ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਤਹਿਤ ਮਨਾਇਆ ਅੰਤਰਰਾਸ਼ਟਰੀ ਬਾਲੜੀ ਦਿਵਸ

ਨਵਾਂਸ਼ਹਿਰ, 11 ਅਕਤੂਬਰ : - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰਾਹੋਂ ਵਿਖੇ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪੇਂਟਿੰਗ ਮੁਕਾਬਲੇ ਵਿਚ ਪਰਨੀਤ ਕੌਰ ਨੂੰ ਪਹਿਲਾ, ਕਸ਼ਿਸ਼ ਦੜੋਚ ਨੂੰ ਦੂਸਰਾ ਅਤੇ ਹਰਮਨਦੀਪ ਨੂੰ ਤੀਸਰਾ ਸਥਾਨ ਮਿਲਿਆ। ਇਸੇ ਤਰਾਂ ਭਾਸ਼ਣ ਮੁਕਾਬਲੇ ਵਿਚ ਜਸਲੀਨ ਨੇ ਪਹਿਲਾ, ਸਾਕਸ਼ੀ ਸ਼ਰਮਾ ਨੇ ਦੂਸਰਾ ਅਤੇ ਨਵਜਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਜੇਤੂ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਉਨਾਂ ਸਮੂਹ ਵਿਦਿਆਰਥਣਾਂ ਨੂੰ ਇਸ ਦਿਨ ਦੇ ਸਬੰਧ ਵਿਚ ਵਧਾਈ ਦਿੰਦਿਆਂ ਉਨਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਅਤੇ ਟੋਲ ਫਰੀ ਨੰਬਰ 1968 ਬਾਰੇ ਦੱਸਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ, ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ, ਸਾਗਰ ਘਈ, ਨਿਰਮਲ ਸਿੰਘ, ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਮੈਨ ਮੈਡਮ ਸੋਨੀਆ, ਪਿ੍ਰੰਸੀਪਲ ਬਲਜਿੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।