ਲੋਕਾਂ ਨੂੰ ਹਰ ਪੱਧਰ 'ਤੇ ਮਿਆਰੀ ਆਯੂਰਵੈਦ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮਾਰਿਆ ਜਾਵੇਗਾ ਹਰ ਹੰਭਲਾ : ਡਿਪਟੀ ਕਮਿਸ਼ਨਰ

ਹੈਲਥ ਐਂਡ ਵੈੱਲਨੈੱਸ ਸੈਂਟਰ ਵਿੱਚ ਵਿਸ਼ਵ ਆਯੂਰਵੈਦਿਕ ਦਿਵਸ ਮਨਾਇਆ
ਨਵਾਂਸ਼ਹਿਰ, 10 ਨਵੰਬਰ : ਜ਼ਿਲ੍ਹੇ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰ ਕਮਾਮ
ਨਜ਼ਦੀਕ ਸਥਿਤ ਜੰਝ ਘਰ
ਵਿੱਚ ਵਿਸ਼ਵ ਆਯੂਰਵੈਦਿਕ ਦਿਵਸ ਮਨਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਨਵਜੋਤ
ਪਾਲ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਇੰਚਾਰਜ ਕੁਲਜੀਤ ਸਰਹਾਲ ਨੇ ਸਾਂਝੇ
ਤੌਰ 'ਤੇ ਸ਼ਮਾ ਰੋਸ਼ਨ ਕਰਕੇ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਗੁੱਡ ਗਵਰਨੈਂਸ ਫੈਲੋ ਸੰਜਨਾ ਸਕਸੈਨਾ ਸਮੇਤ
ਹੋਰਨਾਂ ਆਈਆਂ ਹੋਈਆਂ ਪ੍ਰਮੁੱਖ ਹਸਤੀਆਂ ਨੂੰ ਆਂਵਲਾ ਅਤੇ ਗਲੋਏ ਦਾ ਜੂਸ ਵੀ ਪਿਲਾਇਆ ਗਿਆ, ਜੋ
ਕਿ ਆਯੂਰਵੈਦਿਕ ਦ੍ਰਿਸ਼ਟੀ ਤੋਂ ਤੰਦਰੁਸਤ ਸਿਹਤ ਲਈ ਬਹੁਤ ਮਹੱਤਵਪੂਰਨ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ
ਕਰਦਿਆਂ ਦੱਸਿਆ ਕਿ ਆਯੂਰਵੇਦ ਭਾਰਤ ਦੀ ਪ੍ਰਾਚੀਨ ਸਿਹਤ ਸੰਭਾਲ ਪ੍ਰਣਾਲੀ ਹੈ ਜੋ ਕਿ ਬਿਮਾਰੀਆਂ
ਨੂੰ ਜੜ੍ਹੋਂ ਖ਼ਤਮ ਕਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿਚ
ਪ੍ਰਾਚੀਨਕਾਲ ਤੋਂ ਹੀ ਆਯੂਰਵੈਦਿਕ ਵਿਧੀ ਨਾਲ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ
ਆਯੂਰਵੈਦਿਕ ਦਵਾਈਆਂ ਦੀ ਕਿਸੇ ਵੀ ਤਰ੍ਹਾਂ ਦੇ ਮਾੜੇ ਪ੍ਰਭਾਵ ਨਾ ਹੋਣ ਕਾਰਨ ਹੁਣ ਵਿਸ਼ਵ ਪੱਧਰ
'ਤੇ ਇਸ ਵਿਧੀ ਨਾਲ ਹੋਣ ਵਾਲੇ ਇਲਾਜ ਵੱਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ। ਇਸ ਲਈ ਜ਼ਿਲ੍ਹਾ
ਪ੍ਰਸ਼ਾਸਨ ਲੋਕਾਂ ਨੂੰ ਹਰ ਪੱਧਰ 'ਤੇ ਮਿਆਰੀ ਆਯੂਰਵੈਦ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ
ਹਰ ਹੰਭਲਾ ਮਾਰਿਆ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਨੇ ਸੰਬੋਧਨ
ਕਰਦਿਆਂ ਕਿਹਾ ਕਿ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਵਿੱਚ ਅਸੀਂ ਆਯੂਰਵੈਦਿਕ ਵਿਧੀ
ਰਾਹੀਂ ਲੋਕਾਂ ਨੂੰ ਨਿਰੋਗ ਜੀਵਨ ਜਿਊਣ ਵਿੱਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਯੂਰਵੈਦ ਇਲਾਜ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ


ਇਸ ਦੌਰਾਨ ਆਯੂਰਵੈਦਿਕ ਮੈਡੀਕਲ ਅਫਸਰ : ਡਾ. ਅਮਰਪ੍ਰੀਤ ਕੌਰ ਢਿੱਲੋਂ ਨੇ ਵੀ ਸੰਬੋਧਨ
ਕੀਤਾ ਅਤੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ
ਸਮੇਤ ਸਮੂਹ ਜ਼ਿਲ੍ਹਾ ਅਧਿਕਾਰੀਆਂ ਅਤੇ ਪ੍ਰਮੁੱਖ ਹਸਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।



ਅੰਤ ਵਿੱਚ ਵਾਤਾਵਰਨ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਆਮ ਲੋਕਾਂ ਨੂੰ 200 ਆਯੂਰਵੈਦਿਕ
ਮਹੱਤਤਾ ਵਾਲੇ ਪੌਦੇ ਵੀ ਵੰਡੇ ਗਏ। ਇਸ ਦੌਰਾਨ ਹਰਬਲ ਅਤੇ ਆਯੂਰਵੈਦਿਕ ਜੜੀਆਂ-ਬੂਟੀਆਂ ਵੀ
ਪ੍ਰਦਰਸ਼ਿਤ ਕੀਤੀਆਂ ਗਈਆਂ ਅਤੇ ਇਨ੍ਹਾਂ ਰਾਹੀਂ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਦੀ
ਜਾਣਕਾਰੀ ਦਿੱਤੀ ਗਈ, ਤਾਂ ਜੋ ਇਨ੍ਹਾਂ ਦੀ ਵਰਤੋਂ ਨਾਲ ਲੋਕ ਤੰਦਰੁਸਤ ਰਹਿ ਸਕਦੇ ਹਨ‌।

ਇਸ ਸਮਾਗਮ ਵਿੱਚ ਵੁਸ਼ੂ ਦੇ ਨੈਸ਼ਨਲ ਚੈਂਪੀਅਨ ਮਨਜੋਤ ਲੌਂਗੀਆ, ਰਾਹੋਂ ਐੱਮ ਸੀ ਮਨਦੀਪ ਚਾਹਲ,
ਜੈਸਮੀਨ ਕਜਲਾ, ਜਸਵਿੰਦਰ ਕੌਰ, ਮਧੂ ਰਾਣੀ, ਸਤਿੰਦਰ ਸਿੰਘ ਕਾਹਲੋਂ, ਗੁਰਪ੍ਰੀਤ ਕੌਰ,
ਇੰਦਰਜੀਤ ਕੌਰ, ਸੰਤੋਸ਼ ਰਾਣੀ, ਰਾਜ ਕੁਮਾਰ, ਰਜਿੰਦਰ ਸੈਣੀ, ਜੈਪਾਲ ਵਾਲੀਆ, ਵਿਨੋਦ ਭਾਰਦਵਾਜ
ਅਤੇ ਪਿੰਡ ਕਮਾਮ ਦੇ ਸਰਪੰਚ ਮਨੋਹਰ ਲਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।