ਕਰੀਹਾ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਦੌਰਾਨ 168 ਬਿਜਲੀ ਖਪਤਕਾਰਾਂ ਦੇ ਬਕਾਏ ਹੋਏ ਮੁਆਫ਼

ਨਵਾਂਸ਼ਹਿਰ, 30 ਅਕਤੂਬਰ :- ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਲੋਡ ਵਾਲੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਦੇ ਪਿਛਲੇ ਸਮੁੱਚੇ ਬਕਾਏ ਮੁਆਫ਼ ਕਰਨ ਤਹਿਤ ਪਿੰਡ ਕਰੀਹਾ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਦੌਰਾਨ 168 ਘਰੇਲੂ ਬਿਜਲੀ ਖਪਤਕਾਰਾਂ ਦੇ ਪਿਛਲੇ ਬਕਾਏ ਮੁਆਫ਼ ਕੀਤੇ ਗਏ, ਜਿਨਾਂ ਵਿਚ ਪਿੰਡ ਕਰੀਹਾ ਦੇ 105 ਲਾਭਪਾਤਰੀਆਂ ਦੇ 70619 ਅਤੇ ਪਿੰਡ ਮੱਲਪੁਰ ਅੜਕਾਂ ਦੇ 63 ਲਾਭਪਾਤਰੀਆਂ ਦੇ 63336 ਰੁਪਏ ਦੇ ਬਕਾਏ ਮੁਆਫ਼ ਹੋਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਕਿਹਾ ਕਿ ਪਿਛਲੇ ਬਕਾਏ ਮੁਆਫ਼ ਹੋਣ ਨਾਲ ਸਮਾਜ ਦੇ ਵਿੱਤੀ ਤੌਰ 'ਤੇ ਕਮਜ਼ੋਰ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਜਿਨਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਉਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਜੋ ਇਹ ਗ਼ਰੀਬ ਪੱਖੀ ਫ਼ੈਸਲਾ ਲਿਆ ਸੀ, ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਡਿਫਾਲਟਰ ਖਪਤਕਾਰਾਂ ਦੇ ਬਕਾਏ ਦੀ ਅਦਾਇਗੀ ਖ਼ੁਦ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਲੋਕਾਂ ਦੀ ਸਹੂਲਤ ਲਈ ਸਬ-ਡਵੀਜ਼ਨ ਨਵਾਂਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਰੋਜ਼ਾਨਾ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ ਲਾਭਪਾਤਰੀਆਂ ਦੇ ਫਾਰਮ ਭਰ ਕੇ ਉਨਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਬੰਧਤ ਖਪਤਕਾਰ ਆਪਣੇ ਬਿਜਲੀ ਦਫ਼ਤਰਾਂ ਵਿਚ ਜਾ ਕੇ ਵੀ ਇਸ ਸਬੰਧੀ ਫਾਰਮ ਭਰ ਸਕਦੇ ਹਨ। ਉਨਾਂ ਹਲਕੇ ਦੇ ਸਮੂਹ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਐਕਸੀਅਨ ਵਿਨੈਦੀਪ ਸਿੰਘ, ਐਸ. ਡੀ. ਓ ਗੁਰਮੇਲ ਸਿੰਘ, ਜੇ. ਈ ਗਗਨਦੀਪ ਸਿੰਘ, ਇੰਜ. ਚਮਨ ਲਾਲ, ਕਪਿਲ ਕਿਰਪਾਲ, ਬਾਬਾ ਦਲਜੀਤ ਸਿੰਘ, ਗੁਰਕਮਲ, ਹਰਕਮਲ, ਪਰਮਜੀਤ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ ਯੂ. ਐਸ. ਏ, ਪੰਚ ਮਨੋਹਰ ਲਾਲ, ਸੁਖਵਿੰਦਰ ਕੁਮਾਰ, ਹਰਵਿੰਦਰ ਸਿੰਘ, ਨਰਿੰਦਰ ਕੁਮਾਰ, ਸਾਬਕਾ ਸਰਪੰਚ ਨਿਰਮਲ ਜੱਸਲ ਤੇ ਹੋਰ ਹਾਜ਼ਰ ਸਨ।