ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਕਿਸਾਨਾਂ ਨੂੰ ਤੁਰੰਤ ਛਿੜਕਾਅ ਕਰਨ ਦੀ ਸਲਾਹ – ਡਾ. ਗਿੱਲ

ਨਵਾਂਸ਼ਹਿਰ, 30 ਨਵੰਬਰ:- ਆਲੂਆਂ ਦੀ ਫਸਲ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਹਿਮ
ਸਥਾਨ ਰੱਖਦਾ ਹੈ।
ਮੌਸਮ ਦੇ ਮਿਜਾਜ ਨੂੰ ਦੇਖਦੇ ਹੋਏ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਵਿੱਖ ਵਿੱਚ ਪਿਛੇਤਾ ਝੁਲਸ
ਰੋਗ ਆਉਣ ਦੀ ਸੰਭਾਵਨਾ ਹੈ ਕਿਉਂਕਿ ਨਵੰਬਰ ਮਹੀਨੇ ਦੌਰਾਨ ਬੱਦਲਵਾਈ ਅਤੇ ਹਲਕੀ ਬਾਰਸ਼ ਹੋਣ
ਕਰਕੇ ਆਲੂਆਂ ਦੀ ਫਸਲ ਤੇ ਝੁਲਸ ਰੋਗ ਲਈ ਤਾਪਮਾਨ ਬੜਾ ਢੁੱਕਵਾਂ ਹੋ ਗਿਆ ਹੈ। ਇਹ ਵਿਚਾਰ
ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਡਾ. ਦਲਜੀਤ ਸਿੰਘ ਗਿੱਲ ਅਤੇ ਸਟੇਟ ਨੋਡਲ
ਅਫਸਰ (ਆਲੂ) ਡਾ. ਪਰਮਜੀਤ ਸਿੰਘ ਨੇ ਜ਼ਿਲ੍ਹੇ ਅੰਦਰ ਆਲੂਆ ਦੀਆਂ ਵੱਖ-ਵੱਖ ਫਸਲ ਦਾ ਨਿਰੀਖਣ
ਕਰਨ ਉਪਰੰਤ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਲੂਆਂ ਦੀ ਕਿਸਮ ਕੁਫਰੀ ਪੁਖਰਾਜ ਅਤੇ ਕੁਫਰੀ
ਚੰਦਰਮੁਖੀ ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਜਿਹਨਾਂ ਕਿਸਾਨ ਵੀਰਾਂ ਨੇ ਆਲੂ ਦੀ ਫਸਲ ਚ ਅਜੇ
ਤੱਕ ਉੱਲੀਨਾਸ਼ਕ ਦਵਾਈ ਦਾ ਛਿੜਕਾਅ ਨਹੀਂ ਕੀਤਾ ਅਤੇ ਜਿਹਨਾਂ ਦੀ ਫਸਲ ਚ ਅਜੇ ਤੱਕ ਪਿਛੇਤਾ
ਝੁਲਸ ਰੋਗ ਦੀ ਬਿਮਾਰੀ ਨਹੀਂ ਹੈ ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ
ਉਹ ਆਲੂ ਦੀ ਫਸਲ ਨੂੰ ਐਂਟਰਾਕੋਲ / ਇਡੋਫਿਲ ਐਮ-45 / ਕਵਚ ਆਦਿ ਦਵਾਈਆਂ ਨੂੰ 500 ਤੋਂ 700
ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ ਪਾਣੀ ਵਿਚ ਘੋਲ ਕੇ ਹਫਤੇ ਦੇ ਵਕਫੇ ਤੇ
ਸਪਰੇ ਕਰਨ । ਜਿਹਨਾਂ ਖੇਤਾਂ ਵਿਚ ਇਹ ਬਿਮਾਰੀ ਆ ਚੁੱਕੀ ਹੈ ਉਥੇ ਕਿਸਾਨਾਂ ਨੂੰ ਰਿਡੋਮਿਲ
ਗੋਲਡ/ਸੈਕਟਿਨ 60 ਡਬਲਯੂ ਜੀ / ਕਾਰਜੈਟ ਐੱਮ-8, 700 ਗ੍ਰਾਮ ਜਾਂ ਰੀਵਸ 250 ਐੱਸ ਸੀ 250
ਮਿਲੀ ਲੀਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ
ਪਾਣੀ ਵਿਚ ਘੋਲ ਕੇ 10 ਦਿਨਾਂ ਦੇ ਵਕਫੇ ਤੇ ਸਪਰੇ ਕਰਨ ਦੀ ਲੋੜ ਹੈ। ਕਿਸਾਨ ਵੀਰਾਂ ਨੂੰ ਇਸ
ਗੱਲ ਦਾ ਖਿਆਲ ਵੀ ਰੱਖਣਾ ਪਏਗਾ ਕਿ ਇੱਕ ਹੀ ਉੱਲੀਨਾਸ਼ਕ ਦਾ ਵਾਰ ਵਾਰ ਛਿੜਕਾਅ ਨਾ ਕਰਨ ਸਗੋਂ
ਦਵਾਈ ਬਦਲ ਕੇ ਸਪਰੇ ਕਰਨ।