸੁਖਜਿੰਦਰ ਸਿੰਘ,ਸਾਰੇ ਮੈਡਕੀਲ ਅਫਸਰ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।n

ਕੰਢੀ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਬੱਲੋਵਾਲ ਸੌਂਖੜੀ ਵਿਖੇ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਿਆ

ਮੁੱਖ ਮੰਤਰੀ ਨੇ ਬਾਦਲਾਂ ਵੱਲੋਂ ਖੇਤੀ ਕਾਨੂੰਨਾਂ ਉਤੇ ਦੋਹਰੇ ਮਾਪਦੰਡਾਂ ਲਈ ਅਕਾਲੀ ਦਲ ਨੂੰ ਘੇਰਿਆ
ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ), 13 ਸਤੰਬਰ (ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਕਿਸਾਨਾਂ ਨੂੰ ਧੋਖਾ ਦੇਣ ਲਈ ਬਾਦਲ ਪਰਿਵਾਰ 'ਤੇ ਤਿੱਖਾ ਹਮਲੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਅਕਾਲੀ ਦਲ ਦੀ ਮਰਜ਼ੀ ਨਾਲ ਹੀ ਅਮਲ ਵਿੱਚ ਲਿਆਂਦੇ ਗਏ ਸੀ ਅਤੇ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਹੁੰਦਿਆਂ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਪਰ ਜਦੋਂ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੇ ਸੁਰ ਬਦਲ ਲਈ। ਕਾਂਗਰਸ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਦਾ ਪਹਿਲੇ ਹੀ ਦਿਨ ਤੋਂ ਇਨ੍ਹਾਂ ਦਾ ਵਿਰੋਧ ਕਰਨ ਵਾਲੀ ਪਾਰਟੀ ਦੱਸਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾ ਸਰਵ ਪਾਰਟੀ ਮੀਟਿੰਗ ਸੱਦੀ ਅਤੇ ਉਸ ਤੋਂ ਪਿੱਛੋਂ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ। ਇਸ ਮਗਰੋਂ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਦਨ ਸੱਦ ਕੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਬਿੱਲ ਪਾਸ ਕੀਤੇ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1950 ਤੋਂ ਲੈ ਕੇ ਹੁਣ ਤੱਕ 127 ਵਾਰ ਸੰਵਿਧਾਨ ਵਿੱਚ ਸੋਧ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ, ''ਤਾਂ ਫੇਰ ਕਿਉਂ ਨਹੀਂ, ਇਕ ਵਾਰ ਹੋਰ ਸੋਧ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਖੇਤੀ ਕਾਨੂੰਨ ਰੱਦ ਕੀਤੇ ਜਾਣ ਜੋ ਕਿਸਾਨ ਸਿੰਘੂ ਅਤੇ ਟਿਕਰੀ ਸਰਹੱਦਾਂ ਉਤੇ ਧਰਨਾ ਦੇ ਰਹੇ ਹਨ।'' ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਕਿਸਾਨ ਪਰਿਵਾਰ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਪ੍ਰਦਾਨ ਕਰ ਰਹੀ ਹੈ। ਮੁੱਖ ਮੰਤਰੀ ਨੇ ਇਹ ਗੱਲ ਅੱਜ ਬੱਲੋਵਾਲ ਸੌਂਖੜੀ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਇਸ ਮੌਕੇ ਉਨ੍ਹਾਂ ਇਸ ਕਾਲਜ ਦੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ 1 ਅਕਤੂਬਰ, 2021 ਤੋਂ ਜਮਾਤਾਂ ਸ਼ੁਰੂ ਹੋਣਗੀਆਂ। ਬੀਐਸ.