ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਸਾਰੇ ਆਪਣੀ ਡਿਊਟੀ : ਕਮਾਂਡੈਂਟ ਹਰਪ੍ਰੀਤ ਸਿੰਘ ਮੰਡੇਰ
ਹੁਸ਼ਿਆਰਪੁਰ, 3 ਨਵੰਬਰ:ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਵੱਲੋਂ ਵਿਜੀਲੈਂਸ ਜਾਗਰੂਕਤਾ ਹਫਤੇ ਦੇ ਸਬੰਧ ਵਿਚ ਅੱਜ ਪੀ.ਆਰ.ਟੀ.ਸੀ ਜਹਾਨਖੇਲਾਂ ਵਿਖੇ 'ਭ੍ਰਿਸ਼ਟਾਚਾਰ ਦਾ ਵਿਰੋਧ ਕਰੋ, ਦੇਸ਼ ਪ੍ਰਤੀ ਵਚਨਬੱਧ ਬਣੋ' ਵਿਸ਼ੇ ਤਹਿਤ ਸੈਮੀਨਾਰ ਕਰਵਾਇਆ ਗਿਆ। ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਰਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਇਸ ਸੈਮੀਨਾਰ ਵਿਚ ਪੀ.ਆਰ.ਟੀ.ਸੀ ਜਹਾਨਖੇਲਾਂ ਦੇ ਕਮਾਂਡੈਂਟ ਹਰਪ੍ਰੀਤ ਸਿੰਘ ਮੰਡੇਰ, ਡੀ.ਐਸ.ਪੀ ਗੁਰਜੀਤ ਪਾਲ, ਡੀ.ਐਸ.ਪੀ ਮਲਕੀਤ ਸਿੰਘ, ਡੀ.ਐਸ.ਪੀ ਹਰਜੀਤ ਸਿੰਘ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਲਖਬੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਿਖਲਾਈ ਕੇਂਦਰ ਦੇ ਡਰਿੱਲ ਸਟਾਫ਼ ਅਤੇ 700 ਦੇ ਕਰੀਬ ਸਿਖਿਆਰਥੀਆਂ (ਰਿਕਰੂਟਸ) ਨੇ ਸੈਮੀਨਾਰ ਵਿਚ ਭਾਗ ਲਿਆ। ਇਸ ਮੌਕੇ ਪੀ.ਆਰ.ਟੀ.ਸੀ ਦੇ ਕਮਾਂਡੈਂਟ ਹਰਪ੍ਰੀਤ ਸਿੰਘ ਮੰਡੇਰ, ਡੀ.ਐਸ.ਪੀ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਮਨੀਸ਼ ਕੁਮਾਰ ਅਤੇ ਡਾ. ਲਖਬੀਰ ਸਿੰਘ ਨੇ ਉਚੇਚੇ ਤੌਰ 'ਤੇ ਪਹੁੰਚੇ ਸਿਖਿਆਰਥੀਆਂ ਅਤੇ ਡਰਿੱਲ ਸਟਾਫ਼ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਡੀ.ਐਸ.ਪੀ ਮਨੀਸ਼ ਕੁਮਾਰ ਨੇ ਹਾਜ਼ਰੀਨ ਨੂੰ ਭ੍ਰਿਸ਼ਟਾਚਾਰ ਰੋਕਣ ਸਬੰਧੀ ਸਹੁੰ ਚੁਕਾਈ।
ਵਿਜੀਲੈਂਸ ਬਿਊਰੋ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਮਨੀਸ਼ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਨਿੱਜੀ ਜਾਂ ਵਿੱਤੀ ਲਾਭ ਪਹੁੰਚਾਉਂਦਾ ਹੈ ਤਾਂ ਇਹ ਸਜ਼ਾਯੋਗ ਅਪਰਾਧ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ, ਸਰਕਾਰੀ ਫੰਡਾਂ ਵਿਚ ਕੋਈ ਘਪਲਾ ਕਰਕੇ ਜਾਂ ਚਲਾਕੀ ਨਾਲ ਭ੍ਰਿਸ਼ਟਾਚਾਰ ਕਰਕੇ, ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੇ ਨਾਂ 'ਤੇ ਕੋਈ ਬੇਨਾਮੀ ਜਾਇਦਾਦ ਖਰੀਦਦਾ ਹੈ ਤਾਂ ਕੋਈ ਵੀ ਵਿਅਕਤੀ ਇਸ ਸਬੰਧੀ ਵਿਜੀਲੈਂਸ ਵਿਭਾਗ ਨੂੰ ਜਾਣਕਾਰੀ ਦੇਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800-1800-1000, ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ 95012-00200 ਅਤੇ ਵੈੱਬਸਾਈਟ www.vigilancebureau.punjab.gov.in 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਅੰਤ ਵਿਚ ਉਨ੍ਹਾਂ ਸੈਮੀਨਾਰ ਵਿਚ ਭਾਗ ਲੈਣ ਵਾਲੇ ਕਮਾਂਡੈਂਟ ਹਰਪ੍ਰੀਤ ਸਿੰਘ ਮੰਡੇਰ, ਡਰਿੱਲ ਸਟਾਫ਼ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿੱਚ ਇੱਕਮੁੱਠ ਹੋ ਕੇ ਜਾਗਰੂਕ ਹੋ ਕੇ ਵਿਜੀਲੈਂਸ ਬਿਊਰੋ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।