ਪਿੰਡਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
ਬੰਗਾ, 8 ਅਕਤੂਬਰ : - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਦੀ ਮੌਜੂਦਗੀ ਵਿਚ ਬੰਗਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਕਰੀਬ 2 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਨੂੰ ਲੋਕ ਅਰਪਿਤ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਹਰੇਕ ਪਿੰਡ ਵਿਚ ਜਿਥੇ ਸੜਕਾਂ, ਗਲੀਆਂ, ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ, ਜਲ ਸਪਲਾਈ, ਸਟਰੀਟ ਲਾਈਟਾਂ, ਸਮਾਰਟ ਸਕੂਲ ਅਤੇ ਹੋਰਨਾਂ ਵਿਕਾਸ ਕਾਰਜਾਂ ਲਈ ਦਿਲ ਖੋਲ ਕੇ ਗ੍ਰਾਂਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਸਮਾਰਟ ਪਿੰਡਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਹਲਕੇ ਦਾ ਸਰਬਪੱਖੀ ਵਿਕਾਸ ਅਤੇ ਪਿੰਡਾਂ ਚ ਸ਼ਹਿਰੀ ਪੱਧਰੀ ਦੀਆਂ ਸੁਵਿਧਾਵਾਂ ਦੇਣਾ ਉਨ੍ਹਾਂ ਦਾ ਇਕੋਮਾਤਰ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਉਨਾਂ ਪਿੰਡ ਮੂਸਾਪੁਰ ਵਿਖੇ 83.20 ਲੱਖ, ਪਠਲਾਵਾ ਵਿਖੇ 80.60 ਲੱਖ ਅਤੇ ਢਾਹਾਂ ਵਿਖੇ 32.85 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ, ਜਿਨਾਂ ਵਿਚ ਗਲੀਆਂ-ਨਾਲੀਆਂ, ਜਿਮ, ਪਾਰਕ, ਆਂਗਣਵਾੜੀ ਬਿਲਡਿੰਗ, ਰੂਫ ਵਾਟਰ ਰੀਚਾਰਜ ਪਿਟ, ਅੰਡਰ ਗਰਾਊਂਡ ਵਾਟਰ ਪਾਈਪ ਲਾਈਨ ਰਾਹੀਂ ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਖੇਡ ਮੈਦਾਨ, ਪੰਚਾਇਤ ਘਰ, ਸਕੂਲ ਦੀ ਚਾਰ ਦੀਵਾਰੀ, ਐਸ. ਸੀ ਧਰਮਸ਼ਾਲਾ, ਸ਼ਮਸ਼ਾਨਘਾਟ ਅਤੇ ਛੱਪੜਾਂ ਦੇ ਨਵੀਨੀਕਰਨ ਆਦਿ ਵਿਕਾਸ ਪ੍ਰਾਜੈਕਟ ਸ਼ਾਮਲ ਸਨ। ਇਸ ਮੌਕੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਤੇ ਮੋਹਨ ਲਾਲ ਬੰਗਾ, ਠੇਕੇਦਾਰ ਰਜਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਕਮਲਜੀਤ, ਬੀ. ਡੀ. ਪੀ. ਓ ਹੇਮ ਰਾਜ, ਉੱਪ ਚੇਅਰਮੈਨ ਜ਼ਿਲਾ ਪ੍ਰੀਸ਼ਦ ਰਾਕੇਸ਼ ਕੁਮਾਰ, ਸਰਪੰਚ ਕੁਲਬੀਰ ਸਿੰਘ, ਸਰਪੰਚ ਹਰਪਾਲ ਸਿੰਘ ਪਠਲਾਵਾ ਤੋਂ ਇਲਾਵਾ ਸਬੰਧਤ ਇਲਾਕਿਆਂ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।