ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣਾ ਯਕੀਨੀ ਬਣਾਇਆ ਜਾਵੇਗਾ-ਵਿਧਾਇਕ ਅੰਗਦ ਸਿੰਘ

*ਨਵਾਂਸ਼ਹਿਰ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ *ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ਵਿਚ ਲਿਆਉਣ ਦੀ ਕੀਤੀ ਅਪੀਲ
ਨਵਾਂਸ਼ਹਿਰ, 4 ਅਕਤੂਬਰ : ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਝੋਨੇ ਦੀ ਖ਼ਰੀਦ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਈ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣਾ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋੋਂ ਝੋਨੇ ਦੀ ਸੁਚੱਜੀ ਖ਼ਰੀਦ ਲਈ ਪੂਰੇ ਸੂਬੇ ਵਿਚ ਯੋਜਨਾਬੱਧ ਢੰਗ ਨਾਲ ਸਾਰੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰਾਂ ਲਿਫਟਿੰਗ ਅਤੇ ਅਦਾਇਗੀ ਵੀ ਨਾਲੋ-ਨਾਲ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਪਹਿਲਕਦਮੀ ਸਦਕਾ ਹੀ ਕੇਂਦਰ ਸਰਕਾਰ ਨੇ ਪੰਜਾਬ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਪਹਿਲਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ, ਜਿਹੜਾ ਕਿ ਪਹਿਲਾਂ 11 ਅਕਤੂਬਰ ਤੋਂ ਕਰਨ ਦਾ ਐਲਾਨ ਕੀਤਾ ਸੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਉਹ ਸੁੱਕਾ ਝੋਨਾ ਹੀ ਮੰਡੀਆਂ ਵਿਚ ਲਿਆਉਣ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਨਿਰਵਿਘਨ ਅਤੇ ਸੁਚੱਜੀ ਖ਼ਰੀਦ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨਾਂ ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਾਜਰਾ, ਮਨਜਿੰਦਰ ਸਿੰਘ ਵਾਲੀਆ, ਮਾਲਵਿੰਦਰ ਸਿੰਘ ਮਹਾਲੋਂ, ਚਿੰਨੂੰ ਓਹਰੀ, ਰਾਮਪਾਲ, ਕੁਲਦੀਪ, ਜੌਨੀ, ਸ਼ਿੰਦਾ, ਅਟਵਾਲ, ਵਿਨੈ, ਬਲਵੀਰ ਸਿੰਘ, ਓਨੇਸ਼ ਸਰੀਨ, ਰਮਨ ਖੋਸਲਾ ਤੇ ਹੋਰ ਹਾਜ਼ਰ ਸਨ।