ਡਿਪਟੀ ਕਮਿਸ਼ਨਰ ਨੇ ਉਦਘਾਟਨ ਕਰਕੇ ਬੱਚਿਆਂ ਦਾ ਵਧਾਇਆ ਹੌਸਲਾ
ਹੁਸ਼ਿਆਰਪੁਰ, 9 ਨਵੰਬਰ : ਸਮੱਗਰ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ
ਵਿਚ ਚਲਾਏ ਜਾ ਰਹੇ ਰਿਸੋਰਸ
ਸੈਂਟਰ ਦੇ ਦਿਵਿਆਂਗ ਬੱਚਿਆਂ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਸੰਜੀਵ ਗੌਤਮ
ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸੇਵਾ ਕੇਂਦਰ ਦੇ ਬਾਹਰ ਦੀਵਾਲੀ
ਸਬੰਧੀ ਵਸਤਾਂ ਦੀ ਪ੍ਰਦਰਸ਼ਨੀ-ਕਮ-ਸੇਲ ਲਗਾਈ ਗਈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ
ਕੋਮਲ ਮਿੱਤਲ ਨੇ ਕੀਤਾ। ਇਸ ਮੌਕੇ ਸੇਵਾ ਕੇਂਦਰ ਵਿਚ ਆਏ ਲੋਕਾਂ ਨੇ ਵੀ ਬੱਚਿਆਂ ਦੇ
ਹੁਨਰ ਦੀ ਸ਼ਲਾਘਾ
ਕੀਤੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਦੀਵੇ ਅਤੇ ਹੋਰ ਸਾਮਾਨ ਖਰੀਦ ਕੇ ਉਨ੍ਹਾਂ
ਦੀ ਹੌਸਲਾ ਅਫਜ਼ਾਈ ਕੀਤੀ।
ਖਰੀਦਦਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ
ਦਿੰਦਿਆਂ ਕਿਹਾ ਕਿ ਸੁਸਾਇਟੀ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ
ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਟਾਲ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ
ਉਜਾਗਰ ਕਰਨ ਲਈ ਲਗਾਇਆ ਗਿਆ ਹੈ ਤਾਂ ਜੋ ਭਵਿੱਖ ਵਿਚ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ
ਸਕਣ। ਉਨ੍ਹਾਂ ਬੱਚਿਆਂ ਵੱਲੋਂ
ਬਣਾਏ ਦੀਵਿਆਂ ਅਤੇ ਸਜਾਵਟੀ ਵਸਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ
ਇਨ੍ਹਾਂ ਬੱਚਿਆਂ ਵੱਲੋਂ ਬਣਾਏ ਦੀਵਿਆਂ ਨੂੰ ਖਰੀਦ ਕੇ ਉਨ੍ਹਾਂ ਦਾ ਮਨੋਬਲ ਵਧਾਉਣਾ
ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਇਨ੍ਹਾਂ ਬੱਚਿਆਂ ਨੂੰ ਸਮਾਜ ਦੀ
ਮੁੱਖ ਧਾਰਾ ਨਾਲ ਜੋੜਨ ਲਈ ਪਿਆਰ ਤੇ ਉਤਸ਼ਾਹ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ
ਸਮਾਜ ਦਾ ਅਹਿਮ ਅੰਗ ਹਨ ਅਤੇ ਇਨ੍ਹਾਂ ਦੀ ਬਿਹਤਰੀ ਲਈ ਉਪਰਾਲੇ ਕਰਨਾ ਸਾਡੀ ਸਾਰਿਆਂ ਦੀ
ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ
ਹੋਰ ਉਤਸ਼ਾਹ ਦੀ ਲੋੜ ਹੈ, ਇਸ ਲਈ ਇਨ੍ਹਾਂ ਦੀ ਕਲਾ ਨੂੰ ਵੱਧ ਤੋਂ ਵੱਧ ਉਜਾਗਰ ਕੀਤਾ
ਜਾਵੇ। ਇਸ ਮੌਕੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸੁਭਾਸ਼ ਚੰਦਰ, ਫਿਜ਼ੀਓਥੈਰੇਪਿਸਟ ਡਾ.
ਧੀਰਜ ਕੁਮਾਰ, ਆਈ.ਆਰ.ਟੀ ਅਜੈ ਕੁਮਾਰ, ਮਨੋਜ ਕੁਮਾਰ, ਨੇਕ ਚੰਦ, ਰੇਖਾ ਰਾਣੀ,
ਸਮੀਕਸ਼ਾ ਸੈਣੀ, ਜਯੋਤਸਨਾ ਆਂਗਰਾ, ਰੇਨੂੰ ਕੰਵਰ, ਅੰਜੂ ਬਾਲਾ, ਸੰਜੇ ਕੁਮਾਰ ਆਦਿ
ਹਾਜ਼ਰ ਸਨ |