ਜ਼ਿਲ੍ਹੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਦਿੱਤੀ ਜਾਵੇਗੀ
ਤਰਜ਼ੀਹ : ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ
ਨਵਾਂਸ਼ਹਿਰ, 25 ਅਕਤੂਬਰ :- ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਡਾ.
ਇੰਦਰਮੋਹਨ ਗੁਪਤਾ ਨੇ ਅੱਜ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਡਿਪਟੀ
ਮੈਡੀਕਲ ਕਮਿਸ਼ਨਰ ਤਰਨਤਾਰਨ, ਡਿਪਟੀ ਮੈਡੀਕਲ ਕਮਿਸ਼ਨਰ ਅੰਮ੍ਰਿਤਸਰ, ਜ਼ਿਲ੍ਹਾ ਸਿਹਤ ਅਫਸਰ
ਅੰਮ੍ਰਿਤਸਰ ਸਮੇਤ ਵੱਖ-ਵੱਖ ਉੱਚ ਅਹੁਦਿਆਂ ਉੱਤੇ ਆਪਣੀਆਂ ਬਿਹਤਰ ਸੇਵਾਵਾਂ ਨਿਭਾ
ਚੁੱਕੇ ਹਨ ਅਤੇ ਜ਼ਿਲ੍ਹਾ ਹਸਪਤਾਲ, ਤਰਨਤਾਰਨ ਵਿਖੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ
ਤੋਂ ਪਦਉੱਨਤ ਹੋਣ ਉਪਰੰਤ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਬਣੇ ਹਨ। ਡਾ.
ਗੁਪਤਾ ਨੇ ਜਨਵਰੀ 1987 ਨੂੰ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਸਬਸਿਡਰੀ ਹੈਲਥ ਸੈਂਟਰ
ਪਿੰਡ ਯੋਧੇ ਵਿਖੇ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਤਨੀ ਡਾ
ਲੀਲਾ ਮਹਾਜਨ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐਨੀਸਥੀਸੀਆ ਵਿਭਾਗ ਵਿਚ
ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਉੱਤੇ ਤਾਇਨਾਤ ਹਨ। ਡਾ. ਗੁਪਤਾ ਦੇ ਦੋ ਬੱਚੇ ਡਾ
ਸ਼ੁਭਮ ਅਤੇ ਡਾ. ਰਿਸ਼ਮ ਹਨ ਜੋ ਕਿ ਐੱਮ.ਡੀ. ਦੀ ਪੜ੍ਹਾਈ ਕਰ ਰਹੇ ਹਨ। ਇਸ ਮੌਕੇ
ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਸਹਾਇਕ ਸਿਵਲ ਸਰਜਨ ਡਾ ਜਸਦੇਵ ਸਿੰਘ, ਜ਼ਿਲ੍ਹਾ
ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ,
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਜਗਦੀਪ
ਸਿੰਘ, ਸੀਨੀਅਰ ਮੈਡੀਕਲ ਅਫਸਰ ਬਲਾਚੌਰ ਡਾ ਕੁਲਵਿੰਦਰ ਮਾਨ, ਜ਼ਿਲ੍ਹਾ ਸਮੂਹ ਸਿੱਖਿਆ
ਅਤੇ ਸੂਚਨਾ ਅਫ਼ਸਰ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ
ਐਜੂਕੇਟਰ ਵਿਕਾਸ ਵਿਰਦੀ, ਜ਼ਿਲ੍ਹਾ ਅਕਾਊਂਟ ਅਫ਼ਸਰ ਦੀਪਕ ਵਰਮਾ ਸਮੇਤ ਸਿਹਤ ਵਿਭਾਗ ਦੇ
ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨਵੇਂ ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਨੂੰ
ਜੀ ਆਇਆ ਕਹਿੰਦਿਆਂ ਸਮੁੱਚੇ ਸਟਾਫ ਵੱਲੋਂ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਜ਼ਿਲ੍ਹੇ
ਵਿੱਚ ਨਿੱਘਾ ਸੁਆਗਤ ਕੀਤਾ। ਆਪਣਾ ਅਹੁਦਾ ਸੰਭਾਲਣ ਉਪਰੰਤ ਸਿਵਲ ਸਰਜਨ ਡਾ. ਇੰਦਰਮੋਹਨ
ਗੁਪਤਾ ਨੇ ਸਿਹਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਆਪਣੀ ਪਲੇਠੀ ਮੀਟਿੰਗ ਕੀਤੀ।
ਉਨ੍ਹਾਂ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰਾਂ, ਅਧਿਕਾਰੀਆਂ ਅਤੇ
ਕਰਮਚਾਰੀਆਂ ਨੂੰ ਆਪਣਾ ਕੰਮ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ। ਡਾ.
