ਪਰਾਲੀ ਪ੍ਰਬੰਧਨ ਕਰਨ ਵਾਲੀਆਂ ਮਸ਼ੀਨਾਂ ਦੀ ਭੌਤਿਕ ਪੜਤਾਲ 1 ਦਸੰਬਰ ਨੂੰ: ਮੁੱਖ ਖੇਤੀਬਾੜੀ ਅਫ਼ਸਰ

ਨਵਾਂਸ਼ਹਿਰ, 29 ਨਵੰਬਰ : ਸਰਕਾਰ ਵਲੋਂ ਫ਼ਸਲੀ ਰਹਿੰਦ-ਖੂੰਹਦ ਖਾਸ ਤੌਰ 'ਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਰਾਪ ਰੈਜੀਡਿਊ ਮੈਨੇਜਮੈਂਟ (ਸੀ.ਆਰ.ਐਮ) ਸਕੀਮ ਅਧੀਨ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ 'ਤੇ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਸਾਲ 2023-24 ਦੌਰਾਨ ਦੂਸਰੇ ਪੜਾਅ ਅਧੀਨ ਇਸ ਸਕੀਮ ਅਧੀਨ ਮਸ਼ੀਨਾਂ ਦੀ ਖਰੀਦ ਕਰ ਚੁੱਕੇ ਕਿਸਾਨਾਂ ਦੀਆਂ ਇਨ੍ਹਾਂ ਮਸ਼ੀਨਾਂ ਦੀ ਭੌਤਿਕ ਪੜਤਾਲ 1 ਦਸੰਬਰ 2023 ਦਿਨ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਔੜ, ਨਵਾਂਸ਼ਹਿਰ, ਬਲਾਚੌਰ ਅਤੇ ਸੜੋਆ ਦੀ ਪੜਤਾਲ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਹੋਵੇਗੀ ਅਤੇ ਬਲਾਕ ਬੰਗਾ ਦੀ ਪੜਤਾਲ ਬਲਾਕ ਦਫ਼ਤਰ ਬਾਹੜੋਵਾਲ ਅਤੇ ਦਾਣਾ ਮੰਡੀ ਕਟਾਰੀਆਂ ਵਿਖੇ ਕੀਤੀ ਜਾਵੇਗੀ। ਕਿਸਾਨ ਮਸ਼ੀਨਾਂ ਦੀ ਵੈਰੀਫਿਕੇਸ਼ਨ ਲਈ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਔੜ ਲਈ 88720-06794, ਬਲਾਕ ਬਲਾਚੌਰ ਲਈ 88720-06796, ਬਲਾਕ ਨਵਾਂਸਹਿਰ ਲਈ 98881-35451, ਬਲਾਕ ਬੰਗਾ ਲਈ 88720-06795 ਅਤੇ ਬਲਾਕ ਸੜੋਆ ਲਈ 99425-00076 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਇਨ੍ਹਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਹੋਰ ਕਿਸਾਨਾਂ ਖਾਸ ਤੌਰ 'ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵੀ ਇਹ ਮਸ਼ੀਨਾਂ ਉਪਲਬੱਧ ਕਰਵਾਉਣ ਤਾਂ, ਜੋ ਸਮੇਂ ਸਿਰ ਪਰਾਲੀ ਦਾ ਪ੍ਰਬੰਧਨ ਕਰਕੇ ਇਸ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾ ਸਕੇ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖੀ ਜਾ ਸਕੇ।