ਸੀ. (ਖੇਤੀਬਾੜੀ) ਵਿੱਚ 60 ਸੀਟਾਂ ਭਰੀਆਂ ਗਈਆਂ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੈਂਪਸ ਤੋਂ ਬਾਹਰ ਖੇਤੀਬਾੜੀ ਦਾ ਕੋਈ ਕਾਲਜ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਕੰਢੀ ਖੇਤਰ ਵਿੱਚ ਖੇਤੀਬਾੜੀ ਵਿਕਸਤ ਹੋਵੇਗੀ ਅਤੇ ਇਸ ਖੇਤਰ ਦੀਆਂ ਫਸਲਾਂ ਅਤੇ ਉਨ੍ਹਾਂ ਸਬੰਧੀ ਸਮੱਸਿਆਵਾਂ ਉਤੇ ਖੋਜ ਕਰਨ ਤੋਂ ਇਲਾਵਾ ਇਥੋਂ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਮਿਲੇਗੀ। ਕਾਲਜ ਵਿੱਚ ਇਸ ਪੱਖੋਂ ਵੀ ਖੋਜ ਕਾਰਜ ਕੀਤੇ ਜਾਣਗੇ ਕਿ ਜ਼ਮੀਨ ਦੀ ਘਾਟ ਅਤੇ ਖੇਤਰ ਵਿੱਚ ਪਾਣੀ ਦੀ ਕਮੀ ਨੂੰ ਦੇਖਦਿਆਂ ਕਿਵੇਂ ਪਾਣੀ ਦੇ ਸੀਮਤ ਵਸੀਲਿਆਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਜ਼ਿਆਦਾ ਪੈਦਾਵਾਰ ਹਾਸਲ ਕੀਤੀ ਜਾਵੇ। ਨਵਾਂਸ਼ਹਿਰ ਵਿਖੇ ਇਕ ਬਾਗਬਾਨੀ ਖੋਜ ਕੇਂਦਰ ਦੀ ਸਥਾਪਨਾ ਦਾ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵਿਭਿੰਨਤਾ ਪੱਖੋਂ ਸੇਬ ਦੀ ਫਸਲ ਉਤੇ ਵੀ ਖੋਜ ਕੀਤੇ ਜਾਣ ਉਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਹੁਣ ਛੋਟੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਆਪਣੇ ਖੇਤਾਂ ਦੁਆਲੇ ਕੀਤੀ ਜਾਂਦੀ ਤਾਰਬੰਦੀ ਲਈ ਸਬਸਿਡੀ ਦੀ ਰਾਸ਼ੀ 60 ਫੀਸਦੀ ਤੋਂ ਵਧਾ ਕੇ 90 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਪੰਜ ਬਾਗਬਾਨੀ ਅਸਟੇਟ ਵੀ ਸਥਾਪਤ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਮੱਦਦ ਮਿਲ ਸਕੇ। ਸੂਬਾ ਸਰਕਾਰ ਵੱਲੋਂ ਮੰਡੀਆਂ ਦੇ ਬੁਨਿਆਦੀ ਢਾਂਚੇ ਅਤੇ ਪ੍ਰੋਸੈਸਿੰਗ ਸੁਵਿਧਾਵਾਂ ਨੂੰ ਹੋਰ ਸੁਧਾਰਨ ਲਈ ਦੋ ਨਵੇਂ ਮੈਗਾ ਫੂਡ ਪਾਰਕ ਸਥਾਪਤ ਕੀਤੇ ਗਏ ਅਤੇ ਇਸ ਤੋਂ ਇਲਾਵਾ ਖੇਤੀਬਾੜੀ ਮੰਡੀਕਰਨ ਨਵਾਂ ਉਦਮ, ਖੋਜ ਅਤੇ ਚੌਕਸੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਉਤਪਾਦਨ ਵਿੱਚ ਮੱਦਦ ਮਿਲ ਸਕੇ ਅਤੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੰਗ ਅਤੇ ਕੀਮਤਾਂ ਨੂੰ ਵੇਖਦੇ ਹੋਏ ਬਜ਼ਾਰੀ ਯੋਜਨਾਬੰਦੀ ਦੀ ਵਿਉਂਤ ਬਣਾਈ ਜਾ ਸਕੇ। ਹੋਰ ਮਾਮਲਿਆਂ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਸੂਬਾ ਸਰਕਾਰ ਦੀਆਂ ਨਿਵੇਸ਼ਕਾਂ ਅਤੇ ਉਦਯੋਗ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਦੋਂ ਕਿ ਨੌਜਵਾਨਾਂ ਨੂੰ 20 ਲੱਖ ਨੌਕਰੀਆਂ ਹਾਸਲ ਹੋਈਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ ਬੇਜ਼ਮੀਨੇ ਕਾਸ਼ਤਕਾਰਾਂ ਅਤੇ ਖੇਤੀ ਕਾਮਿਆਂ ਲਈ ਲਿਆਂਦੀ ਕਰਜ਼ਾ ਮੁਆਫੀ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 31,066 ਲਾਭਪਾਤਰੀਆਂ ਵਿੱਚੋਂ 25 ਨੂੰ ਸੰਕੇਤਕ ਤੌਰ 'ਤੇ ਕਰਜ਼ਾ ਮੁਆਫੀ ਦੇ ਚੈਕ ਵੰਡੇ। ਜ਼ਿਲੇ ਦੇ ਕੁੱਲ ਲਾਭਪਾਤਰੀਆਂ ਦਾ ਕੁੱਲ 64.61 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਦੀ ਤਾਰੀਫ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦਾ ਦਿਹਾਤੀ ਵਿਕਾਸ ਫੰਡ (ਆਰ.ਡੀ.ਐਫ.) ਅਤੇ ਜੀ.