ਅਵੈਧ ਮਾਈਨਿੰਗ ਰੋਕਣ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਨਵਾਂਸ਼ਹਿਰ, 24 ਨਵੰਬਰ- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ੁੱਕਰਵਾਰ
ਨੂੰ ਸਤਲੁਜ ਦਰਿਆ ਵਿੱਚ ਅਚਨਚੇਤ ਚੈਕਿੰਗ ਕੀਤੀ ਅਤੇ ਨਜ਼ਾਇਜ ਮਾਈਨਿੰਗ ਨੂੰ ਰੋਕਣ
ਸਬੰਧੀ ਸਬੰਧਤ ਅਧਿਕਾਰੀਆਂ ਨੂੰ
ਨਿਰਦੇਸ਼ ਦਿੱਤੇ। ਇਸ ਮੌਕੇ 'ਤੇ ਐਸ.ਡੀ.ਐਮ. ਨਵਾਂਸ਼ਹਿਰ ਸ਼ਿਵਰਾਜ ਸਿੰਘ ਬੱਲ ਵੀ ਉਨ੍ਹਾਂ ਨਾਲ
ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦਰਿਆ 'ਚ ਅਵੈਧ ਮਾਈਨਿੰਗ ਸਬੰਧੀ ਸੂਚਨਾਵਾਂ
ਮਿਲ ਰਾਹੀਆਂ ਸਨ। ਇਸ ਸਬੰਧੀ ਅੱਜ ਸਤਲੁਜ ਦਰਿਆ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਵੀ ਦੋ ਵਾਰੀ ਚੈਕਿੰਗ ਕੀਤੀ ਗਈ ਸੀ ਅਤੇ ਸਮਾਲ
ਅਪਰੇਟਰਾਂ ਵੱਲੋਂ ਇੱਥੇ ਨਜਾਇਜ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ 'ਤੇ ਪੋਕਲੈਨ ਕਬਜੇ ਵਿੱਚ
ਲੈ ਕੇ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਚੈਕਿੰਗ ਦੌਰਾਨ ਮਾਈਨਿੰਗ ਵਾਲੀ
ਜਗ੍ਹਾਂ 'ਤੇ ਖੱਡੇ ਪੁੱਟ ਕੇ ਅਵੈਧ ਮਾਈਨਿੰਗ ਕੀਤੀ ਗਈ ਹੈ ਜੋ ਕਿ ਸਮਾਲ ਅਪਰੇਟਰ ਟਰੈਕਟਰ
ਟਰਾਲੀਆਂ ਰਾਹੀਂ ਕੀਤੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਵਿਭਾਗ ਅਤੇ ਪੁਲਿਸ
ਅਧਿਕਾਰੀਆਂ ਨੂੰ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਜ਼ਾਇਜ ਮਾਈਨਿੰਗ ਨੂੰ
ਰੋਕਣ ਲਈ ਪੁਖਤਾ ਪ੍ਰਬੰਧਕ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਦਰਿਆ 'ਤੇ
ਪੈਟਰੋਲਿੰਗ ਪਾਰਟੀਆਂ ਵੱਲੋਂ ਪੈਟਰੋਲਿੰਗ ਕੀਤੀ ਜਾਂਦੀ ਹੈ ਪਰ ਦਰਿਆ ਦਾ ਏਰੀਆ 50-60
ਕਿਲੋਮੀਟਰ ਦਾ ਹੈ ਅਤੇ ਦਰਿਆ ਵਿੱਚ ਕਿਤੋਂ ਵੀ ਐਂਟਰੀ ਹੋ ਸਕਦੀ ਹੈ। ਦਰਿਆ ਨੂੰ ਲਗਭਗ 30
ਸੜਕਾਂ ਲੱਗਦੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਲਿਸੀ ਅਨੁਸਾਰ ਅਚਨਚੇਤ ਚੈਕਿੰਗ
ਕੀਤੀਆਂ ਜਾਂਦੀਆਂ ਹਨ ਪਰ ਫਿਰ ਵੀ ਮਾਈਨਿੰਗ ਕਰਨ ਵਾਲੇ ਕਿਸੇ ਨਾ ਕਿਸੇ ਤਰੀਕੇ ਮਾਈਨਿੰਗ ਕਰ
ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਜ਼ਾਇਜ ਮਾਈਨਿੰਗ ਨੂੰ ਰੋਕਣ ਲਈ ਪ੍ਰਸ਼ਾਸਨ ਪੂਰੀ ਨਾਲ ਸਖਤ ਹੈ।
ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਕਿ ਕੁਝ ਪਿੰਡਾਂ ਦੇ ਲੋਕ ਆਪਣੇ ਵਾਸਤੇ ਦਰਿਆ
ਵਿਚੋਂ ਰੇਤਾ ਦੀਆਂ ਟਰਾਲੀਆਂ ਭਰ ਲੈਂਦੇ ਹਨ ਜੋ ਕਿ ਕਾਨੂੰਨੀ ਤੌਰ 'ਤੇ ਗਲਤ ਹੈ, ਉਨ੍ਹਾਂ
ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਖੱਡਾਂ ਵਿਚੋਂ ਹੀ ਰੇਤਾ ਲੈਣੀ ਚਾਹੀਦੀ ਹੈ।
ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਨੇ ਦਰਿਆ 'ਤੇ ਹੜ੍ਹਾਂ ਦੌਰਾਨ ਪਹਿਲਾਂ ਤੋਂ
ਬਣਾਏ ਗਏ ਬੰਨ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ ਅਤੇ ਪਿੰਡ ਵਾਸੀਆਂ ਨੂੰ ਸਮੇਂ-ਸਮੇਂ 'ਤੇ ਇਸ
ਦੀ ਮਜਬੂਤੀ ਦਾ ਧਿਆਨ ਰੱਖਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਬੰਨ ਦੀ ਮਜਬੂਤੀ ਖਰਾਬ
ਹੋਣ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਵੇ ਤਾਂ ਤੁਰੰਤ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ
ਦਿੱਤੀ ਜਾਵੇ।