ਗੁਪਤਾ ਨੇ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰ ਅਤੇ ਮਿਆਰੀ
ਸਿਹਤ ਸਹੂਲਤਾਂ ਨੂੰ ਜ਼ਿਲ੍ਹੇ ਦੇ ਸਾਰੇ ਨਾਗਰਿਕ ਤੱਕ ਪੰਹੁਚਾਉਣਾ ਯਕੀਨੀ ਬਣਾਉਣਗੇ ਅਤੇ
ਸਾਰੇ ਸਿਹਤ ਪ੍ਰੋਗਰਾਮਾਂ ਸਬੰਧੀ ਦਿੱਤੇ ਟੀਚੇ ਮਿੱਥੇ ਸਮੇਂ ਅਨੁਸਾਰ ਪੂਰੇ ਕਰਨੇ
ਯਕੀਨੀ ਬਣਾਵਾਂਗੇ। ਉਨ੍ਹਾਂ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ
ਸਾਰੇ ਰਾਸ਼ਟਰੀ ਅਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੇ 100 ਫੀਸਦੀ ਟੀਚੇ ਪੂਰੇ ਕਰਨ ਲਈ ਹਰ
ਸੰਭਵ ਕੋਸ਼ਿਸ਼ ਕੀਤੀ ਜਾਵੇ। ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਨੇ ਕਿਹਾ ਕਿ ਮੈਨੂੰ
ਮਾਣ ਹੈ ਕਿ ਮੈਂ ਸ਼ਹੀਦ ਭਗਤ ਸਿੰਘ ਜੀ ਦੀ ਜਨਮ ਭੂਮੀ ਉੱਤੇ ਆਪਣੀਆਂ ਸੇਵਾਵਾਂ ਦੇਣ ਜਾ
ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਅਯੂਸ਼ਮਾਨ ਭਾਰਤ ਸਰਬੱਤ ਸਿਹਤ
ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦੇ ਮੁਫਤ ਇਲਾਜ ਦੀ ਸਹੂਲਤ
ਦਿਵਾਉਣ, ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਕੇ ਨਸ਼ਾ ਛੁਡਾਊ ਕੇਂਦਰਾਂ ਵਿਚ
ਮੁਫਤ ਇਲਾਜ ਕਰਕੇ ਮੁੱਖਧਾਰਾ ਵਿਚ ਸ਼ਾਮਲ ਕਰਨ ਤੇ ਤਿਓਹਾਰਾਂ ਦੇ ਸੀਜਨ ਵਿਚ
ਮਿਲਾਵਟਖੋਰੀ ਨੂੰ ਨੱਥ ਪਾ ਕੇ ਲੋਕਾਂ ਨੂੰ ਮਿਲਾਵਟ ਰਹਿਤ ਤੇ ਸ਼ੁੱਧ ਖਾਣ ਪੀਣ ਦੀਆਂ
ਵਸਤਾਂ ਮੁਹੱਈਆ ਕਰਵਾਉਣ ਸਮੇਤ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜ਼ੀਹ
ਦੇਣਗੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ
ਕਿ ਇਸ ਵਿੱਚ ਕੋਈ ਸ਼ੱਕ ਨਹੀਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਹਿਲਾਂ ਹੀ ਆਮ ਲੋਕਾਂ ਨੂੰ
ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੀ
ਇਹ ਪੂਰੀ ਕੋਸ਼ਿਸ਼ ਹੋਵੇਗੀ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣ ਸਮੇਂ ਮਰੀਜ਼ਾਂ ਨੂੰ
ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਲਾਜ ਲਈ ਲੋੜੀਂਦੀਆਂ
ਦਵਾਈਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹੀ ਮਿਲ ਸਕਣ। ਉਨ੍ਹਾਂ ਕਿਹਾ ਕਿ ਸਿਵਲ ਸਰਜਨ
ਦਫਤਰ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ 'ਤੇ ਹੱਲ
ਕੀਤਾ ਜਾਵੇਗਾ।