ਲਗਾਤਾਰ ਤੀਸਰੀ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ 'ਤੇ ਹਰਜਿੰਦਰ ਧਾਮੀ ਨੂੰ ਪ੍ਰੋ. ਬਡੂੰਗਰ ਨੇ ਦਿੱਤੀ ਵਧਾਈ

ਪਟਿਆਲਾ , 9 ਨਵੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ
ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ
ਤੀਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ ਹੈ । ਇਸ ਮੌਕੇ
ਪ੍ਰੋ. ਬਡੁੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ
ਵਿਖੇ ਹੋਏ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਕੁੱਲ ਪਈਆਂ 137 ਵੋਟਾਂ ਵਿੱਚੋਂ 118
ਵੋਟਾਂ ਪ੍ਰਾਪਤ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ
ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ
ਹੋਏ ਹਨ । ਉਨ੍ਹਾਂ ਕਿਹਾ ਕਿ 1956 ਵਿਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਬੀਏ, ਐਲਐਲਬੀ
ਪਾਸ ਹਨ ਅਤੇ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਉਹ 1996 ਵਿਚ
ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ
ਬਣਦੇ ਰਹੇ। ਉਹ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤ੍ਰਿੰਗ ਮੈਂਬਰ ਵੀ ਬਣੇ।
ਐਡਵੋਕੇਟ ਧਾਮੀ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ, ਜਿਸ ਮਗਰੋਂ
2020 ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁਦੇ 'ਤੇ ਸੇਵਾ ਨਿਭਾਈ
ਤੇ ਇਸ ਮਗਰੋਂ ਨਵੰਬਰ 2021 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ
ਹੁਣ ਇਸ ਅਹੁਦੇ ਉੱਤੇ ਲਗਾਤਾਰ ਤੀਸਰੀ ਵਾਰ ਚੁਣੇ ਗਏ ਹਨ। ਉਹ ਸਿੱਖ ਸਰੋਕਾਰਾਂ ਦੀ
ਡੂੰਘੀ ਪਕੜ ਰੱਖਦੇ ਹਨ ਤੇ ਸਿੱਖ ਸੰਘਰਸ਼ ਦੇ ਯੋਧਿਆਂ ਦੇ ਕੇਸਾਂ ਦੀ ਪੈਰਵਾਈ ਵੀ ਕਰਦੇ
ਰਹੇ
ਹਨ। ਪ੍ਰੋਫੈਸਰ ਬਡੁੰਗਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਉਨ੍ਹਾਂ ਵਲੋ ਹੀ ਪੇਸ਼ ਕੀਤਾ, ਜਿਸ ਦੀ ਤਾਈਦ
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ ਅਤੇ ਮਜੀਦ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ
ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ
ਇਜਲਾਸ ਦੌਰਾਨ ਸਿੱਖ ਮਸਲਿਆਂ ਸਬੰਧੀ ਕਈ ਅਹਿਮ ਮਤੇ ਪਾਸ ਕੀਤੇ ਗਏ, ਜਿਨ੍ਹਾਂ ਨੂੰ
ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਇਨ੍ਹਾਂ ਮਤਿਆਂ ਵਿਚ ਬੰਦੀ ਸਿੰਘ ਦੀ ਰਿਹਾਈ
ਸਬੰਧੀ ਇਕ ਅਹਿਮ ਮਤਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ
ਬਣਾਉਣ ਦੀ ਪ੍ਰਕਿਰਿਆ ਸਰਲ ਕਰਨ, ਪੰਜਾਬੀ ਭਾਸ਼ਾ ਨਾਲ ਹੁੰਦਾ ਵਿਤਕਰਾ ਖ਼ਤਮ ਕਰਨ,
ਪਾਕਿਸਤਾਨ 'ਚ ਸਿੱਖ ਵਿਰਾਸਤਾਂ ਦੀ ਸੰਭਾਲ ਕਰਨ ਦੀ ਸਰਕਾਰਾਂ ਪਾਸੋਂ ਮੰਗ ਦੇ ਨਾਲ-ਨਾਲ
ਪੰਜਾਬ ਦੇ ਪਾਣੀਆਂ ਦੇ ਹੱਕ ਵਿਚ ਖੜ੍ਹਨ ਦਾ ਐਲਾਨ ਕੀਤਾ ਗਿਆ।