ਨਵਾਂਸ਼ਹਿਰ, 21 ਅਕਤੂਬਰ : - ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਮਕਸਦ ਨਾਲ ਜ਼ਿਲੇ ਵਿਚ ਸਬ-ਡਵੀਜ਼ਨ ਪੱਧਰ 'ਤੇ 28 ਅਤੇ 29 ਅਕਤੂਬਰ ਨੂੰ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਨਵਾਂਸ਼ਹਿਰ ਸਬ-ਡਵੀਜ਼ਨ ਦਾ ਸੁਵਿਧਾ ਕੈਂਪ ਕਮਿਊਨਿਟੀ ਸੈਂਟਰ ਪਿੰਡ ਉਸਮਾਨਪੁਰ, ਬੰਗਾ ਸਬ-ਡਵੀਜ਼ਨ ਦਾ ਸੁਵਿਧਾ ਕੈਂਪ ਪਿੰਡ ਗੰਢਾਣੀ ਅਤੇ ਬਲਾਚੌਰ ਸਬ-ਡਵੀਜ਼ਨ ਦੇ ਕੈਂਪ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਅਤੇ ਬੀ. ਡੀ. ਪੀ. ਓ ਦਫ਼ਤਰ ਸੜੋਆ ਵਿਖੇ ਲੱਗਣਗੇ। ਉਨਾਂ ਦੱਸਿਆ ਕਿ ਇਨਾਂ ਸੁਵਿਧਾ ਕੈਂਪਾਂ ਵਿਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ ਆਦਿ), ਪੀ. ਐਮ. ਏ. ਵਾਈ ਤਹਿਤ ਘਰ ਦੀ ਸਥਿਤੀ (ਕੱਚਾ/ਪੱਕਾ), ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨਾ, ਐਲ. ਪੀ. ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ. ਸੀ/ਬੀ. ਸੀ ਕਾਰਪੋਰੇਸ਼ਨਾਂ/ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲਾਂ ਦੇ ਕੇਸ, ਮਨਰੇਗਾ ਜੌਬ ਕਾਰਡ, 2 ਕਿਲੋਵਾਟ ਤੱਕ ਦੇ ਬਿਜਲੀ ਬਕਾਏ ਦੇ ਮੁਆਫ਼ੀ ਸਰਟੀਫਿਕੇਟ ਅਤੇ ਪੈਂਡਿੰਗ ਸੀ. ਐਲ. ਯੂ ਕੇਸਾਂ ਅਤੇ ਨਕਸ਼ਿਆਂ ਆਦਿ ਸਬੰਧੀ ਲਾਭਪਾਤਰੀਆਂ ਦੇ ਫਾਰਮ ਭਰੇ ਜਾਣਗੇ। ਉਨਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।