ਨਵਾਂਸ਼ਹਿਰ, 24 ਅਕਤੂਬਰ :- ਭਾਰਤ ਸਰਕਾਰ ਦੇ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼
(ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੀ ਨੈਸ਼ਨਲ ਕੁਆਲਿਟੀ
ਇਸ਼ੋਰੈਂਸ ਅਸੈਸਮੈਂਟ ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ, ਨਵੀਂ
ਦਿੱਲੀ ਦੀ ਟੀਮ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ 16 ਵਿਭਾਗਾਂ ਵਿਚ ਸੁਰੱਖਿਅਤ ਤੇ
ਮਿਆਰੀ ਦੇਖਭਾਲ ਲਈ ਨਿਰਧਾਰਿਤ ਵੱਖ-ਵੱਖ ਪੈਮਾਨਿਆਂ ਦੀ ਡੂੰਘਾਈ ਨਾਲ ਅਸੈਸਮੈਂਟ ਕੀਤੀ
ਅਤੇ ਸਾਲ 2020-21 ਲਈ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੀ ਅਸੈਸਮੈਂਟ ਦਾ ਕੰਮ ਪੂਰਾ
ਕੀਤਾ। ਜੇਕਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼
(ਐੱਨ.ਕਿਊ.ਏ.ਐੱਸ.) ਦੇ ਨਿਰਧਾਰਿਤ ਪੈਮਾਨਿਆਂ ਉੱਤੇ ਖਰਾ ਉਤਰਦਾ ਹੈ ਤਾਂ ਉਹ 30 ਲੱਖ
ਰੁਪਏ ਦਾ ਹੱਕਦਾਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ
ਰਾਏ ਦੇ ਬਤੌਰ ਨੋਡਲ ਅਫਸਰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਸਾਲ 2017-18 ਲਈ ਨੈਸ਼ਨਲ
ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ ਪ੍ਰੋਗਰਾਮ ਤਹਿਤ 90 ਫੀਸਦੀ ਤੋਂ ਵੱਧ ਅੰਕ ਲੈ ਕੇ 30
ਲੱਖ ਰੁਪਏ ਜਿੱਤ ਚੁੱਕਿਆ ਹੈ। ਭਾਰਤ ਸਰਕਾਰ ਨੇ ਇਹ ਪ੍ਰੋਗਰਾਮ ਸਰਕਾਰੀ ਸਿਹਤ
ਸੰਸਥਾਵਾਂ ਵਿਚ ਸੁਰੱਖਿਅਤ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸ਼ੁਰੂ
ਕੀਤਾ ਹੈ। ਨੈਸ਼ਨਲ ਕੁਆਲਿਟੀ ਇਸ਼ੋਰੈਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿਹਤ ਸੰਸਥਾਵਾਂ ਦੀ 3
ਸਾਲਾਂ ਬਾਅਦ ਮੁੜ ਤੋਂ ਅਸੈਸਮੈਂਟ ਹੋਣੀ ਹੁੰਦੀ ਹੈ ਤੇ ਕੇਂਦਰੀ ਸਿਹਤ ਮੰਤਰਾਲੇ ਨੇ
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੀ ਨਿਰਧਾਰਿਤ ਪੈਮਾਨਿਆਂ ਅਨੁਸਾਰ ਅਸਿਸਮੈਂਟ ਕਰਨ ਲਈ
ਤਾਮਿਲਨਾਡੂ ਤੋਂ ਡਾ. ਸਰਸਵਤੀ, ਉੱਤਰ ਪ੍ਰਦੇਸ਼ ਤੋਂ ਡਾ. ਫੈਜ਼ਲ ਰਹਿਮਾਨ ਤੇ ਆਂਧਰਾ
ਪ੍ਰਦੇਸ਼ ਤੋਂ ਸ੍ਰੀ ਧਰੁਵਾ ਚੱਕਰਵਰਤੀ ਨੂੰ ਨਿਯੁਕਤ ਕੀਤਾ। ਕੇਂਦਰੀ ਸਿਹਤ ਮੰਤਰਾਲੇ ਦੇ
