ਕੈਬਨਿਟ ਮੰਤਰੀ ਨੇ ਛੱਠ ਪੂਜਾ 'ਚ ਪਹੁੰਚ ਕੇ ਅਸਤ ਹੁੰਦੇ ਸੂਰਜ ਨੂੰ ਅਰਗ ਦੇ ਕੇ ਛੱਠੀ ਮਾਂ ਦਾ ਲਿਆ ਆਸ਼ੀਰਵਾਦ
-ਸੂਬਾ ਵਾਸੀਆਂ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਤੇ ਅਰੋਗਤਾ ਦੀ ਕੀਤੀ ਕਾਮਨਾ
ਹੁਸ਼ਿਆਰਪੁਰ, 19 ਨਵੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਵਿਚ ਦੁਸਹਿਰਾ ਗਰਾਊਂਡ, ਸੁੰਦਰ ਨਗਰ, ਭੀਮ ਨਗਰ ਅਤੇ ਹੋਰਨਾਂ ਥਾਵਾਂ 'ਤੇ ਆਯੋਜਿਤ ਛੱਠ ਪੂਜਾ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਅਸਤ ਹੁੰਦੇ ਸੂਰਜ ਨੂੰ ਅਰਗ ਦੇ ਕੇ ਛੱਠੀ ਮਾਂ ਦਾ ਅਸ਼ੀਰਵਾਦ ਲਿਆ। ਉਨ੍ਹਾਂ ਨੇ ਸੂਬਾ ਵਾਸੀਆਂ ਦੇ ਸੁੱਖ, ਸ਼ਾਂਤੀ, ਖੁਸ਼ਹਾਲੀ ਤੇ ਅਰੋਗਤਾ ਹੋਣ ਦੀ ਕਾਮਨਾ ਕਰਦਿਆਂ ਸੂਰਜ ਦੇਵ ਅਤੇ ਕੁਦਰਤ ਦੀ ਉਪਾਸਨਾ ਨੂੰ ਸਮਰਪਿਤ ਛੱਠ ਪਰਵ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕ ਆਸਥਾ ਨਾਲ ਜੁੜਿਆ ਇਹ ਮਹਾਪਰਵ ਸਾਨੂੰ ਸਾਤਵਿਕਤਾ, ਤਿਆਗ, ਸੰਜਮ ਅਤੇ ਸਮਰਪਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਰਜ ਦੀ ਉਪਾਸਨਾ ਦੀ ਪ੍ਰੰਪਰਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੀ ਸੰਸਕ੍ਰਿਤੀ, ਸਾਡੀ ਆਸਥਾ ਦਾ ਕੁਦਰਤ ਨਾਲ ਕਿੰਨਾ ਡੂੰਘਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਛੱਠ ਪੂਜਾ ਰਾਹੀਂ ਸਾਡੇ ਜੀਵਨ ਵਿਚ ਸੂਰਜ ਦੇ ਪ੍ਰਕਾਸ਼ ਦਾ ਮਹੱਤਵ ਸਮਝਾਇਆ ਗਿਆ ਹੈ ਅਤੇ ਸੰਦੇਸ਼ ਦਿੱਤਾ ਗਿਆ ਹੈ ਕਿ ਉਤਰਾਅ-ਚੜ੍ਹਾਅ ਜੀਵਨ ਦਾ ਇਕ ਅਨਿੱਖੜਵਾਂ ਹਿੱਸਾ ਹੈ ਅਤੇ ਸਾਨੂੰ ਹਰ ਸਥਿਤੀ ਵਿਚ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਸਫਰ ਦੌਰਾਨ ਹਮੇਸ਼ਾ ਹੀ ਸੂਰਜ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ, ਸਾਡੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਸੱਭਿਆਚਾਰ 'ਤੇ ਮਾਣ ਕਰਨਾ ਚਾਹੀਦਾ ਹੈ।
ਇਸ ਮੌਕੇ ਕੌਂਸਲਰ ਚੰਦਰਾਵਤੀ ਦੇਵੀ, ਸਾਬਕਾ ਕੌਂਸਲਰ ਕਾਮਰੇਡ ਗੰਗਾ ਪ੍ਰਸ਼ਾਦ, ਮੋਹਨ ਲਾਲ, ਸੋਨੂ ਗੁਪਤਾ, ਪਾਂਡੇ ਜੀ, ਹੁੰਦਲ ਜੀ, ਸ਼ਤਰੂਘਨ ਸਿੰਘ, ਰਣਜੀਤ ਸਿੰਘ ਰਾਕੇਸ਼ ਕੁਮਾਰ, ਰਣਜੀਤ ਕੁਮਾਰ, ਉਪਿੰਦਰ, ਵਿਨੇ ਰਾਜਵਿੰਦਰ, ਮਿਸ਼ਰਾ ਜੀ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।