ਐਸ.ਟੀ. ਮੁਆਵਜ਼ਾ ਰੋਕ ਕੇ ਸੂਬੇ ਦੇ ਵਿਕਾਸ ਦੀ ਬੇੜੀ ਵਿੱਚ ਵੱਟੇ ਪਾਏ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਸੂਬੇ ਦੀ ਅਗਵਾਈ ਕੀਤੀ ਹੈ ਅਤੇ ਖਾਸ ਕਰਕੇ ਕੋਵਿਡ-19 ਦੇ ਦਿਨਾਂ ਦੌਰਾਨ ਉਨ੍ਹਾਂ ਦੀ ਅਗਵਾਈ ਸ਼ਲਾਘਾਯੋਗ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਹੱਦੀ ਖੇਤਰ ਵਿਖੇ ਪਾਕਿਸਤਾਨ ਵੱਲੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਅਤੇ ਇਨ੍ਹਾਂ ਇਲਾਕਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਵੱਡੇ ਉਪਰਾਲੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਕੰਢੀ ਕੈਨਾਲ ਦੇ ਦੂਜੇ ਫੇਜ਼ ਦੀ ਮੁੜ ਉਸਾਰੀ ਅਤੇ ਮੁੜ ਵਿਉਂਤਬੰਦੀ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਇਕ ਵੁੱਡ ਪਾਰਕ ਅਤੇ ਕੌਫੀ ਪਲਾਂਟੇਸ਼ਨ ਦੀਆਂ ਸੰਭਾਵਨਾਵਾਂ ਵੀ ਤਲਾਸ਼ ਕੀਤੀਆਂ ਜਾਣ।
ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਮਸੀਹਾ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਦਿਲ ਵਿੱਚ ਕਿਸਾਨੀ ਪ੍ਰਤੀ ਦਰਦ ਹੈ ਜੋ ਕਿ ਇਸੇ ਗੱਲ ਤੋਂ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੀ ਸਨ ਜਿਨ੍ਹਾਂ ਨੇ ਬੀ.ਟੀ. ਕਾਟਨ ਦੇ ਬੀਜ ਲਿਆ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦਾ ਹੰਭਲਾ ਮਾਰਿਆ ਸੀ।
ਇਸ ਮੌਕੇ ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਮੁੱਖ ਮੰਤਰੀ ਦਾ ਇਸ ਕੰਢੀ ਖੇਤਰ ਨੂੰ ਕਾਲਜ ਰੂਪੀ ਤੋਹਫਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਖੇਤਰ ਦੇ ਹੋਰ ਵਿਕਾਸ ਕੰਮਾਂ ਲਈ ਕਦੇ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਕੀਤੇ ਅਥਾਹ ਕੰਮਾਂ ਦੇ ਵੇਰਵਾ ਦਿੰਦਿਆਂ ਉਨ੍ਹਾਂ ਇਹ ਗੱਲ ਦ੍ਰਿੜ ਇਰਾਦੇ ਨਾਲ ਕਹੀ ਕਿ 2022 ਵਿੱਚ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੁੜ ਸਰਕਾਰ ਬਣਾਏਗੀ।
ਵਧੀਕ ਮੁੱਖ ਸਕੱਤਰ ਵਿਕਾਸ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਨਿਰੁੱਧ ਤਿਵਾੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਲੋਵਾਲ ਸੌਂਖੜੀ ਦਾ ਖੇਤਰੀ ਖੋਜ ਕੇਂਦਰ ਕਈ ਫਸਲਾਂ ਜਿਵੇਂ ਕਿ ਮੱਕੀ, ਕਣਕ ਅਤੇ ਤੇਲ ਬੀਜ ਦੀਆਂ 35 ਕਿਸਮਾਂ ਅਤੇ ਆਮਲਾ, ਅਮਰੂਦ ਅਤੇ ਨਾਸ਼ਪਾਤੀ ਵਰਗੇ ਫਲਾਂ ਦੀਆਂ ਕਈ ਕਿਸਮਾਂ ਸਬੰਧੀ ਸ਼ਲਾਘਾਯੋਗ ਖੋਜ ਕਾਰਜ ਕਰ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਰਜਿੰਦਰ ਸਿੰਘ ਨੇ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਅੰਗਦ ਸਿੰਘ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡੀ. ਆਈ. ਜੀ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਡਾਇਰੈਕਟਰ ਡਾ. ਮਨਮੋਹਣਜੀਤ ਸਿੰਘ ਵੀ ਹਾਜ਼ਰ ਸਨ।