ਜਾਂਚਕਰਤਾਵਾਂ ਨੇ ਨੈਸ਼ਨਲ ਕੁਆਲਿਟੀ ਇਸ਼ੋਰੈਸ ਪ੍ਰੋਗਰਾਮ ਦੇ ਤੈਅ ਪੈਮਾਨਿਆਂ ਦੇ
ਮੁਤਾਬਿਕ ਹਸਪਤਾਲ ਦੀ ਅਸੈਸਮੈਂਟ ਕਰਕੇ ਦਸਤਾਵੇਜ਼ ਜਮ੍ਹਾਂ ਕਰ ਲਏ ਹਨ। ਜ਼ਿਲ੍ਹਾ ਸਿਹਤ
ਅਫਸਰ ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਕੇਂਦਰੀ ਜਾਂਚਕਰਤਾਵਾਂ ਨੇ ਲਗਾਤਾਰ ਤਿੰਨ ਦਿਨ
ਤੱਕ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਜਿਨ੍ਹਾਂ 16 ਵਿਭਾਗਾਂ ਦੀ ਅਸੈਸਮੈਂਟ ਕੀਤੀ,
ਜਿਨ੍ਹਾਂ ਵਿਚ ਲੇਬਰ ਰੂਮ, ਮੈਟਰਨਟੀ ਆਪਰੇਸ਼ਨ ਥੀਏਟਰ, ਮੈਟਰਨਟੀ ਵਾਰਡ, ਪੋਸਟਪਾਰਟਮ
ਯੂਨਿਟ, ਫਾਰਮੇਸੀ ਵਿੰਗ, ਲੈਬੋਰਟਰੀ, ਰੇਡੀਓਲਾਜੀ, ਐਮਰਜੈਂਸੀ ਵਾਰਡ, ਓ.ਪੀ.ਡੀ.,
ਆਈ.ਪੀ.ਡੀ, ਐੱਸ.ਐੱਨ.ਸੀ. ਯੂਨਿਟ, ਟਰਾਮਾ ਵਾਰਡ, ਪੇਡੀਐਟਰਿਕ ਵਾਰਡ, ਮਰਦਾਨਾ ਤੇ
ਜਨਾਨਾ ਵਾਰਡ, ਪ੍ਰਬੰਧਕੀ ਬਲਾਕ ਅਤੇ ਮੋਰਚਰੀ ਆਦਿ ਸ਼ਾਮਲ ਹਨ। ਇਸੇ ਦੌਰਾਨ ਕੇਂਦਰੀ
ਸਿਹਤ ਮੰਤਰਾਲੇ ਦੀ ਜਾਂਚਕਰਤਾਵਾਂ ਦੀ ਟੀਮ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਚ
ਸੁਰੱਖਿਅਤ ਅਤੇ ਬਿਹਤਰ ਸਿਹਤ ਸੇਵਾਵਾਂ ਦੇ ਨਾਲ-ਨਾਲ ਵੱਖ-ਵੱਖ ਪੈਮਾਨਿਆਂ ਮੁਤਾਬਿਕ
ਰੱਖ-ਰਖਾਵ ਕਰਨ ਲਈ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਭਰਵੀਂ ਸ਼ਲਾਘਾ ਕੀਤੀ, ਜਿਸ
ਦੇ ਚੱਲਦਿਆਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ 30 ਲੱਖ ਰੁਪਏ ਹੱਕਦਾਰ ਬਣ ਸਕਦਾ ਹੈ। ਡਾ.
ਰਾਏ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦਾ ਸੁਰੱਖਿਅਤ ਤੇ ਮਿਆਰੀ ਸਿਹਤ
ਸੇਵਾਵਾਂ ਦੇਣ ਲਈ ਪ੍ਰਦਰਸ਼ਨ ਹਮੇਸ਼ਾ ਬਿਹਤਰ ਰਿਹਾ ਹੈ ਅਤੇ ਇਸ ਲਈ ਹਸਪਤਾਲ ਨੂੰ ਸਾਲ
17-18 ਲਈ ਪਹਿਲੇ ਇਨਾਮ ਦੇ ਤੌਰ ਉੱਤੇ 50 ਲੱਖ ਰੁਪਏ ਦਾ ਕਾਇਆਕਲਪ ਐਵਾਰਡ, ਸਾਲ
2017-18 ਲਈ ਨੈਸ਼ਨਲ ਕੁਆਲਿਟੀ ਇਸ਼ੋਰੈਂਸ ਸਟੈਂਡਰਡਜ਼ ਪ੍ਰੋਗਰਾਮ ਤਹਿਤ 90 ਫੀਸਦੀ ਤੋਂ
ਵੱਧ ਅੰਕਾਂ ਨਾਲ ਪਹਿਲੇ ਇਨਾਮ ਦੇ ਤੌਰ ਉੱਤੇ 30 ਲੱਖ ਰੁਪਏ ਦਾ ਇਨਾਮ ਅਤੇ ਸਾਲ
2019-20 ਲਈ ਪਹਿਲੇ ਇਨਾਮ ਦੇ ਤੌਰ ਉੱਤੇ 15 ਲੱਖ ਰੁਪਏ ਦਾ ਕਾਇਆਕਲਪ ਐਵਾਰਡ ਮਿਲ
ਚੁੱਕਿਆ ਹੈ।