ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ 17 ਅਕਤੂਬਰ ਤੱਕ ਕਲਮ ਛੌੜ ਹੜਤਾਲ ਅਤੇ ਰੋਸ ਵਿਖਾਵੇ

ਨਵਾਂਸ਼ਹਿਰ :  11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧੀ) ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ 8-10-2021 ਨੂੰ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਅਤੇ ਮਨਿਸਟਰੀਅਲ ਯੂਨੀਅਨ ਦੀ ਹੜਤਾਲ ਕਾਰਨ ਡੀ.ਸੀ. ਦਫ਼ਤਰਾਂ ਅਤੇ ਐਸ ਡੀ ਐਮ ਦਫਤਰਾਂ ਵਿੱਚ 17 ਅਕਤੂਬਰ, 2021 ਤੱਕ ਕਲਮ ਛੋੜ ਹੜਤਾਲ ਅਤੇ ਰੋਸ ਵਿਖਾਵੇ ਕੀਤੇ ਜਾਣਗੇ। ਆਪਣੀਆਂ ਹੱਕੀ ਮੰਗਾਂ ਲਈ ਐਸ ਡੀ ਐਮ ਦਫਤਰ ਬੰਗਾ, ਡੀ ਸੀ ਦਫਤਰ ਨਵਾਂਸ਼ਹਿਰ ਵਿਖੇ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਐਸ ਡੀ ਐਮ ਦਫਤਰ ਬੰਗਾ ਵਿਖੇ ਸ੍ਰੀ ਧੰਨਾ ਰਾਮ ਅਤੇ ਦਲਜੀਤ ਸਿੰਘ ਸਾਥੀ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਦੱਸਿਆ ਕਿ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪੱਧਰੀ ਵਫ਼ਦ ਦੀ ਮਿਤੀ 08-10-2021 ਨੂੰ ਨਾਲ ਤਰਜੀਹੀ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਸ੍ਰੀ ਹੁਸਨ ਲਾਲ, ਆਈ.ਏ.ਐਸ. ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਯੂਨੀਅਨ ਵੱਲੋਂ ਰੱਖੇ ਗਏ ਪੱਖ ਵਾ ਤਰਕ ਨੂੰ ਵਿਸਥਾਰ ਵਿੱਚ ਸੁਣਨ ਉਪਰੰਤ ਪੰਜਾਬ ਸਰਕਾਰ ਵੱਲੋਂ ਕੋਈ ਵੀ ਫੈਸਲੇ ਦਿੱਤੇ ਬਗੈਰ ਨਵੇਂ ਨਿਯੁਕਤ ਹੋਏ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਮਾਲ) ਸ਼੍ਰੀ ਵੀ.ਕੇ.ਜੰਜੂਆ, ਆਈ.ਏ.ਐਸ. ਨਾਲ ਮੀਟਿੰਗ ਦਾ ਸਮਾਂ 4:00 ਵਜੇ ਨਿਰਧਾਰਿਤ ਕਰਕੇ ਉਹਨਾਂ ਦੇ ਦਫਤਰ ਮੀਟਿੰਗ ਕਰਨ ਲਈ ਤੋਰ ਦਿੱਤਾ ਗਿਆ। ਇਸ ਤੋਂ ਬਾਅਦ ਵਿੱਤ ਕਮਿਸ਼ਨਰ (ਮਾਲ) ਪੰਜਾਬ ਨਾਲ ਤਹਿਸ਼ੁੱਦਾ ਮੀਟਿੰਗ ਵੀ ਨਹੀਂ ਹੋਈ। ਇਸ ਕਾਰਨ ਯੂਨੀਅਨ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਤੇ ਗੰਭੀਰ ਨਹੀਂ ਹੈ ਅਤੇ ਨਾ ਹੀ ਪੰਜਾਬ ਸਰਕਾਰ ਲੋਕਾਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਸਮਝ ਰਹੀ ਹੈ। ਜਿਸ ਕਰਕੇ ਸਰਕਾਰ ਆਮ ਲੋਕਾਂ ਨੂੰ ਮਿਲਣ, ਵਾਲੀਆਂ ਸੇਵਾਵਾਂ ਵਿੱਚ ਸਟਾਫ ਦੀ ਘਾਟ ਕਾਰਨ ਹੁੰਦੀ ਦੇਰੀ ਨੂੰ ਦੂਰ ਨਹੀਂ ਕਰਨਾ ਚਾਹੁੰਦੀ। ਇਸੇ ਕਾਰਨ ਸਟਾਫ ਅਤੇ ਨਾਰਮਜ਼ ਮੁਤਾਬਿਕ ਤਹਿਸ਼ੁੱਦਾ ਅਸਾਮੀਆਂ ਦੇਣ ਅਤੇ ਪੁਨਰਗਠਨ ਬਾਦ ਖ਼ਤਮ ਹੋਈਆਂ ਅਸਾਮੀਆਂ/ਸ਼ਾਖਾਵਾਂ ਨੂੰ ਬਹਾਲ ਕਰਨ ਦਾ ਫੈਸਲਾ ਵਾਪਸ ਲੈ ਰਹੀ ਹੈ। ਇਸ ਲਈ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅਣਮਿੱਥੇ ਸਮੇਂ ਦਾ ਵੱਡਾ ਸੰਘਰਸ਼ ਉਲੀਕਣ ਦੀ ਤਿਆਰੀ ਲਈ ਜਲਦ ਹੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ। ਅੱਜ ਮਨਿਸਟਰੀਅਲ ਯੂਨੀਅਨ ਦੀ ਹੜਤਾਲ ਦੀ ਕਾਲ 'ਤੇ ਡੀ.ਸੀ.ਦਫ਼ਤਰਾਂ/ਐਸ ਡੀ ਐਮ ਦਫਤਰਾਂ ਵਿੱਚ ਕਲਮ ਛੋੜ ਹੜਤਾਲ ਕਾਰਨ ਮੁਕੰਮਲ ਕੰਮ ਠੱਪ ਕੀਤਾ ਗਿਆ ਹੈ ਅਤੇ 17  ਅਕਤੂਬਰ, 2021 ਤੱਕ ਇਹ ਕਲਮ ਛੋੜ ਹੜਤਾਲ ਜਾਰੀ ਰਹੇਗੀ । ਇਸ ਹੜਤਾਲ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਸੇਵਾਵਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰੀ ਹੋਵੇਗੀ। ਐਸ ਡੀ ਐਮ ਦਫਤਰ ਬੰਗਾ ਵਿਖੇ ਕਲਮ ਛੌੜ ਹੜਤਾਲ ਅਤੇ ਰੋਸ ਵਿਖਾਵੇ ਮੌਕੇ  ਸ੍ਰੀ ਧੰਨਾ ਰਾਮ, ਸ੍ਰੀ ਦਲਜੀਤ ਸਿੰਘ, ਬੀਬੀ ਜਗਦੀਸ਼ ਕੌਰ ਰੀਡਰ, ਸ੍ਰੀ ਗੁਰਜੀਤ ਸਿੰਘ, ਸ੍ਰੀ ਵਿਸ਼ਾਲ, ਸ੍ਰੀ ਹਰਕਮਲ ਸਿੰਘ, ਸ੍ਰੀ ਕਮਲਜੀਤ ਸਿੰਘ, ਸ੍ਰੀ ਰਮੇਸ਼ ਕੁਮਾਰ ਅਤੇ ਬੀਬੀ ਕੁਲਵਿੰਦਰ ਕੌਰ ਅਤੇ ਕਰਮਚਾਰੀ ਵੀ ਹਾਜ਼ਰ ਸਨ।