ਲੋਕ ਹਿੱਤ ਦੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ
ਲਿਆਉਣ ਦੀ ਕੀਤੀ ਹਦਾਇਤ
ਨਵਾਂਸ਼ਹਿਰ, 25 ਅਕਤੂਬਰ : - ਜੰਗਲਾਤ ਤੇ ਜੰਗਲੀ ਜੀਵ ਅਤੇ ਕਿਰਤ ਮੰਤਰੀ, ਸੰਗਤ
ਸਿੰਘ ਗਿਲਜੀਆ ਨੇ ਅੱਜ ਇਥੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ
ਭਲਾਈ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਦੀ
ਹਦਾਇਤ ਕੀਤੀ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ
ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ. ਐਸ. ਪੀ ਸ਼੍ਰੀਮਤੀ ਕੰਵਰਦੀਪ ਕੌਰ, ਵਿਧਾਇਕ ਅੰਗਦ ਸਿੰਘ,
ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ
ਸਿੰਘ ਪੱਲੀ ਝਿੱਕੀ ਦੀ ਮੌਜੂਦਗੀ ਵਿਚ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਆਪਣੀ
ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਗਿਲਜੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ
ਕਿ ਲੋਕ ਹਿੱਤ ਦੇ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ
ਅਧਿਕਾਰੀਆਂ ਦੀ ਪਕੜ੍ਹ ਸਰਕਾਰ ਨਾਲ ਪੂਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਵਿਕਾਸ
ਕਾਰਜਾਂ ਅਤੇ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਿਨ-ਰਾਤ
ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ
ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ
ਵੱਲੋਂ ਵੱਖ-ਵੱਖ ਮਹਿਕਮਿਆਂ ਨਾਲ ਸਬੰਧਤ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ, ਜਿਸ `ਤੇ
ਸ. ਗਿਲਜੀਆ ਵਲੋਂ ਇਨ੍ਹਾਂ ਸਮੱਸਿਆਵਾਂ ਦੇ ਫੌਰਨ ਨਿਪਟਾਰੇ ਦੀ ਹਦਾਇਤ ਕੀਤੀ ਗਈ। ਇਸ
ਦੌਰਾਨ ਉਨ੍ਹਾਂ ਝੋਨੇ ਦੀ ਖ੍ਰੀਦ, 5-5 ਮਰਲੇ ਦੇ ਪਲਾਟ, 2 ਕਿਲੋਵਾਟ ਤੱਕ ਦੇ ਬਿਜਲੀ
ਬਕਾਇਆਂ ਦੀ ਮੁਆਫ਼ੀ, ਸਮਾਰਟ ਵਿਲੇਜ਼ ਮੁਹਿੰਮ, ਸ਼ਹਿਰੀ ਵਿਕਾਸ, ਪੰਜਾਬ ਨਿਰਮਾਣ
ਪ੍ਰੋਗਰਾਮ, ਅਮਨ ਤੇ ਕਾਨੂੰਨ, ਕੰਡੀ ਖੇਤਰ ਦੇ ਵਿਕਾਸ ਫੰਡ, ਮਾਈਨਿੰਗ, ਮਗਨਰੇਗਾ,
ਡੇਂਗੂ ਦੇ ਕੇਸਾਂ, ਆਸ਼ੀਰਵਾਦ ਸਕੀਮ, ਪੈਨਸ਼ਨ ਸਕੀਮ, ਨੀਲੇ ਕਾਰਡ ਅਤੇ ਕਰਜਾ ਰਾਹਤ ਆਦਿ
ਦੀ ਸਮੀਖਿਆ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ
ਮੌਕੇ ਉਨ੍ਹਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਉਸਾਰੀ ਕਿਰਤੀਆਂ ਦੀ ਭਲਾਈ ਲਈ
ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ
ਅਤੇ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਲਾਭ ਦੇਣ ਦੀ ਸਖ਼ਤ ਹਦਾਇਤ ਕੀਤੀ। ਇਸੇ ਤਰ੍ਹਾ
ਉਨ੍ਹਾਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੀਆਂ ਤਿੰਨਾਂ
ਸਬ-ਡਵੀਜਨਾਂ ਵਿੱਚ ਇੱਕ-ਇੱਕ ਹੈਕਟੇਅਰ ਵਿੱਚ ਪਾਰਕ ਬਣਾਉਣ ਲਈ ਕਾਰਵਾਈ ਆਰੰਭੀ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ
ਦੌਰਾਨ ਲ਼ਚੁਣੇ ਹੋਏ ਨੁੁਮਾਇੰਦਿਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ
ਉਹ 15 ਦਿਨਾਂ ਬਾਅਦ ਦੁਬਾਰਾ ਮੀਟਿੰਗ ਕਰਨਗੇ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰ ਦੀਆਂ
ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਕੋਈ
ਵੀ ਯੋਗ ਲਾਭਪਾਤਰੀ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਤੋਂ
ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚਣ 'ਤੇ ਉਨ੍ਹਾਂ ਨੂੰ ਸ਼ਾਨਦਾਰ ਗਾਰਡ ਆਫ
ਆਨਰ ਦਿੱਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਤੇ ਚੌਧਰੀ ਮੋਹਨ
ਲਾਲ ਬੰਗਾ ,ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਹਰਮੇਸ਼ ਕੌਰ, ਨਗਰ ਕੌਸਲ ਪ੍ਰਧਾਨ ਸਚਿਨ
ਦੀਵਾਨ, ਚੇਅਰਮੈਨ ਮਾਰਕੀਟ ਕਮੇਟੀ ਚਮਨ ਸਿੰਘ ਭਾਨ ਮਜਾਰਾ, ਵਧੀਕ ਡਿਪਟੀ ਕਮਿਸ਼ਨਰ
(ਸ਼ਹਿਰੀ ਵਿਕਾਸ) ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿਘ, ਵਧੀਕ ਡਿਪਟੀ
ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ.ਡੀ.ਐਮ. ਵਿਰਾਜ ਤਿੜਕੇ, ਜਗਦੀਸ਼ ਸਿੰਘ
ਜੋਹਲ ਤੇ ਦੀਪਕ ਰੁਹੇਲਾ, ਐਸ.ਪੀ. ਮਨਵਿੰਦਰ ਬੀਰ ਸਿੰਘ, ਤਹਿਸੀਲਦਾਰ ਬਲਜਿੰਦਰ ਸਿੰਘ
ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ
ਮੈਂਬਰ ਹਾਜ਼ਰ ਸਨ।
ਕੈਪਸ਼ਨ :- ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ
ਕੈਬਨਿਟ ਮੰਤਰੀ ਸ. ਸੰਗਤ ਸਿੰਘ ਗਿਲਜੀਆ । ਨਾਲ ਹਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ,
ਐਸ. ਐਸ. ਪੀ ਕੰਵਰਦੀਪ ਕੌਰ, ਵਿਧਾਇਕ ਅੰਗਦ ਸਿੰਘ, ਵਿਧਾਇਕ ਚੌਧਰੀ ਦਰਸ਼ਨ ਲਾਲ
ਮੰਗੂਪੁਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਤੇ ਹੋਰ।