ਖੇਤੀਬਾੜੀ ਵਿਭਾਗ ਨਵਾਂਸ਼ਹਿਰ ਨੇ ਪਰਾਲੀ ਨੂੰ ਅੱਗ ਨਾ ਲਗਾਉਣੇ ਵਾਲੇ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਨਵਾਂਸ਼ਹਿਰ, 23 ਨਵੰਬਰ :-      ਖੇਤੀਬਾੜੀ ਵਿਭਾਗ ਨਵਾਂਸ਼ਹਿਰ ਵਲੋਂ ਡਾ. ਗੁਰਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਾਜ ਕੁਮਾਰ ਦੀ ਯੋਗ ਅਗਵਾਈ ਹੇਠ ਬਲਾਕ ਖੇਤੀਬਾੜੀ ਦਫਤਰ ਨਵਾਂਸ਼ਹਿਰ ਵਿਖੇ ਕਿਸਾਨ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਜਿਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਪਰਾਲੀ ਦੀ ਸਾਂਭ ਸੰਭਾਲ ਕਰਕੇ ਕਣਕ ਦੀ ਬਿਜਾਈ ਕੀਤੀ, ਉਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ।

          ਸਮਾਰੋਹ ਦੌਰਾਨ ਡਾ. ਰਾਜ ਕੁਮਾਰ ਨੇ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਾ ਲਗਾਉਣ ਸੰਬੰਧੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਵਿੱਚ ਅਕਤੂਬਰ-ਨਵੰਬਰ ਮਹੀਨੇ ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਪੈਦਾ ਹੋਇਆ ਧੂੰਆਂ ਅਤੇ ਕਾਰਬਨ ਦੇ ਅੱਧ ਜਲੇ ਬਰੀਕ ਕਣ, ਵਾਤਾਵਰਨ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ, ਜਿਸ ਕਰਕੇ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਆਵਾਜਾਈ ਦੌਰਾਨ ਦੁਰਘਟਨਾਵਾਂ ਵੀ ਹੁੰਦੀਆਂ ਹਨ। ਉਨਾਂ ਕਿਹਾ ਕਿ ਇੱਕ ਟਨ ਪਰਾਲੀ ਸਾੜਨ ਨਾਲ 60 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ, 199 ਕਿਲੋਗ੍ਰਾਮ ਸਵਾਹ ਅਤੇ 2 ਕਿਲੋਗ੍ਰਾਮ ਸਲਫਰ ਡਾਈਆਕਸਾਈਡ ਵਰਗੀਆਂ ਜਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਜਮੀਨ ਵਿੱਚ ਮੌਜੂਦ ਸੂਖਮ ਜੀਵਾਣੂ ਪਰਾਲੀ ਸਾੜਨ ਨਾਲ ਪੈਦਾ ਹੁੰਦੀ ਗਰਮੀ ਨਾਲ ਮਰ ਜਾਂਦੇ ਹਨ ਅਤੇ ਜਮੀਨ ਦੀ ਭੌਤਿਕ ਬਣਤਰ ਖਰਾਬ ਹੋ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਬਲਕਿ ਇਸ ਦੀ ਸਾਂਭ ਸੰਭਾਲ ਕਰਕੇ ਪਸ਼ੂਆਂ ਲਈ ਵਰਤੀ ਜਾਵੇ।

          ਇਸ ਮੌਕੇ ਡਾ. ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨਵਾਂਸ਼ਹਿਰ  ਨੇ ਦੱਸਿਆ ਕਿ ਕੌਮੀ ਗ੍ਰੀਨ ਟ੍ਰਿਬਿਊਨਲ ਵਲੋਂ ਵਾਤਾਵਰਣ ਤੇ ਮਨੁੱਖੀ ਸਿਹਤ ਨੂੰ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਨਾਲ ਹੁੰਦੇ ਨੁਕਸਾਨ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। ਇਸ ਕਰਕੇ ਇਸ ਸੰਸਥਾ ਵਲੋਂ ਖੇਤਾਂ ਵਿੱਚ ਪਰਾਲੀ ਸਾੜਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਬਿਨਾ ਜਲਾਏ ਅਤੇ ਖੇਤ ਨੂੰ ਬਿਨਾ ਵਾਹੇ ਕਣਕ ਦੀ ਸੁਪਰਸੀਡਰ ਮਸ਼ੀਨ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਉਹਨਾਂ ਨੇ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਅਤੇ ਸੰਦਾਂ ਦੀ ਵਰਤੋਂ ਅਤੇ ਸਾਂਭ ਸੰਭਾਲ ਸੰਬੰਧੀ ਵੀ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਕਮਲਦੀਪ ਸਿੰਘ ਸੰਘਾ ਪੀ.ਡੀ ਆਤਮਾ ਨੇ ਕਿਸਾਨਾਂ ਨੂੰ ਸਬਜੀਆਂ ਦੀ ਘਰੇਲੂ ਬਗੀਚੀ ਲਗਾਉਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਸਰਬਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ, ਡਾ. ਪਰਮਵੀਰ ਕੌਰ ਡੀ.ਪੀ.ਡੀ ਆਤਮਾ, ਜਸਵਿੰਦਰ ਕੌਰ ਏ.ਟੀ.ਐਮ, ਸ੍ਰੀਮਤੀ ਕ੍ਰਿਸ਼ਨਾ ਦੇਵੀ ਅਗਾਂਹ ਵਧੂ ਕਿਸਾਨ ਸ੍ਰੀ ਹਰਮੀਤ ਸਿੰਘ ਗੁੱਜਰਪੁਰ ਕਲਾਂ, ਸੰਦੀਪ ਸਿੰਘ ਭੰਗਲ ਕਲਾਂ, ਓਮ ਲਾਲ ਸ਼ਮਸਪੁਰ, ਰਣਜੀਤ ਸਿੰਘ ਅਮਰਗੜ, ਸੋਮਨਾਥ ਹੁਸੈਨਪੁਰ, ਜਗਜੀਤ ਸਿੰਘ ਬਰਨਾਲਾ ਕਲਾਂ, ਚਰਨਜੀਤ ਸਿੰਘ ਹਿਆਲਾ, ਕੁਲਵੀਰ ਸਿੰਘ  ਹੰਸਰੋਂ, ਗੁਰਦੀਪ ਸਿੰਘ ਸਜਾਵਲਪੁਰ,ਪਰਮਜੀਤ ਸਿੰਘ ਉਟਾਲ ਆਦਿ ਹਾਜਰ ਸਨ।