ਲਖੀਮਪੁਰ ਖੇੜੀ ਵਿਖੇ ਕਿਸਾਨਾਂ ਦੀਆਂ ਹੱਤਿਆਵਾਂ ਦੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਨਿਖੇਧੀ

ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਕਰਨ, ਬਿਗੜੈਲ ਪੁੱਤਰ ਅਤੇ ਸਾਥੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ - ਸਲੇਮਪੁਰੀ
 ਨਵਾਂਸ਼ਹਿਰ 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧੀ) ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐਮ ਓ) ਵੱਲੋਂ ਯੂ. ਪੀ. ਦੇ ਲਖੀਮਪੁਰ ਖੇੜੀ ਵਿਖੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਬਾਅਦ ਵਾਪਸ ਆ ਰਹੇ ਕਿਸਾਨਾਂ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬਿਗੜੈਲ ਪੁੱਤਰ ਅਤੇ ਉਸ ਦੇ ਸਾਥੀਆਂ ਵੱਲੋਂ ਗੱਡੀਆਂ ਚੜ੍ਹਾ ਕੇ ਸ਼ਹੀਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।  ਜੇ ਪੀ ਐਮ ਓ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਵਿਚ ਸ਼ਹੀਦ ਹੋਏ ਸਾਥੀਆਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਉਪਰੰਤ ਜ਼ਿਲ੍ਹਾ ਕਨਵੀਨਰ ਸੋਹਣ ਸਿੰਘ ਸਲੇਮਪੁਰੀ, ਕਰਨੈਲ ਸਿੰਘ ਰਾਹੋਂ ਅਤੇ ਸਤਨਾਮ ਸਿੰਘ ਸੁੱਜੋਂ ਨੇ ਦੱਸਿਆ ਕਿ ਜਿਸ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਹੈ, ਉਹ ਆਪ ਹੀ ਸਮਾਗਮਾਂ ਵਿੱਚ ਕਿਸਾਨਾਂ ਨੂੰ ਦੋ ਮਿੰਟ ਵਿਚ ਠੀਕ ਕਰਨ ਅਤੇ ਲਖੀਮਪੁਰ ਛੱਡ ਕੇ ਜਾਣ ਦੀਆਂ ਧਮਕੀਆਂ ਦੇ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਹੀ ਉਸ ਦੇ ਬਿਗੜੈਲ ਪੁੱਤਰ ਅਤੇ ਸਾਥੀਆਂ ਨੇ ਸ਼ਾਂਤਮਈ ਜਾ ਰਹੇ ਕਿਸਾਨਾਂ ਤੇ ਪਿੱਛਿਓਂ ਗੱਡੀਆਂ ਚਾੜ੍ਹ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਆਪਣੇ ਬਿਗੜੈਲ ਪੁੱਤਰ ਅਤੇ ਸਾਥੀਆਂ ਨੂੰ ਬਚਾਉਣ ਲਈ ਦੇਸ਼ ਨਾਲ ਝੂਠ ਬੋਲਣ ਅਤੇ ਤੱਥ ਛੁਪਾਉਣ ਦੇ ਦੋਸ਼ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇ। 
          ਉਨ੍ਹਾਂ ਕਿਹਾ ਕਿ ਜਨ ਅੰਦੋਲਨ ਬਣੇ ਕਿਸਾਨ ਮਜ਼ਦੂਰ ਅੰਦੋਲਨ ਦਾ ਸਮਰਥਨ ਕਰਨ ਲਈ ਜੇ ਪੀ ਐਮ ਓ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜਥਾ ਚਾਰ ਦਿਨ ਲਈ ਸਿੰਘੂ ਬਾਰਡਰ ਦਿੱਲੀ ਵਿਖੇ ਜਾਵੇਗਾ। ਮੀਟਿੰਗ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ -ਦੌੜਕਾ, ਸੁਰਿੰਦਰ ਭੱਟੀ, ਰਾਮ ਪਾਲ, ਜਰਨੈਲ ਸਿੰਘ ਜਾਫਰਪੁਰੀ, ਜਸਪਾਲ ਸਿੰਘ, ਸੁਰਿੰਦਰ ਪਾਲ, ਤਰਸੇਮ ਲਾਲ, ਸੁੱਚਾ ਸਿੰਘ, ਸੁੱਖ ਰਾਮ, ਕਸ਼ਮੀਰ ਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ, ਸੀਬੂ ਰਾਮ, ਸ਼ਿੰਦੀ ਲਾਲ ਆਦਿ ਹਾਜ਼ਰ ਸਨ।