ਨਵਾਂਸ਼ਹਿਰ, 31 ਅਕਤੂਬਰ-ਜ਼ਿਲਾ ਪੁਲਿਸ ਵੱਲੋਂ ਪੁਲਿਸ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਸਪਤਾਹ ਦੀਆਂ ਗਤੀਵਿਧੀਆਂ ਤਹਿਤ ਅੱਜ ਰਾਸ਼ਟਰੀ ਏਕਤਾ ਦਿਵਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਅਹਿਦ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮੁੱਚੇ ਜ਼ਿਲੇ ਵਿਚ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਉਨਾਂ ਨੂੰ ਯਾਦ ਕੀਤਾ ਗਿਆ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹਾਦਤਾਂ ਦੇਣ ਵਾਲੇ ਪੁਲਿਸ ਕਰਮਚਾਰੀਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ ਦਾ ਸੰਕਲਪ ਲਿਆ ਗਿਆ। ਉਨਾਂ ਕਿਹਾ ਕਿ ਸਰਦਾਰ ਪਟੇਲ ਦਾ ਮੰਨਣਾ ਸੀ ਕਿ ਰਾਸ਼ਟਰੀ ਏਕਤਾ ਨਾਲ ਹੀ ਵਿਕਾਸ ਸੰਭਵ ਹੈ ਅਤੇ ਅਸੀਂ ਉਨਾਂ ਦੇ ਜੀਵਨ ਅਤੇ ਵਿਚਾਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨਾਂ ਦੱਸਿਆ ਕਿ ਜ਼ਿਲੇ ਵਿਚ 21 ਅਕਤੂਬਰ ਤੋਂ 31 ਅਕਤੂਬਰ ਤੱਕ ਪੁਲਿਸ ਸ਼ਹੀਦੀ ਦਿਵਸ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਹਨ, ਜਿਨਾਂ ਦਾ ਮੁੱਖ ਮਕਸਦ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਯਾਦ ਤਾਜ਼ਾ ਰੱਖਣਾ ਅਤੇ ਉਨਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਣਾ ਲੈਣਾ ਹੈ। ਉਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 28 ਬਹਾਦਰ ਪੁਲਿਸ ਤੇ ਹੋਮਗਾਰਡ ਜਵਾਨਾਂ ਨੇ ਪੰਜਾਬ ਦੇ ਮਾੜੇ ਦਿਨਾਂ ਦੌਰਾਨ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਅਸਫ਼ਲ ਕਰਦਿਆਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ।
ਕੈਪਸ਼ਨ : -ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਦਾ ਅਹਿਦ ਲੈਂਦੇ ਹੋਏ ਪੁਲਿਸ ਅਧਿਕਾਰੀ ਅਤੇ ਕਰਮਚਾਰੀ।