Fwd: ਸਿਹਤ ਵਿਭਾਗ 'ਚ ਚੰਗੀ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨ

ਸਿਹਤ ਵਿਭਾਗ 'ਚ ਚੰਗੀ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨ
-ਐਸ.ਐਮ.ਓ. ਤ੍ਰਿਪੜੀ ਤੇ ਕੌਲੀ ਸਮੇਤ ਤਿੰਨ ਆਸ਼ਾ ਵਰਕਰ ਸਨਮਾਨਤ
ਪਟਿਆਲਾ, 8 ਨਵੰਬਰ:ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਿਹਤ ਵਿਭਾਗ ਦੇ ਕੰਮ ਕਾਜ ਦਾ ਜਾਇਜ਼ਾ ਲੈਦਿਆਂ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੌਹਲ ਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਵੀ ਮੌਜੂਦ ਸਨ।
ਐਸ.ਐਮ.ਓ. ਤ੍ਰਿਪੜੀ ਡਾ. ਸੰਜੀਵ ਅਰੋੜਾ ਨੂੰ ਆਮ ਆਦਮੀ ਕਲੀਨਿਕ ਵਿੱਚ ਵਧੀਆਂ ਕਾਰਗੁਜ਼ਾਰੀ ਅਤੇ ਐਸ.ਐਮ.ਓ. ਕੌਲੀ ਡਾ. ਗੁਰਪ੍ਰੀਤ ਨਾਗਰਾ ਨੂੰ ਆਰ.ਸੀ.ਐਚ. ਸਾਫਟਵੇਅਰ ਦੀ ਵਰਤੋਂ ਕਰਕੇ ਮਰੀਜ਼ਾਂ ਨੂੰ ਟਰੈਕ ਕਰਨ ਵਿੱਚ ਕੀਤੀ ਗਈ ਕਾਰਵਾਈ ਲਈ ਜ਼ਿਲ੍ਹੇ ਦੇ ਬੈਸਟ ਐਸ.ਐਮ.ਓ. ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਜ਼ਿਲ੍ਹੇ ਦੀਆਂ ਤਿੰਨ ਆਸ਼ਾ ਵਰਕਰਾਂ ਰਾਜਪੁਰਾ ਦੀ ਕੁਲਵਿੰਦਰ ਕੌਰ, ਸਮਾਣਾ ਦੀ ਸੁਖਵਿੰਦਰ ਕੌਰ ਅਤੇ ਪਟਿਆਲਾ ਦੀ ਪਰਵਿੰਦਰ ਕੌਰ ਨੂੰ ਵਧੀਆਂ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਿਹਤ ਵਿਭਾਗ ਨਾਲ ਹਰੇਕ ਵਿਅਕਤੀ ਦਾ ਸਿੱਧਾ ਰਾਬਤਾ ਰਹਿੰਦਾ ਹੈ ਤੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਿਹਤ ਵਿਭਾਗ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰੇ। ਉਨ੍ਹਾਂ ਚੰਗੀ ਕਾਰਗੁਜ਼ਾਰੀ ਵਾਲਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਸਨਮਾਨ ਹੋਰਨਾਂ ਮੁਲਾਜ਼ਮਾ ਨੂੰ ਵੀ ਉਤਸਾਹਤ ਕਰੇਗਾ।
ਕੈਪਸ਼ਨ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਸ਼ਾ ਵਰਕਰਾਂ ਨੂੰ ਸਨਮਾਨਿਤ ਕਰਦੇ ਹੋਏ।